Sukhpal Khaira: ਸੁਖਪਾਲ ਖਹਿਰਾ ਵਿਧਾਨ ਸਭਾ ਦੇ ਬਾਕੀ ਸੈਸ਼ਨ ਲਈ ਮੁਅੱਤਲ, ਸਦਨ ’ਚ ਕੀਤੀ ਅਪਸ਼ਬਦਾਂ ਦੀ ਵਰਤੋਂ
ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਮੁਅੱਤਲੀ ਦਾ ਮਤਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਸਿਆਲ ਰੁੱਤ ਇਜਲਾਸ ਦੌਰਾਨ ਸ਼ੁੱਕਰਵਾਰ ਨੂੰ ਸਦਨ ਵਿੱਚ ਕਾਂਗਰਸੀ ਪਾਰਟੀ ਦੇ ਵਿਧਾਇਕਾਂ ਵੱਲੋਂ ਆਪਣੇ ਇੱਕ ਮੁੱਦੇ ’ਤੇ ਪੂਰਾ ਹੰਗਾਮਾ ਕੀਤਾ ਗਿਆ। ਇਸ ਦੌਰਾਨ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਹੋ ਗਈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਫ਼ੀ ਜ਼ਿਆਦਾ ਤੱਤੇ ਹੁੰਦੇ ਹੋਏ, ਜਿੱਥੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨਾਲ ਤਿੱਖੀ ਬਹਿਸ ਕਰਦੇ ਨਜ਼ਰ ਆਏ।
ਉਨ੍ਹਾਂ ਨੇ ਹਰਪਾਲ ਚੀਮਾ ਦੇ ਨਾਲ ਨਾਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਅਪਸ਼ਬਦ ਬੋਲੇ। ਸੁਖਪਾਲ ਖਹਿਰਾ ਦੀ ਇਸ ਸ਼ਬਦਾਵਲੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਦਨ ਦੇ ਬਾਕੀ ਰਹਿੰਦੇ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ ਮੁਅੱਤਲੀ ਦਾ ਮਤਾ ਬਹੁਮਤ ਨਾਲ ਪਾਸ ਹੋਇਆ। ਇਸ ਮਤੇ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਵੱਲੋਂ ਵੀ ਆਪਣੀ ਵੋਟ ਦਿੱਤੀ ਗਈ।
ਇਹ ਕਾਰਵਾਈ 27 ਅਕਤੂਬਰ ਤੱਕ ਚੱਲਣ ਵਾਲੇ ਮੌਜ਼ੂਦਾ ਇਜਲਾਸ ਦੇ ਬਾਕੀ ਸਮੇਂ ਲਈ ਲਾਗੂ ਰਹੇਗੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਵਿਧਾਇਕਾਂ ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ਵਿੱਚ ਪਹੁੰਚੇ ਅਤੇ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸ ਦੇ ਵਿਧਾਇਕ ਆਪਣੀ ਗੱਲ ਰੱਖਣਾ ਚਾਹੁੰਦੇ ਸਨ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਰਵਾਇਤ ਅਨੁਸਾਰ ਪ੍ਰਸ਼ਨਕਾਲ ਤੋਂ ਬਾਅਦ ਸਮਾਂ ਦੇਣ ਦਾ ਵਾਅਦਾ ਕੀਤਾ, ਪਰ ਕਾਂਗਰਸੀ ਵਿਧਾਇਕ ਮੰਨਣ ਨੂੰ ਹੀ ਤਿਆਰ ਨਹੀਂ ਸਨ।
ਜਿਸ ਤੋਂ ਬਾਅਦ ਉਹ ਲਗਾਤਾਰ ਵਿਧਾਨ ਸਭਾ ਸਦਨ ਦੇ ਵੈੱਲ ਵਿੱਚ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਇਸ ਦੌਰਾਨ ਹਰਪਾਲ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਵੀ ਤਿੱਖੀ ਤਕਰਾਰ ਹੋਈ। ਖਜ਼ਾਨਾ ਮੰਤਰੀ ਨੇ ਖਹਿਰਾ ’ਤੇ ਸਦਨ ਦੀ ਮਰਿਆਦਾ ਦੀ ਉਲੰਘਣਾ ਕਰਨ, ਸਪੀਕਰ ਦੀਆਂ ਹਦਾਇਤਾਂ ਨਾ ਮੰਨਣ ਅਤੇ ਚੇਅਰ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਦੋਸ਼ ਲਾਏ। ਹਰਪਾਲ ਚੀਮਾ ਨੇ ਇਹ ਵੀ ਕਿਹਾ ਕਿ ਮਜ਼ਦੂਰਾਂ ਲਈ ‘ਬੰਧੂਆ ਮਜ਼ਦੂਰ’ ਸ਼ਬਦ ਦੀ ਵਰਤੋਂ ਉਨ੍ਹਾਂ ਦਾ ਅਪਮਾਨ ਹੈ। ਇਸ ਤੋਂ ਬਾਅਦ ਉਨ੍ਹਾਂ ਖਹਿਰਾ ਨੂੰ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ।