ਮਨੁੱਖੀ ਨਜ਼ਰੀਏ ‘ਚ ਸਮਤੋਲ ਜ਼ਰੂਰੀ

Important, Equal, Gains, Human, Standpoint,Editorial

ਪਾਣੀ ਦਾ ਅੱਧਾ ਭਰਿਆ ਜਾਂ ਅੱਧਾ ਖਾਲੀ ਗਿਲਾਸ ਮਨੁੱਖੀ ਸੋਚ ਦੀ ਹਾਂ-ਪੱਖੀ ਜਾਂ ਨਾਂਹ-ਪੱਖੀ ਪਹੁੰਚ ਨਾਲ ਸਿੱਧੇ ਰੂਪ ਵਿਚ ਜੁੜਿਆ ਹੋਇਆ ਹੈ ਇਹ ਪਹੁੰਚ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਦਾ ਇੱਕ ਅਹਿਮ ਹਿੱਸਾ ਹੁੰਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਵਿਚ ਨਾਕਾਰਾਤਮਕ ਵਿਚਾਰਧਾਰਾ ਦਾ ਧਾਰਨੀ ਹੋਵੇਗਾ ਤਾਂ ਉਸ ਦੀ ਜ਼ਿੰਦਗੀ ਦੇ ਪ੍ਰਤੀ ਪਹੁੰਚ ਵੀ ਨੈਗੇਟਿਵ ਹੀ ਹੋਵੇਗੀ ਅਤੇ ਉਹ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਤੋਂ ਕੋਈ ਅਗਾਂਹਵਧੂ ਪ੍ਰੇਰਨਾ ਨਹੀਂ ਲੈ ਸਕੇਗਾ ਅਜਿਹੇ ਮਨੁੱਖ ਦੀ ਸੰਤੁਸ਼ਟੀ ਦਾ ਪੱਧਰ ਬਹੁਤ ਹੀ ਨੀਵਾਂ ਹੁੰਦਾ ਹੈ ਅਤੇ ਇਸ ਨੀਵਾਣ ਦੇ ਕਾਰਨ ਉਹ ਭਟਕਣ ਦਾ ਸ਼ਿਕਾਰ ਹੋਇਆ ਰਹਿੰਦਾ ਹੈ ਇਹ ਭਟਕਣ ਜਿੱਥੇ ਉਸ ਦੇ ਜੀਵਨ ਵਿਚ ਅਸਥਿਰਤਾ ਪੈਦਾ ਕਰਦੀ ਹੈ, ਉੱਥੇ ਉਸ ਨੂੰ ਨਿਰਾਸ਼ਾ ਦੀਆਂ ਡੂੰਘੀਆਂ ਖਾਈਆਂ ਵਿਚ ਵੀ ਧੱਕਦੀ ਹੈ ਅਜਿਹੀ ਸੂਰਤ-ਏ-ਹਾਲ ਉਸ ਮਨੁੱਖ ਨੂੰ ਉਸ ਦੇ ਜੀਵਨ-ਮਨੋਰਥ ਦੀ ਪ੍ਰਾਪਤੀ ਤੋਂ ਵਾਂਝਿਆਂ ਕਰੀ ਰੱਖਦੀ ਹੈ ਪਾਣੀ ਦਾ ਅੱਧਾ ਭਰਿਆ ਹੋਇਆ ਗਿਲਾਸ ਅਜਿਹੇ ਬਸ਼ਰ ਲਈ ਕੋਈ ਬਹੁਤਾ ਪ੍ਰਰੇਨਾਦਾਇਕ ਸਾਬਤ ਨਹੀਂ ਹੁੰਦਾ ਉਸ ਦੀ ਸੁਰ ਹਮੇਸ਼ਾ ਹੀ ਨਿਰਾਸ਼ਾਵਾਦੀ ਹੁੰਦੀ ਹੈ ਗਿਲਾਸ ਦੇ ਸੱਖਣੇਪਨ ਨੂੰ ਦੇਖ ਕੇ ਅਜਿਹਾ ਜੀਊੜਾ ਸਦਾ ਹੀ ਝੂਰਦਾ ਅਤੇ ਘੂਰਦਾ ਰਹਿੰਦਾ ਹੈ

ਦੂਸਰੇ ਪਾਸੇ ਸਮਾਜ ਵਿਚ ਕਈ ਅਜਿਹੇ ਵਿਅਕਤੀ ਵੀ ਮਿਲ ਜਾਂਦੇ ਹਨ ਜਿਹੜੇ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਨੂੰ ਆਸ਼ਾਵਾਦੀ ਜ਼ਾਵੀਏ ਤੋਂ ਤੱਕਦੇ ਹਨ ਅਤੇ ਹਮੇਸ਼ਾ ਆਪਣੀ ਚੜ੍ਹਦੀ ਕਲਾ ਦਾ ਸਬੂਤ ਦਿੰਦੇ ਹਨ ਇਸ ਵਰਗ ਦੇ ਵਿਅਕਤੀ ਅੱਧੇ ਭਰੇ ਹੋਏ  ਗਿਲਾਸ ਤੋਂ ਉਤਸ਼ਾਹਿਤ ਹੋ ਕੇ ਗਿਲਾਸ ਦੇ ਊਣੇਪਨ ਨੂੰ ਭਰਪੂਰ ਕਰਨ ਹਿੱਤ ਯਤਨਸ਼ੀਲ ਬਣੇ ਰਹਿੰਦੇ ਹਨ ਆਪਣੀ ਯਤਨਸ਼ੀਲਤਾ ਅਤੇ ਵਿਸ਼ੇਸ਼ ਲਗਨ ਸਦਕਾ ਇਹ ਨੇਕਬਖ਼ਤ ਆਪਣੀ ਹਯਾਤੀ ਦੇ ਵਾਧੇ-ਘਾਟੇ ਵਿਚ ਸਮਤੋਲ ਬਣਾਈ ਰੱਖਦੇ ਹਨ ਇਸ ਸਮਤੋਲ ਕਾਰਨ ਹੀ ਉਹ ਆਪਣੇ ਜੀਵਨ ਵਿਚ ਆਉਣ ਵਾਲੇ ਉਤਰਾਵਾਂ-ਚੜ੍ਹਾਵਾਂ ਪ੍ਰਤੀ ਬਹੁਤੇ ਉਦਾਸ ਜਾਂ ਹੁਲਾਸ ਨਹੀਂ ਹੁੰਦੇ ਆਪਣੇ ਸਮਰਸਤਾ ਵਾਲੇ ਨਜ਼ਰੀਏ ਕਾਰਨ ਇਹ ਪੁਰਖ ਮਹਾਨ ਹੋ ਨਿੱਬੜਦੇ ਹਨ ਕਿਉਂਕਿ ਇਨ੍ਹਾਂ ਦਾ ਸੁਭਾਅ ਸਦਾ ਸ਼ੁਕਰਗੁਜ਼ਾਰੀ ਵਾਲਾ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਸੁਭਾਅ ਵਾਲਾ ਮਨੁੱਖ ਕਦੇ ਵੀ ਰੱਬ ਦੇ ਵਰਤਾਰਿਆਂ ਉੱਪਰ ਕਿੰਤੂ-ਪਰੰਤੂ ਨਹੀਂ ਕਰਦਾ, ਸਗੋਂ ਉਸ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਆਪਣੇ ਲੋਕ-ਪ੍ਰਲੋਕ ਨੂੰ ਸੁਹੇਲਾ ਬਣਾਉਣ ਲਈ ਤੱਤਪਰ ਰਹਿੰਦਾ ਹੈ

ਪਾਣੀ ਦਾ ਅੱਧਾ ਭਰਿਆ ਹੋਇਆ ਗਿਲਾਸ ਕਿਸੇ ਵਿਅਕਤੀ ਦੇ ਸੰਤੋਖੀ ਸੁਭਾਅ ਦੀ ਵੀ ਬਾਤ ਪਾਉਂਦਾ ਹੈ ਇਹ ਬਾਤ ਮਨੁੱਖ ਨੂੰ ਥੋੜ੍ਹੇ ਨੂੰ ਬਹੁਤਾ ਕਰਕੇ ਜਾਣਨ ਦੀ ਜੀਵਨ-ਜਾਚ ਸਿਖਾਉਂਦੀ ਹੈ ਇਸ ਤਰ੍ਹਾਂ ਦੀ ਜੀਵਨ-ਜਾਚ ਦੀ ਹੀ ਪ੍ਰਤੀਨਿਧਤਾ ਕਰਦੇ ਰਹੇ ਹਨ ਸਾਡੇ ਗੁਰੂ-ਪੀਰ, ਪੈਗੰਬਰ, ਜਿਸ ਕਰਕੇ ਭਾਰਤ ਨੂੰ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ

ਸੋ ਅੰਤ ਵਿਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ਤੋਂ ਸਾਨੂੰ ਸਦਾ ਹੀ ਧਨਾਤਮਕ ਪ੍ਰੇਰਣਾ ਮਿਲਦੀ ਰਹੇਗੀ ਪਰ ਜੇਕਰ ਸਾਡੀ ਮਾਨਸਿਕ ਅਵਸਥਾ ਇਸ ਦੇ ਹਾਣ ਦੀ ਬਣੀ ਰਹੇਗੀ ਤਾਂ ਇਸ ਦੇ ਉਲਟ ਜੇਕਰ ਸਾਡੀ ਮਨੋਸਥਿਤੀ ਰਿਣਾਤਮਕ ਬਣੀ ਰਹੇਗੀ ਤਾਂ ਸਾਡੀ ਲੋਇਣ ਵੀ ਵਧੇਰਾ ਸਮਾਂ ਪਾਣੀ ਦੇ ਗਿਲਾਸ ਦੇ ਖਾਲੀਪਣ ਉੱਪਰ ਹੀ ਠਹਿਰੀ ਰਹੇਗੀ ਜਿੰਦਗੀ ‘ਚ ਨਕਾਰਾਤਮਕ ਰਵੱਈਆ ਸਾਨੂੰ ਉਦਾਸੀ ਦੇ ਆਲਮ ‘ਚ ਧੱਕੇਗਾ ਦਿਮਾਗ ਬਿਨਾ ਕਿਸੇ ਕਾਰਨ ਦੇ ਡਰ ਦਾ ਸ਼ਿਕਾਰ ਹੋਇਆ ਰਹੇਗਾ ਇਸ ਦੇ ਉਲਟ ਸਕਾਰਾਤਮਕ ਰਵੱਈਆ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਦਾ ਹੈ ਡਰ-ਭੈਅ ਚਿੰਤਾ ਜਿੰਦਗੀ ਦੇ ਨੇੜੇ ਨਹੀਂ ਫੜਕਦੇ ਬਸ ਸਿਰਫ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਹੈ ਇਸ ਲਈ ਸਾਨੂੰ ਹਮੇਸ਼ਾ ਹੀ ਆਸ਼ਾਵਾਦੀ ਉਰਫ਼ ਚੜ੍ਹਦੀ ਕਲਾ ਵਾਲਾ ਨਜ਼ਰੀਆ ਰੱਖਣਾ ਚਾਹੀਦਾ ਹੈ

ਰਮੇਸ਼ ਬੱਗਾ ਚੋਹਲਾ, ਹੈਬੋਵਾਲ ਖੁਰਦ (ਲੁਧਿਆਣਾ), ਮੋ. 94631-32719