ਭੂ-ਮਾਫੀਏ ਤੋਂ ਅੱਕੇ ਪ੍ਰਵਾਸੀ ਪੰਜਾਬੀ ਵੇਚਣ ਲੱਗੇ ਜ਼ੱਦੀ ਜ਼ਾਇਦਾਦਾਂ

Property, Owned, U-Mafia , Immigrant Punjabi

ਐਨਆਰਆਈ ਥਾਣੇ ਬਣੇ ਸਫੈਦ ਹਾਥੀ

ਗੁਰਜੀਵਨ ਸਿੱਧੂ/ਨਥਾਣਾ (ਬਠਿੰਡਾ) ਭਾਵੇਂ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਿਦੇਸ਼ੀਂ ਵੱਸਦੇ ਪੰਜਾਬੀਆਂ ਨੂੰ ਪਿੱਛੇ ਰਹਿ ਗਈਆਂ ਆਪਣੀਆਂ ਜ਼ਮੀਨਾਂ/ਜਾਇਦਾਦਾਂ ਅਤੇ ਮਹਿੰਗੀਆਂ ਕੋਠੀਆਂ ਆਦਿ ਲਈ ਬੇਫਿਕਰ ਰਹਿਣ ਦੇ ਹੋਕੇ ਦਿੱਤੇ ਜਾਂਦੇ ਨੇ ਪਰ ਹਕੀਕਤ ਇਹ ਹੈ ਕਿ ਉਨ੍ਹਾਂ ਦਾ ਇੱਧਰ ਕੁੱਝ ਵੀ ਸੁਰੱਖਿਅਤ ਨਹੀਂ ਰਹਿੰਦਾ ਕਬਜਿਆਂ ਆਦਿ ਦੇ ਮਾਮਲਿਆਂ ਤੋਂ ਅੱਕੇ ਪ੍ਰਵਾਸੀ ਆਪਣੀਆਂ ਜਾਇਦਾਦਾਂ ਵੇਚਣ ਵਿੱਚ ਹੀ ਭਲਾਈ ਸਮਝਣ ਲੱਗੇ ਹਨ। ਪਿਛਲੇ ਦੋ ਦਹਾਕਿਆਂ ਤੋਂ ਅਜਿਹੇ ਮਾੜੇ ਰੁਝਾਨ ਨੇ ਵਧੇਰੇ ਜੋਰ ਫੜਿਆ ਹੋਇਆ ਹੈ। ਪੰਜਾਬ ਦੀ ਅਜਿਹੀ ਬੇਵਿਸ਼ਵਾਸੀ ਵਾਲੀ ਸਮਾਜਿਕ ਹਾਲਾਤਾਂ ਕਾਰਨ ਐਨਆਰਆਈਜ਼ ਨੂੰ ਪੰਜਾਬ ਆ ਕੇ ਆਪਣੀਆਂ ਜਾਇਦਾਦਾਂ ਨੂੰ ਬਚਾਉਣ ਦਾ ਫਿਕਰ ਘੁਣ ਵਾਂਗ ਖਾਣ ਲੱਗਾ ਹੈ। Àਹ ਬਹੁਤ ਸਾਰੇ ਮਾਮਲਿਆਂ ਵਿੱਚ ਆਪਣੇ ਨੇੜਲਿਆਂ ਦੇ ਧੋਖੇ ਦਾ ਸ਼ਿਕਾਰ ਵੀ ਹੋ ਰਹੇ ਹਨ।

ਐਨਆਰਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬਾਹਰ ਇਹ ਪਤਾ ਲੱਗਦਾ ਹੈ ਕਿ ਕਿਸੇ ਨੇ ਉਨ੍ਹਾਂ ਦੀ ਜਾਇਦਾਦ ਉੱਪਰ ਨਜਾਇਜ ਕਬਜ਼ਾ ਕਰ ਲਿਆ ਹੈ ਤਾਂ ਉਹ ਆਪਣਾ ਕੰਮ-ਧੰਦਾ ਛੱਡ ਕੇ ਪੰਜਾਬ ਆਉਂਦੇ ਹਨ ਪਰ ਇੱਥੋਂ ਦੇ ਭ੍ਰਿਸ਼ਟ ਤੰਤਰ ਅਤੇ ਲੰਮੀ ਅਦਾਲਤੀ ਪ੍ਰਕਿਰਿਆ ਕਰਕੇ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਇੱਕ ਐਨਆਰਆਈ ਨੌਜਵਾਨ ਨੇ ਕੈਨੇਡਾ ਪੁੱਜ ਕੇ ਸ਼ਿਕਾਇਤ ਭੇਜੀ ਕਿ ਸੀਆਈਏ ਸਟਾਫ ਇੱਕ ਦੀ ਪੁਲਿਸ ਨੇ ਉਸਨੂੰ ਇੱਕ ਝੂਠੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਅਤੇ ਛੱਡਣ ਬਦਲੇ ਇੱਕ ਕਾਂਗਰਸੀ ਵਿਧਾਇਕ ਰਾਹੀਂ ਦਸ ਲੱਖ ਰੁਪਏ ਦੀ ਰਿਸ਼ਵਤ ਲਈ ਗਈ ਪਰ ਪੁਲਿਸ ਨੇ ਉੱਪਰਲੇ ਹੁਕਮਾਂ ‘ਤੇ ਕੋਈ ਕਾਰਵਾਈ ਨਾ ਕਰਕੇ ਇਸ ਨੂੰ ਠੰਢੇ ਬਸਤੇ ਵਿੱਚ ਰੱਖ ਦਿੱਤਾ ਹੈ।

ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਉੱਪਰ ਕਬਜ਼ੇ ਜਮਾਉਣ ਦੀ ਸ਼ੁਰੂਆਤ ਮੁਹਾਲੀ ਤੋਂ ਹੋਈ, ਜਿੱਥੇ ਮਹਿੰਗੀਆਂ ਕੋਠੀਆਂ, ਪਲਾਟਾਂ ਉੱਪਰ ਨਜ਼ਾਇਜ ਕਬਜ਼ੇ ਹੋਏ। ਇਸ ਪਿੱਛੋਂ ਇਹ ਮਾੜਾ ਰੁਝਾਨ ਜਲੰਧਰ, ਲੁਧਿਆਣਾ, ਮੋਗਾ ਹੁੰਦਾ ਹੋਇਆ ਹੁਣ ਮਾਲਵੇ ਦੇ ਹੋਰ ਸ਼ਹਿਰਾਂ, ਪਿੰਡਾਂ, ਕਸਬਿਆਂ ਵਿੱਚ ਪੁੱਜ ਗਿਆ ਹੈ। ਇਹੀ ਵਜ੍ਹਾ ਹੈ ਕਿ ਅਜਿਹੇ ਪੰਜਾਬੀ ਆਪਣੀਆਂ ਜਾਇਦਾਦਾਂ ਵੇਚ ਕੇ ਪੰਜਾਬ ਨਾਲੋਂ ਪੱਕੇ ਤੌਰ ‘ਤੇ ਆਪਣਾ ਨਾਤਾ ਤੋੜਨ ਲਈ ਮਜ਼ਬੂਰ ਹਨ।

ਮਕਾਨ ਦੇ ਹੇਠਲੇ ਹਿੱਸੇ ‘ਤੇ ਨਜ਼ਾਇਜ ਕਬਜ਼ਾ

ਸਵਿਟਜ਼ਰਲੈਂਡ ਵਿੱਚ ਰਹਿੰਦੇ ਬਲਦੇਵ ਸਿੰਘ ਵਾਸੀ ਬੀਬੀ ਵਾਲਾ ਚੌਂਕ ਬਠਿੰਡਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਬਾਹਰ ਰਹਿੰਦਾ ਹੈ ਅਤੇ ਪਿੱਛੋਂ ਕੁਝ ਲੋਕਾਂ ਨੇ ਪੁਲਿਸ ਦੀ ਸ਼ਹਿ ਨਾਲ ਉਸਦੇ ਮਕਾਨ ਦੇ ਹੇਠਲੇ ਹਿੱਸੇ ‘ਤੇ ਨਜ਼ਾਇਜ ਕਬਜ਼ਾ ਕਰ ਲਿਆ ਹੈ। ਇੱਥੇ ਆ ਕੇ ਉਹ ਇਨਸ਼ਾਫ ਲਈ ਦਰ-ਦਰ ਦੀਆਂ ਠ੍ਹੋਕਰਾਂ ਖਾ ਰਿਹਾ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਉਸਨੇ ਐਨਆਰਆਈ ਥਾਣੇ ਸਮੇਤ ਐਸਐਸਪੀ ਬਠਿੰਡਾ ਨੂੰ ਦਰਖਾਸਤ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਲੜੀ ਵਿੱਚ ਹੀ ਅਮਰੀਕਾ ਵਿੱਚ ਸ਼ਹੀਦ ਵਾਲੇ ਪੁਲਿਸ ਅਧਿਕਾਰੀ ਸ਼ੰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਜ਼ਮੀਨ ਉੱਪਰ ਵੀ ਨਜ਼ਾਇਜ ਕਬਜ਼ੇ ਦੀ ਘਟਨਾ ਸਾਹਮਣੇ ਆਈ ਹੈ।

