Bhagwant Mann: ਲਾਹੌਰ ਜਾਣ ਦਾ ਸੱਦਾ ਮਿਲਿਆ, ਪਰ ਕੇਂਦਰ ਦੀ ਮਨਜ਼ੂਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੱਕ! ਸਦਨ ’ਚ ਛਿੜੀ ਦੋਵਾਂ ਪੰਜਾਬਾਂ ਦੀ ਸਾਂਝ ਦੀ ਗੱਲ

27 ਨਵੰਬਰ ਨੂੰ ਲਾਹੌਰ ’ਚ ਹੋਣ ਵਾਲੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਲਈ ਬਾਬਾ ਨਜ਼ਮੀ ਨੇ ਭੇਜਿਆ ਸੱਦਾ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ’ਚ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨਾਲ ਸੂਬੇ ਦੇ ਮਤਭੇਦਾਂ ਬਾਰੇ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਹੌਰ ਤੋਂ ਮਿਲੇ ਇੱਕ ਸੱਦਾ ਪੱਤਰ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਦੋਵਾਂ ਪਾਸਿਆਂ ਦੀ ਸਾਂਝ ਦਾ ਮੁੱਦਾ ਚੁੱਕਿਆ। ਭਗਵੰਤ ਮਾਨ ਨੇ ਦੱਸਿਆ ਕਿ ਲਾਹੌਰ ’ਚ 27 ਨਵੰਬਰ ਤੋਂ ਹੋਣ ਵਾਲੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ, ਜਿਨ੍ਹਾਂ ’ਚ ਪੰਜਾਬੀ ਕਵੀ ਬਾਬਾ ਨਜ਼ਮੀ ਵੀ ਸ਼ਾਮਲ ਹਨ।

ਨੇ ਉਨ੍ਹਾਂ ਨੂੰ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਾਲਾਂਕਿ, ਮੁੱਖ ਮੰਤਰੀ ਨੇ ਸੱਦਾ ਸਵੀਕਾਰ ਕਰਨ ਦੀ ਥਾਂ ਆਪਣੀ ਮਜ਼ਬੂਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਉਨ੍ਹਾਂ ਨੂੰ ਫਰਾਂਸ ਵਰਗੇ ਦੇਸ਼ ’ਚ ਜਾਣ ਦੀ ਮਨਜ਼ੂਰੀ ਦੇਣ ’ਚ ਰੁਕਾਵਟ ਪਾਉਂਦੀ ਹੈ ਤਾਂ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਕਿੱਥੋਂ ਮਿਲੇਗੀ। ਮੁੱਖ ਮੰਤਰੀ ਨੇ ਸਦਨ ’ਚ ਦੱਸਿਆ ਕਿ ਲਾਹੌਰ ਤੋਂ ਆਏ ਸੱਦੇ ’ਚ ਉਨ੍ਹਾਂ ਨੂੰ ਕਾਨਫ਼ਰੰਸ ’ਚ ਸ਼ਾਮਲ ਹੋਣ ਤੇ ਮੇਜ਼ਬਾਨੀ ਸਵੀਕਾਰ ਕਰਨ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਦੇ ਇਸ ਬਿਆਨ ਨੇ ਪੰਜਾਬ ਵਿਧਾਨ ਸਭਾ ’ਚ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਾਲੇ ਪੰਜਾਬਾਂ ਦੇ ਸੱਭਿਆਚਾਰਕ ਰਿਸ਼ਤਿਆਂ ਦੀ ਗੱਲ ਛੇੜ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਸਰਹੱਦ ਨੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਵੱਖ ਕੀਤਾ ਹੈ, ਪਰ ਭਾਸ਼ਾ, ਸੱਭਿਆਚਾਰ, ਖੇਤੀਬਾੜੀ ਤੇ ਲੋਕ-ਜੀਵਨ ਦੀਆਂ ਸਾਂਝਾਂ ਅੱਜ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਦੋਵਾਂ ਪੰਜਾਬਾਂ ਦੇ ਖੇਤ, ਖੇਤੀ ਦੇ ਸੰਦ ਅਤੇ ਲੋਕਾਂ ਦੀ ਜੀਵਨ-ਜਾਚ ’ਚ ਬਹੁਤ ਸਮਾਨਤਾ ਹੈ। ਦਾਤੀਆਂ ਤੇ ਕਹੀਆਂ ਤੋਂ ਲੈ ਕੇ ਪੰਜਾਬੀ ਬੋਲੀ ਤੇ ਵਿਰਸੇ ਤੱਕ ਦੋਵਾਂ ਪਾਸਿਆਂ ਦੀ ਸਾਂਝ ਨੂੰ ਵੱਖ ਨਹੀਂ ਕੀਤਾ ਜਾ ਸਕਦਾ।

ਮਨਜ਼ੂਰੀ ਮਿਲੇ ਤਾਂ ਸਾਨੂੰ ਵੀ ਨਾਲ ਲੈ ਚੱਲਿਓ: ਸੰਧਵਾਂ

ਮੁੱਖ ਮੰਤਰੀ ਦੇ ਬਿਆਨ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਦਿਲਚਸਪ ਟਿੱਪਣੀ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਜੇ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲ ਜਾਵੇ ਤਾਂ ਸਾਰੇ ਵਿਧਾਇਕਾਂ ਨੂੰ ਵੀ ਨਾਲ ਲੈ ਕੇ ਜਾਣ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਸਪੀਕਰ ਦੀ ਅਗਵਾਈ ਹੇਠ ਵਿਰੋਧੀ ਧਿਰ ਸਮੇਤ ਸਾਰੇ ਵਿਧਾਇਕ ਇਕੱਠੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਜਾਣ। ਉਨ੍ਹਾਂ ਲਾਂਘਾ ਖੋਲ੍ਹਣ ਦੀ ਇੱਛਾ ਵੀ ਜ਼ਾਹਰ ਕੀਤੀ, ਤਾਂ ਜੋ ਸਾਰੇ ਨੁਮਾਇੰਦੇ ਇਕੱਠੇ ਧਾਰਮਿਕ ਯਾਤਰਾ ਕਰ ਸਕਣ।

27 ਤੋਂ 29 ਨਵੰਬਰ ਤੱਕ ਲਾਹੌਰ ’ਚ ਹੋਵੇਗੀ ਕਾਨਫ਼ਰੰਸ

ਲਾਹੌਰ ’ਚ ਹੋਣ ਵਾਲੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ 27 ਤੋਂ 29 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਦਾ ਪ੍ਰਬੰਧ ਪੰਜਾਬੀ ਪ੍ਰਚਾਰ ਆਰਗੇਨਾਈਜ਼ੇਸ਼ਨ ਵੱਲੋਂ ‘ਪੰਜਾਬੀ ਲਹਿਰ’ ਤੇ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ਼, ਆਰਟ ਐਂਡ ਕਲਚਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕਾਨਫ਼ਰੰਸ ’ਚ ਨੌਂ ਦੇਸ਼ਾਂ ਤੋਂ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ : Sukhpal Khaira: ਸੁਖਪਾਲ ਖਹਿਰਾ ਵਿਧਾਨ ਸਭਾ ਦੇ ਬਾਕੀ ਸੈਸ਼ਨ ਲਈ ਮੁਅੱਤਲ, ਸਦਨ ’ਚ ਕੀਤੀ ਅਪਸ਼ਬਦਾਂ ਦੀ ਵਰਤੋਂ

About The Author

Related Posts