ਸਕਾਰਾਤਮਕ ਸੋਚ ਬਦਲੇ ਜ਼ਿੰਦਗੀ

Positive ,Thinking, Life, Happiness, editorial

ਇਹ ਇਕ ਨੀਤੀ-ਕਥਾ ਇਹ ਕਥਾ ਜ਼ਿੰਦਗੀ ਦਾ ਇੱਕ ਅਹਿਮ ਸੂਤਰ ਸਮਝਾ ਰਹੀ ਹੈ ਇੱਕ ਵਾਰ ਇੱਕ ਆਦਮੀ ਅਚਾਨਕ ਸਵਰਗ ‘ਚ ਦਾਖਲ ਹੋ ਗਿਆ ਹਿੰਦੂ ਸੰਸਕ੍ਰਿਤੀ ਅਨੁਸਾਰ ਤਿੰਨ ਕਲਪਤਰੂ ਰੁੱਖ ਹੁੰਦੇ ਹਨ ਜੋ ਮਨੁੱਖ ਦੀ ਹਰ ਇੱਛਾ ਪੂਰੀ ਕਰਨ ਦੇ ਸਮਰੱਥ ਹੁੰਦੇ ਹਨ ਇਹ ਧਾਰਨਾ ਹੈ ਕਿ ਜਦੋਂ ਕੋਈ ਉਨ੍ਹਾਂ ਦੇ ਹੇਠਾਂ ਬੈਠ ਕੇ ਕਿਸੇ ਚੀਜ ਦੀ ਇੱਛਾ ਕਰਦਾ ਹੈ ਤਾਂ ਉਹ ਤੁਰੰਤ ਪੂਰੀ ਹੋ ਜਾਂਦੀ ਹੈ ਇਸ ਰੁੱਖ ਦੀ ਕਮਾਲ ਹੈ ਕਿ ਜਦੋਂ ਕੋਈ ਕੁਝ ਵੀ ਸੋਚਦਾ ਹੈ ਜਾਂ ਕਿਸੇ ਵੀ ਚੀਜ ਦੀ ਇੱਛਾ ਕਰਦਾ ਹੈ ਤਾਂ ਉਸ ਦੀ ਇੱਛਾ ਉਸ ਦੀ ਸੋਚ ਮੁਤਾਬਿਕ ਆਪਣੇ-ਆਪ ਪੂਰੀ ਹੋ ਜਾਂਦੀ ਹੈ

ਅਸਲ ਵਿਚ ਕਲਪਤਰੂ ਰੁੱਖ ਮਨ ਦਾ ਹੀ ਪ੍ਰਤੀਕ ਹੈ ਇਸ ਪ੍ਰਤੀਕ ਰਾਹੀਂ ਇਹ ਸਮਝਾਉਣ  ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨ ਆਪਣੀਆਂ ਸੋਚਾਂ ਕਾਰਨ ਸਿਰਜਣਾਤਮਕ ਹੁੰਦਾ ਹੈ ਜੋ ਕੁੱਝ ਵੀ ਅਸੀਂ ਮਨ ਵਿਚ ਸੋਚਦੇ ਹਾਂ ਉਸ ਤਰ੍ਹਾਂ ਦੇ ਅਸੀਂ ਬਣ ਜਾਂਦੇ ਹਾਂ ਮਹਾਤਮਾ ਬੁੱਧ ਨੇ ਕਿਹਾ ਸੀ, ‘ਅਸੀਂ ਜੋ ਸੋਚਦੇ ਹਾਂ ਉਹ ਬਣ ਜਾਂਦੇ ਹਾਂ’ ਸਵਾਮੀ ਵਿਵੇਕਾਨੰਦ ਨੇ ਦੱਸਿਆ ਸੀ ਕਿ ਅਸੀਂ ਜੋ ਹਾਂ ਸਾਨੂੰ ਸਾਡੀ ਸੋਚ ਨੇ ਬਣਾਇਆ ਹੈ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸੋਚਦੇ ਹੋ ਸ਼ਬਦ ਗੌਣ ਹਨ ਵਿਚਾਰ ਰਹਿੰਦੇ ਹਨ ਅਤੇ ਉਹ ਦੂਰ ਤੱਕ ਯਾਤਰਾ ਕਰਦੇ ਹਨ ਜੋ ਤੁਸੀਂ ਸੋਚਦੇ ਹੋ ਉਹੀ ਬਣ ਜਾਂਦੇ ਹੋ ਇਸੇ ਸੂਤਰ ਨੂੰ ਸਮਝਾ ਰਹੀ

