ਖੁਸ਼ੀਆਂ ਦੇ ਮੁੱਖ ਪਕਵਾਨ ਲੱਡੂ ਦੀ ਸਰਦਾਰੀ ਵੀ ਖੁੱਸਣ ਲੱਗੀ

ਪੁਰਾਤਨ ਸਮਿਆਂ ‘ਚ ਹਰ ਖੁਸ਼ੀ ਦੇ ਪ੍ਰੋਗਰਾਮ ਵਿੱਚ ਮਿੱਠੇ ਪਕਵਾਨ ਵਜੋਂ ਬਣਨ ਵਾਲਾ ਲੱਡੂ ਅੱਜ-ਕੱਲ੍ਹ ਤਕਰੀਬਨ ਤਕਰੀਬਨ ਹਾਸ਼ੀਏ ‘ਤੇ ਚਲਾ ਗਿਆ ਹੈ। ਨਵੀਂ-ਨਵੀਂ ਕਿਸਮ ਦੀਆਂ ਆਈਆਂ ਬਰਫੀਆਂ ਅਤੇ ਹੋਰ ਪਕਵਾਨਾਂ ਨੇ ਲੱਡੂ ਦੀ ਸਰਦਾਰੀ ਨੂੰ ਭਾਰੀ ਖੋਰਾ ਲਾਇਆ ਹੈ। ਅੱਜ-ਕੱਲ੍ਹ ਦੇ ਬੱਚੇ ਤਾਂ ਕੀ ਵੱਡੇ ਵੀ ਲੱਡੂ ਨੂੰ ਨੱਕ ਮਾਰ ਕੇ ਖਾਣ ਲੱਗੇ ਹਨ। ਵੈਸੇ ਵੀ ਅਜੋਕੇ ਸਮੇਂ ‘ਚ ਲੋਕਾਂ ਦਾ ਸਵਾਦ ਨਮਕੀਨ ਵੱਲ ਜ਼ਿਆਦਾ ਹੋ ਗਿਆ ਹੈ। ਫਾਸਟ ਫੂਡ ਦੇ ਪ੍ਰਚਲਨ ਨੇ ਲੋਕਾਂ ਦੀਆਂ ਖਾਣ-ਪੀਣ ਦੀ ਆਦਤਾਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਪੈਲਸਾਂ ਵਿੱਚ ਸਿਰੇ ਚੜ੍ਹਨ ਵਾਲੇ ਵਿਆਹਾਂ ਵਿੱਚ ਵੀ ਲੋਕ ਬਾਜ਼ਾਰੂ ਅਤੇ ਪੱਛਮੀ ਕਿਸਮ ਦਾ ਖਾਣਾ ਜਿਆਦਾ ਪਸੰਦ ਕਰਦੇ ਹਨ। ਪੈਲਸਾਂ ਦੇ ਖਾਣਿਆਂ ਵਿੱਚੋਂ ਤਾਂ ਲੱਡੂ ਬਿਲਕੁਲ ਹੀ ਮਨਫੀ ਹੋ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ : WTC Final : ਟੀਮ ਇੰਡੀਆ ਇਤਿਹਾਸ ਰਚਣ ਤੋਂ 280 ਦੌੜਾਂ ਦੂਰ

ਕੋਈ ਸਮਾਂ ਸੀ ਜਦੋਂ ਵਿਆਹ ਦੇ ਪਕਵਾਨ ਬਣਾਉਣ ਦੀ ਸ਼ੁਰੂਆਤ ਹੀ ਲੱਡੂ ਤੋਂ ਕੀਤੀ ਜਾਂਦੀ ਸੀ। ਘਰ ਵਿੱਚ ਆਉਣ ਸਾਰ ਹਲਵਾਈ ਸਭ ਤੋਂ ਪਹਿਲਾਂ ‘ਲੱਡੂ ਕਿੰਨੇ ਬਣਾਉਣੇ ਹਨ’ ਪੁੱਛਦਾ ਹੁੰਦਾ ਸੀ। ਫਿਰ ਘਰ ਵਾਲਿਆਂ ਦੀ ਮੰਗ ਅਨੁਸਾਰ ਘਰ ਦੇ ਪਿਸਾਏ ਵੇਸਣ ਦੀਆਂ ਪਕੌੜੀਆਂ ਬਣਾਉਂਦਾ ਅਤੇ ਫਿਰ ਉਹਨਾਂ ਪਕੌੜੀਆਂ ਨੂੰ ਖੰਡ ਦੀ ਚਾਸ਼ਨੀ ਵਿੱਚ ਮਿਲਾ ਕੇ ਕੜਾਹੇ ਵਿੱਚ ਸਮੱਗਰੀ ਤਿਆਰ ਕਰ ਦਿੰਦਾ। ਤਿਆਰ ਸਮੱਗਰੀ ਤੋਂ ਲੱਡੂ ਵੱਟਣ ਦਾ ਕੰਮ ਆਮ ਤੌਰ ‘ਤੇ ਆਂਢ-ਗੁਆਂਢ ਦੀਆਂ ਔਰਤਾਂ ਕਰਦੀਆਂ ਹੁੰਦੀਆਂ ਸਨ। ਇਸ ਕੰਮ ਲਈ ਇਹਨਾਂ ਗੁਆਂਢਣਾਂ ਨੂੰ ਵਿਸ਼ੇਸ ਸੱਦਾ ਦਿੱਤਾ ਜਾਂਦਾ ਸੀ ਕਿ ਫਲਾਣਿਆਂ ਦੇ ਘਰ ਵਿਆਹ ਦੇ ਲੱਡੂ ਵੱਟਣੇ ਨੇ ਭਾਈ, ਜ਼ਰੂਰ ਆਇਓ! ਤਾਜ਼ੇ ਵੱਟੇ ਗਰਮ ਲੱਡੂ ਖਾਣ ਦਾ ਆਪਣਾ ਈ ਸੁਆਦ ਹੁੰਦਾ ਸੀ। ਵਿਆਹ ਵਾਲੇ ਘਰ ਦੁੱਧ ਪਹੁੰਚਾਉਣ ਦਾ ਰਿਵਾਜ਼ ਆਮ ਸੀ। ਵਿਆਹਾਂ ਵਿੱਚ ਲੋਕ ਅੱਜ ਵਾਂਗ ਮੁੱਲ ਦੁੱਧ ਲੈ ਕੇ ਖੋਏ ਨਹੀਂ ਸਨ ਕੱਢਦੇ।

ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ

ਵਿਆਹ ਵਾਲੇ ਘਰ ਸਾਰਾ ਪਿੰਡ ਇੰਨਾ ਜਿਆਦਾ ਦੁੱਧ ਪਹੁੰਚਾ ਦਿੰਦਾ ਸੀ ਕਿ ਵਿਆਹ ਵਿੱਚ ਖੁੱਲ੍ਹਾ ਵਰਤਣ ਤੋਂ ਬਾਅਦ ਵੀ ਦੁੱਧ ਬਚ ਜਾਂਦਾ ਸੀ। ਜਿਸ ਬਰਤਨ ਵਿੱਚ ਪਾ ਕੇ ਦੁੱਧ ਪਹੁੰਚਾਇਆ ਜਾਂਦਾ ਸੀ ਵਿਆਹ ਵਾਲੇ ਘਰੋਂ ਉਸ ਬਰਤਨ ਨੂੰ ਲੱਡੂ ਪਾ ਕੇ ਵਾਪਸ ਕੀਤਾ ਜਾਂਦਾ ਸੀ। ਅਤੇ ਘਰ ਦੇ ਬੱਚਿਆਂ ਦੀ ਅੱਖ ਇਸ ਵਾਪਸ ਆਉਣ ਵਾਲੇ ਬਰਤਨ ‘ਤੇ ਹੁੰਦੀ ਸੀ ਕਿ ਫਟਾਫਟ ਉਸ ਵਿਚਲੇ ਲੱਡੂ ਕੱਢ ਕੇ ਖਾਈਏ। ਵੈਸੇ ਮੈਂ ਉਹ ਸਮਾਂ ਵੇਖਿਆ ਨਹੀਂ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਬਰਾਤ ਦਾ ਮੁੱਖ ਖਾਣਾ ਵੀ ਲੱਡੂ ਹੀ ਹੁੰਦੇ ਸਨ। ਅੱਜ-ਕੱਲ੍ਹ ਦੇ ਲੋਕਾਂ ‘ਚ ਲੱਡੂ ਪਚਾਉਣ ਦੀ ਵੀ ਹਿੰਮਤ ਕਿੱਥੇ ਆ। ਮਾੜਾ ਜਿਹਾ ਲੱਡੂ ਖਾਧਾ ਨਹੀਂ ਨਾਲ ਦੀ ਨਾਲ ਐਸਿਡ ਬਣ ਜਾਂਦਾ ਹੈ। ਜੇਕਰ ਕਿਸੇ ਨੂੰ ਲੱਡੂ ਖਾਣ ਨੂੰ ਦਿਉ ਤਾਂ ਅਗਲਾ ਇੱਕ ਬੁਰਕੀ ਜਿੰਨਾ ਤੋੜ ਕੇ ਧੰਨਵਾਦ ਕਰ ਦਿੰਦਾ ਹੈ।

