ਬਦਲਦੇ ਪੰਜਾਬ ਵਿੱਚ ਖੇਡਾਂ ਦਾ ਅਹਿਮ ਸਥਾਨ ਹੋਵੇਗਾ: ਭਾਰਤ ਭੂਸ਼ਣ ਆਸ਼ੂ

Sports, Changing, Punjab, Bharat Bhushan Ashu

ਨੌਜਵਾਨਾਂ ਨੂੰ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ

ਸੱਚ ਕਹੂੰ ਨਿਊਜ਼/ਲੁਧਿਆਣਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਸਰਵਪੱਖੀ ਵਿਕਾਸ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਆਏ ਦਿਨ ਸੂਬੇ ਦੇ ਬਦਲਦੇ ਹਾਂ-ਪੱਖੀ ਸਰੂਪ ਵਿੱਚ ਖੇਡਾਂ ਦਾ ਅਹਿਮ ਸਥਾਨ ਹੋਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਨਾਂ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਈ 70ਵੀਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਦੌਰਾਨ ਕੀਤਾ।

ਆਪਣੇ ਸੰਬੋਧਨ ਦੌਰਾਨ ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਈ ਉਪਰਾਲੇ ਵਿੱਢੇ ਗਏ ਹਨ, ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ ਨੂੰ ਉਨਾਂ ਦੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।  ਸ੍ਰੀ ਆਸ਼ੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਨੂੰ ‘ਸਪੋਰਟਸ ਹੱਬ’ ਵਜੋਂ ਵਿਕਸਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿੰਡ ਜੈਨਪੁਰ ਵਿਖੇ ਕੂੜਾ ਸੁੱਟਣ ਵਾਲੀ ਜਗਾਂ ‘ਤੇ 40 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਖੇਡ ਪਾਰਕ ਉਸਾਰਿਆ ਜਾ ਰਿਹਾ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਨਵੀਂ ਅਥਲੈਟਿਕ ਸਿੰਥੈਟਿਕ ਟਰੈਕ ਵਿਛਾਈ ਜਾਵੇਗੀ।

ਇੰਡੋਰ ਸਵਿਮਿੰਗ ਪੂਲ ਦਾ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਸ਼ਹਿਰ ਵਿੱਚ ਮੌਜੂਦ ਸ਼ਾਸਤਰੀ ਹਾਲ, ਬਾਸਕਿਟਬਾਲ ਸਟੇਡੀਅਮ, ਟੇਬਲ ਟੈਨਿਸ ਸਟੇਡੀਅਮ ਅਤੇ ਹੋਰ ਖੇਡ ਸਹੂਲਤਾਂ ਨੂੰ ਜਲਦ ਹੀ ਅਪਗ੍ਰੇਡ ਕੀਤਾ ਜਾਵੇਗਾ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਨਾਂ ਖੇਡ ਸਹੂਲਤਾਂ ਦਾ ਭਰਪੂਰ ਲਾਭ ਲੈਣ। ਉਨਾਂ ਦੱਸਿਆ ਕਿ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 28 ਦਸੰਬਰ, 2019 ਤੱਕ ਕਰਵਾਈ ਜਾ ਰਹੀ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ 6 ਗਰੁੱਪਾਂ ਵਿੱਚ ਵੰਡਿਆ ਜਾਵੇਗਾ।

ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਵਰਗ ਵਿੱਚ 30 ਅਤੇ ਲੜਕੀਆਂ ਦੇ ਵਰਗ ਵਿੱਚ 26 ਟੀਮਾਂ ਭਾਗ ਲੈਣਗੀਆਂ। ਚੈਂਪੀਅਨਸ਼ਿਪ ਦੌਰਾਨ ਹੋਣ ਵਾਲੇ 150 ਦੇ ਕਰੀਬ ਮੈਚਾਂ ਲਈ ਬਾਸਕਿਟਬਾਲ ਫੈੱਡਰੇਸ਼ਨ ਆਫ਼ ਇੰਡੀਆ ਵੱਲੋਂ 100 ਤਕਨੀਕੀ ਮਾਹਿਰਾਂ ਅਤੇ ਰੈਫਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ 6 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਮੈਚ ਰੋਜ਼ਾਨਾ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲਿਆ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਸ੍ਰ. ਆਰ. ਐੱਸ. ਗਿੱਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਤੇਜਾ ਸਿੰਘ ਧਾਲੀਵਾਲ, ਸ੍ਰ. ਜੇ. ਪੀ. ਸਿੰਘ ਸਾਬਕਾ ਪੀ. ਸੀ. ਐੱਸ. ਅਧਿਕਾਰੀ, ਸ੍ਰ. ਈਸ਼ਵਰਜੋਤ ਸਿੰਘ ਚੀਮਾ, ਸ੍ਰ. ਸੁਖਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਰੰਗਕਰਮੀ ਰਵਿੰਦਰ ਰੰਗੂਵਾਲ ਦੀ ਟੀਮ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।