ਇਸ ਤਰ੍ਹਾਂ ਹੀ ਇਟਲੀ ਦੇ ਪੱਕੇ ਵਸਨੀਕ ਗੁਰਿੰਦਰ ਸਿੰਘ ਵਾਸੀ ਭਗਤਾ ਭਾਈ ਕਾ ਦੀ ਜ਼ਮੀਨ ‘ਤੇ ਕਬਜ਼ੇ ਦੇ ਯਤਨ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਹੋਏ। ਹੁਣ ਦੋਵੇਂ ਪਿਉ-ਪੁੱਤਰ ਵੱਲੋਂ ਇੱਥੇ ਆ ਕੇ ਆਪਣੀ ਜ਼ਮੀਨ ਬਚਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਹੁਣ ਉਨ੍ਹਾਂ ਉੱਪਰ ਹੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਇਸ ਮਗਰੋਂ ਐਨਆਰਆਈ ਕਮਿਸ਼ਨ ਦੀ ਸਖਤੀ ਪਿੱਛੋਂ ਨਥਾਣਾ ਥਾਣੇ ਦੇ ਐਸਐਚਓ ਨੂੰ ਮੁਅੱਤਲ ਕੀਤਾ ਗਿਆ ਹੈ। ਗੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਿੰਡ ਕਲਿਆਣ ਸੱਦਾ ਵਿੱਚ ਸਾਢੇ ਸੋਲ੍ਹਾਂ ਏਕੜ ਜ਼ਮੀਨ ‘ਤੇ ਰਾਜਸੀ-ਪੁਲਿਸ ਗਠਜੋੜ ਦੀ ਸ਼ਹਿ ਪ੍ਰਾਪਤ ਭੂ-ਮਾਫੀਆ ਗਿਰੋਹ ਫਿਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ ਅਤੇ ਇੱਥੇ ਰਹਿੰਦਿਆਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੈ।

ਚਿੱਟੇ ਹਾਥੀ ਬਣਨ ਲੱਗੇ ਐਨਆਰਆਈ ਥਾਣੇ

ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਖੱਜਲ-ਖੁਆਰੀ ਨੂੰ ਦੂਰ ਕਰਨ ਅਤੇ ਛੇਤੀ ਇਨਸ਼ਾਫ ਦੇਣ ਦੇ ਮਨੋਰਥ ਨਾਲ ਐਨਆਰਆਈ ਪੁਲਿਸ ਥਾਣਿਆਂ ਦੀ ਵਿਵਸਥਾ ਤਾਂ ਕੀਤੀ ਸੀ ਪਰ ਇਹ ਪ੍ਰਣਾਲੀ ਵੀ ਉਸੇ ਹੀ ਭ੍ਰਿਸ਼ਟ ਪੁਲਿਸ ਤੰਤਰ ਦਾ ਇੱਕ ਅੰਗ ਹੋਣ ਕਰਕੇ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ ਸਗੋਂ ਉਹ ਥਾਣੇ ਵੀ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਨ੍ਹਾਂ ਥਾਣਿਆਂ ਵਿੱਚ ਐਨਆਰਆਈ ਆਪਣੀ ਸ਼ਿਕਾਇਤ ਈਮੇਲ ਰਾਹੀਂ ਭੇਜਦੇ ਹਨ, ਜਿਸ ਉੱਪਰ ਸਾਲਾਂਬੱਧੀ ਕੋਈ ਕਾਰਵਾਈ ਨਹੀਂ ਹੁੰਦੀ।

ਐਨਆਰਆਈ ਕਿਵੇਂ ਕਰਨਗੇ ਨਿਵੇਸ਼

ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ  ਪੰਜਾਬ  ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਇੱਥੇ ਵੱਧ ਤੋਂ ਵੱਧ ਪੂੰਜੀ ਨਿਵੇਸ਼ ਕਰਨ ਲਈ ਸੰਮੇਲਨ ਤਾਂ ਕਰਵਾਏ ਜਾ ਰਹੇ ਨੇ ਪਰ ਇੱਥੋਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਜਿਸ ਨੂੰ ਵੇਖ ਕੇ ਉਹ ਇੱਥੇ ਨਿਵੇਸ਼ ਕਰਨ ਉਨ੍ਹਾਂ ਆਖਿਆ ਕਿ ਅਜਿਹੇ ਬੇਯਕੀਨੀ ਵਾਲੇ ਮਾਹੌਲ ‘ਚ ਕੌਣ ਆਪਣੀ ਖੂਨ-ਪਸੀਨੇ ਦੀ ਕਮਾਈ ਬਰਬਾਦ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।