ਵਿਆਹਾਂ ਵਿੱਚ ਬਣਨ ਵਾਲੇ ਪਕੌੜੀਆਂ ਵਾਲੇ ਦੇਸੀ ਲੱਡੂਆਂ ਤੋਂ ਇਲਾਵਾ ਹੋਰ ਵੀ ਕਈ ਕਿਸਮ ਦੇ ਲੱਡੂ ਬਣਦੇ ਹਨ। ਮੋਤੀਚੂਰ ਦਾ ਲੱਡੂ ਬੜਾ ਮਸ਼ਹੂਰ ਹੈ। ਇਸ ਬਾਰੇ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ”ਵਿਆਹ ਤਾਂ ਮੋਤੀਚੂਰ ਦੇ ਲੱਡੂ ਵਰਗਾ ਹੈ ਜਿਸ ਨੇ ਖਾਧਾ ਉਹ ਵੀ ਪਛਤਾਵੇ ਜਿਸ ਨੇ ਨਾ ਖਾਧਾ ਉਹ ਵੀ ਪਛਤਾਵੇ”। ਕੇਸਰ ਦੇ ਲੱਡੂ ਅਤੇ ਰਾਜਸਥਾਨੀ ਲੱਡੂ ਵੀ ਬਹੁਤ ਮਸ਼ਹੂਰ ਹਨ। ਬੇਸ਼ੱਕ ਵਿਆਹ ਵਾਲੇ ਘਰ ਲੱਡੂ ਅੱਜ-ਕੱਲ੍ਹ ਵੀ ਬਣਾਏ ਜਾਂਦੇ ਹਨ।

ਇਹ ਵੀ ਪੜ੍ਹੋ : ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ

ਪਰ ਇਹਨਾਂ ਦੀ ਮਾਤਰਾ ਕੜਾਹਿਆਂ ਤੋਂ ਸਿਮਟ ਕੇ  ਛੋਟੀ ਕੜਾਹੀ ‘ਤੇ ਆ ਗਈ ਹੈ। ਮਾਤਰਾ ਘਟਣ ਦੇ ਨਾਲ-ਨਾਲ ਇਹਨਾਂ ਦੀ ਵਰਤੋਂ ਵੀ ਸਿਰਫ ਸ਼ਗਨਾਂ ਦੀਆਂ ਰਸਮਾਂ ਪੂਰੀਆਂ ਕਰਨ ਤੱਕ ਸਿਮਟ ਗਈ ਹੈ। ਲੱਡੂ ਦੇ ਖਾਸ ਪਕਵਾਨ ਵਜੋਂ ਮਸ਼ਹੂਰ ਰਹਿਣ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ, ਕੋਈ ਸਮਾਂ ਸੀ ਜਦੋਂ ਪੰਜਾਬੀ ਦੇ ਲੋਕਗੀਤਾਂ ਵਿਚ ਲੱਡੂ ਨੂੰ ਸ਼ਗਨਾਂ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਸੀ। ਹਾਸ਼ੀਏ ‘ਤੇ ਗਿਆ ਵਿਆਹ ਦੇ ਪਕਵਾਨਾਂ ਦਾ ਸਰਦਾਰ ਰਿਹਾ ਲੱਡੂ ਅੱਜ-ਕੱਲ੍ਹ ਸ਼ਾਇਦ ਇਹੋ ਸੋਚ ਰਿਹਾ ਹੈ ਕਿ ਤਲੇ ਅਤੇ ਪੱਛਮੀ ਖਾਣਿਆਂ ਵਿੱਚ ਮਗਨ ਲੋਕ ਕਦੀਂ ਮੁੜ ਮੇਰੀ ਸਾਰ ਵੀ ਲੈਣਗੇ ਜਾਂ ਨਹੀਂ? ਕੀ ਲੋਕ ਖੁਸ਼ੀਆਂ ਸਾਂਝੀਆਂ ਕਰਨ ਲਈ ਮੁੜ ਤੋਂ ਕਹਿਣਾ ਸ਼ੁਰੂ ਕਰਨਗੇ ”ਲਿਆ ਵੀ ਖਵਾ ਲੱਡੂ”?