ਇਹ ਕਥਾ ਅੱਗੇ ਚਲਦੀ ਹੈ ਕਿ ਉਹ ਥੱਕਿਆ ਹੋਇਆ ਆਦਮੀ ਜੋ ਅਚਾਨਕ ਸਵਰਗ ਵਿਚ ਦਾਖਲ ਹੋ ਗਿਆ ਸੀ, ਇੱਕ ਰੁੱਖ ਹੇਠ ਸੌਂ ਗਿਆ ਜਦੋਂ ਉਸਦੀ ਜਾਗ ਖੁੱਲ੍ਹੀ ਤਾਂ ਉਸ ਨੇ ਬਹੁਤ ਜਿਆਦਾ ਭੁੱਖ ਮਹਿਸੂਸ ਕੀਤੀ ਉਸ ਨੇ ਚੰਗੇ-ਚੰਗੇ ਭੋਜਨ ਖਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਤੁਰੰਤ ਉਸਦੀ ਸੋਚ ਵਾਲਾ ਭੋਜਨ ਉੱਥੇ ਪ੍ਰਗਟ ਹੋ ਗਿਆ ਉਸ ਨੇ ਰੱਜ ਕੇ ਖਾਣਾ ਖਾਧਾ ਹੁਣ ਉਸਦੀ ਇੱਛਾ ਸ਼ਰਾਬ ਪੀਣ ਦੀ ਹੋ ਗਈ ਉਹ ਹੈਰਾਨ ਹੋਇਆ ਉਸੇ ਵੇਲੇ ਉੱਥੇ ਕੀਮਤੀ ਸ਼ਰਾਬ ਪ੍ਰਗਟ ਹੋ ਗਈ ਸ਼ਰਾਬ ਪੀਦਿਆਂ ਅਤੇ ਰੁੱਖ ਦੀ ਛਾਂ ਹੇਠ ਅਰਾਮ ਕਰਦਿਆਂ ਉਸ ਦੇ ਮਨ ਵਿਚ ਹੈਰਾਨੀ ਦੇ ਭਾਵ ਪ੍ਰਗਟ ਹੋਏ ਕਿ ਇਹ ਕੀ ਵਾਪਰ ਰਿਹਾ ਹੈ? ਕੀ ਮੈਂ ਕੋਈ ਸੁਫ਼ਨਾ ਵੇਖ ਰਿਹਾ ਹਾਂ? ਜਾਂ ਕੋਈ ਭੂਤ-ਪ੍ਰੇਤ ਮੇਰੇ ਨਾਲ ਕੋਈ ਚਾਲ ਖੇਡ ਰਿਹਾ ਹੈ? ਜਦੋਂ ਉਸਨੇ ਭੂਤਾਂ ਬਾਰੇ ਸੋਚਿਆ ਤਾਂ ਉੱਥੇ ਭੂਤ ਪ੍ਰਗਟ ਹੋ ਗਏ

ਭੂਤ ਬੜੇ ਡਰਾਉਣੇ ਸਨ ਉਹ ਡਰ ਗਿਆ ਅਤੇ ਉਸਦੇ ਮਨ ਵਿਚ ਖਿਆਲ ਆਇਆ ਕਿ ਹੁਣ ਮੇਰੀ ਮੌਤ ਯਕੀਨੀ ਹੈ ਇਹ ਭੂਤ ਮੈਨੂੰ ਮਾਰ ਦੇਣਗੇ ਅਤੇ ਉਹ ਵਿਅਕਤੀ ਸੱਚ-ਮੁੱਚ ਹੀ ਮਰ ਗਿਆ ਇਹ ਕਹਾਣੀ ਜੋ ਸੂਤਰ ਤੁਹਾਨੂੰ ਸਮਝਾ ਰਹੀ ਹੈ, ਉਹ ਬੜਾ ਮਹੱਤਵਪੂਰਨ ਹੈ ਇਹ ਦੱਸ ਰਹੀ ਹੈ ਕਿ ਸਾਡਾ ਮਨ ਹੀ ਉਹ ਕਲਪਤਰੂ ਰੁੱਖ ਹੈ ਜੋ ਸਾਡੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਅਸੀਂ ਜੋ ਵੀ ਕੁੱਝ ਸੋਚਦੇ ਹਾਂ

ਉਹ ਦੇਰ-ਸਵੇਰ ਪੂਰਾ ਹੋਣਾ ਲਾਜ਼ਮੀ ਹੁੰਦਾ ਹੈ ਯਾਦ ਰੱਖੋ, ਖਿੱਚ ਦਾ ਸਿਧਾਂਤ ਵੀ ਇਹੀ ਕਹਿੰਦਾ ਹੈ ਕਿ ਜੋ ਅਸੀਂ ਸੋਚਦੇ ਹਾਂ ਉਹੀ ਜ਼ਿੰਦਗੀ ਵਿਚ ਵਾਪਰਦਾ ਹੁੰੰਦਾ ਹੈ ‘ਦ ਪਾਵਰ ਆਫ ਹੈਪੀ ਥਾੱਟਸ’ ਦਾ ਲੇਖਕ ਸਰਲੀ ਦੱਸਦਾ ਹੈ ਕਿ ਇਨਸਾਨ ਪਹਿਲੋਂ ਵਿਚਾਰ ਕਰਦਾ ਹੈ, ਫਿਰ ਉਹ ਚੀਜ਼ ਹਕੀਕਤ ਵਿਚ ਬਦਲਦੀ ਹੈ

ਵਿਚਾਰਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਜੇ ਕੋਈ ਇਨਸਾਨ ਇੱਕ ਵਿਚਾਰ ਇੱਕ ਮਿੰਟ ਤੱਕ ਮਨ ਵਿਚ ਫੜਕੇ ਰੱਖਣ ਦਾ ਅਭਿਆਸ ਕਰੇ ਤਾਂ ਉਸਦੇ ਜੀਵਨ ਵਿਚ ਚਮਤਕਾਰ ਵਾਪਰÎਣ ਲੱਗ ਸਕਦੇ ਹਨ ਵਿਚਾਰ ਹਕੀਕਤ ਵਿਚ ਬਦਲਣ ਦੀ ਸਮਰੱਥਾ ਰੱਖਦੇ ਹੁੰਦੇ ਹਨ, ਉੱਥੇ ਇਹ ਸਮਝਣਾ ਵੀ ਉਚਿਤ ਹੋਵੇਗਾ ਕਿ ਕਈ ਵਾਰ ਤੁਹਾਡੇ ਨਾਲ ਕੁਝ ਸੋਚਣ ਅਤੇ ਉਹ ਇੱਛਾ ਪੂਰੀ ਹੋਣ ਵਿੱਚ ਸਮੇਂ ਦਾ ਵਕਫ਼ਾ ਇੰਨਾ ਹੋ ਜਾਂਦਾ ਹੈ ਕਿ ਤੁਸੀਂ ਇਹ ਵੀ ਭੁੱਲ ਚੁੱਕੇ ਹੁੰਦੇ ਹੋ ਕਿ ਤੁਸੀਂ ਪਹਿਲਾਂ ਕਦੇ ਅਜਿਹੀ ਕੋਈ ਇੱਛਾ ਕੀਤੀ ਸੀ ਕਈ ਵਾਰ ਇਹ ਵਕਫਾ ਸਾਲਾਂ ਦਾ ਹੁੰਦਾ ਹੈ ਤੇ ਕਈ ਵਾਰ ਇਹ ਜਨਮਾਂ ਦਾ ਵੀ ਹੋ ਸਕਦਾ ਹੈ

ਇਸ ਕਾਰਨ ਬਹੁਤੀ ਵਾਰ ਅਸੀਂ ਵਾਪਰ ਰਹੀਆਂ ਘਟਨਾਵਾਂ ਦੀ ਲੜੀ ਨੂੰ ਨਹੀਂ ਸਮਝ ਸਕਦੇ ਪਰ ਜੇ ਤੁਸੀਂ ਦੇਖੋਗੇ ਕਿ ਇਹ ਤੁਹਾਡੀਆਂ ਸੋਚਾਂ ਹੀ ਹਨ ਜਿਹੜੀਆਂ ਤੁਹਾਨੂੰ ਅਤੇ ਤੁਹਾਡੇ ਜੀਵਨ ਨੂੰ ਸਿਰਜ ਰਹੀਆਂ ਹਨ ਇਹੀ ਸੋਚਾਂ ਤੁਹਾਡਾ ਨਰਕ ਅਤੇ ਸਵਰਗ ਸਿਰਜ ਰਹੀਆਂ ਹਨ

ਇਹੀ ਸੋਚਾਂ ਤੁਹਾਡੇ ਦੁੱਖ-ਦਰਦ ਦਾ ਕਾਰਨ ਬਣਦੀਆਂ ਹਨ ਅਤੇ ਉਹੀ ਤੁਹਾਡੇ ਲਈ ਖੁਸ਼ੀਆਂ ਲਿਆਉਂਦੀਆਂ ਹਨ ਇਹੀ ਸੋਚਾਂ ਕਾਰਨ ਤੁਹਾਡੀ ਜ਼ਿਦੰਗੀ ਵਿਚ ਕੁੱਝ ਗਲਤ ਵਾਪਰਦਾ ਹੈ ਤੇ ਇਹੀ ਸੋਚਾਂ ਕਾਰਨ ਚੰਗਾ ਵਾਪਰਦਾ ਹੈ ਇਸ ਕਾਰਨ ਹਮੇਸ਼ਾ ਸਕਾਰਾਤਮਕ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ ਨਕਾਰਾਤਮਕ ਸੋਚ ਨਾਂਹ-ਪੱਖੀ ਗੱਲਾਂ ਨੂੰ ਸੱਦਾ ਦਿੰਦੀ ਹੈ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਦੀ ਜ਼ਿੰਦਗੀ ਸਾਡੀ ਬਣ ਜਾਂਦੀ ਹੈ ਸਾਡੀ ਸੋਚ ਸਾਨੂੰ ਚਲਾ ਰਹੀ ਹੈ ਨਕਾਰਾਤਮਕ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਸਕਾਰਾਤਮਕ ਸੋਚ ਬਣਾਉਣ ਨਾਲ ਸਾਡਾ ਪੂਰਾ ਸੰਸਾਰ ਹੀ ਬਦਲ ਜਾਵੇਗਾ ਜ਼ਰਾ ਦ੍ਰਿਸ਼ਟੀ ਬਦਲਕੇ ਤਾਂ ਵੇਖੋ

ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 
ਮੋ- 98723-14380