ਝੋਨੇ ਦੇ ਭਾਅ ‘ਚ ਵਾਧਾ : ਫਸਲੀ ਵਿਭਿੰਨਤਾ ਖੂਹ ਖਾਤੇ ਪੈਣ ਦੇ ਆਸਾਰ

Increase, Price, Drought, Paddy, Fields

ਕਿਸਾਨ ਧਿਰਾਂ ਵੱਲੋਂ ਵਾਧਾ ਨਿਗੂਣਾ ਕਰਾਰ ਦੇ ਕੇ ਰੱਦ | PADDY PRICE

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ ਵੱਲੋਂ ਇਸ ਸੀਜ਼ਨ ਲਈ ਝੋਨੇ ਦੇ ਭਾਅ ‘ਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨਾ ਭਾਵੇਂ ਕਿਸਾਨਾਂ ਲਈ ਰਾਹਤ ਦੀ ਗੱਲ ਹੈ ਪਰ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਤਕੜਾ ਝਟਕਾ ਲੱਗਣ ਦੇ ਆਸਾਰ ਹਨ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਲੱਖਾਂ ਯਤਨਾਂ ਦੇ ਬਾਵਜੂਦ ਖੇਤੀ ਖੇਤਰ ਵਿਚ ਅਜੇ ਵੀ ਕਣਕ ਝੋਨੇ ਦਾ ਫਸਲੀ ਚੱਕਰ ਬੜੀ ਮਜਬੂਤੀ ਨਾਲ ਉੱਭਰ ਕੇ ਸਾਹਮਣੇ ਆਇਆ ਹੈ।ਜਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਬਣੀਆਂ ਸਰਕਾਰਾਂ ਫਸਲੀ ਵਿਭਿੰਨਤਾ ਦੇ ਚੱਕਰ ‘ਚ ਫਸੀਆਂ ਹੋਈਆਂ ਹਨ ਜੋਰ ਦਿੱਤਾ ਜਾ ਰਿਹਾ ਹੈ ਕਿ ਕਣਕ ਅਤੇ ਝੋਨੇ ਦੀ ਬਿਜਾਂਦ ਕਰਨ ਦੇ ਰੁਝਾਨ ਨੂੰ ਘਟਾਕੇ ਬਾਗਬਾਨੀ ਅਤੇ ਹੋਰ ਫਸਲਾਂ ਨੂੰ ਅਹਿਮੀਅਤ ਦਿੱਤੀ ਜਾਵੇ। (Paddy Prices)

ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਡਾ.ਐਸ.ਐਸ.ਜੌਹਲ ਦੀ ਅਗਵਾਈ ਹੇਠ ਇਸ ਸਬੰਧ ‘ਚ ਕਮੇਟੀ ਵੀ ਕਾਇਮ ਕੀਤੀ ਗਈ ਸੀ ਕਮੇਟੀ ਨੇ ਆਪਣੀ ਰਿਪੋਰਟ ‘ਚ ਕਣਕ ਅਤੇ ਝੋਨੇ ਦੀ ਕਾਸ਼ਤ ਹੇਠੋਂ 10 ਲੱਖ ਹੈਕਟੇਅਰ ਰਕਬਾ ਘਟਾ ਕੇ ਫਸਲੀ ਵਿਭਿੰਨਤਾ ਹੇਠ ਲਿਆਉਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਸਾਲ 1997 ‘ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਸੀ ਤਾਂ ਵੀ ਕਣਕ ਅਤੇ ਝੋਨੇ ਹੇਠੋਂ ਰਕਬਾ ਕੱਢਕੇ ਚੰਗਾ ਭਾਅ ਵਾਲੀਆਂ ਫਸਲਾਂ ਹੇਠ ਰਕਬਾ ਲਿਆਉਣ ਦੀ ਸਕੀਮ ਤਿਆਰ ਕੀਤੀ ਗਈ ਸੀ ਖੇਤੀ ਮਾਹਿਰਾਂ ਦਾ ਤਾਜੇ ਵਰਤਾਰੇ ਸਬੰਧੀ ਕਹਿਣਾ ਹੈ। ਕਿ ਕੇਂਦਰ ਵੱਲੋਂ ਝੋਨੇ ਦੀ ਫਸਲ ਨਹੀ ਕੀਮਤ ਵਿਚ  ਕਈ ਸਾਲਾਂ ਬਾਅਦ ਹੁਲਾਰਾ ਦੇਣ ਨਾਲ ਲਾਜਮੀ ਤੌਰ ਤੇ ਕਿਸਾਨਾਂ ਦਾ ਧਿਆਨ ਮੁੜ ਝੋਨੇ ਦੀ ਫਸਲ ਤੇ ਕੇਂਦਰਿਤ ਹੋ ਜਾਏਗਾ ਅਤੇ ਨਿੱਕੀਆਂ ਮੋਟੀਆਂ ਫਸਲਾਂ ਖਤਮ ਹੋ ਜਾਣਗੀਆਂ ਇੰਨ੍ਹਾਂ ਮਾਹਿਰਾਂ ਦੀ ਦਲੀਲ ਹੈ ਕਿ ਅਜੇ ਵੀ ਸਬਜੀਆਂ ਅਤੇ ਬਾਗਬਾਨੀ ਦੀ ਫਸਲ ਕਣਕ ਅਤੇ ਝੋਨੇ ਦੇ ਮੁਕਾਬਲੇ ਚੰਗੀ ਹੈ। (Paddy Prices)

ਫਸਲੀ ਵਿਭਿੰਨਤਾਨੂੰ ਝਟਕਾ : ਡਾਇਰੈਕਟਰ | PADDY PRICE

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਨਿਰਸੰਦੇਹ ਝੋਨੇ ਦੇ ਭਾਅ ‘ਚ ਵਾਧਾ ਫਸਲੀ ਵਿਭਿੰਨਤਾ ਨੂੰ ਵੱਡਾ ਝਟਕਾ ਹੈ ਉਨ੍ਹਾਂ ਆਖਿਆ ਕਿ ਬਦਲਵੀਆਂ ਫਸਲਾਂ ਦੇ ਭਾਅ ਦੀ ਗਰੰਟੀ ਨਹੀਂ ਹੈ ਅਤੇ ਝੋਨਾ ਅਸਾਨੀ ਨਾਲ ਵਿਕ ਜਾਂਦਾ ਹੈ ਜਿਸ ਕਰਕੇ ਕਿਸਾਨ ਫਿਲਹਾਲ ਹੋਰਨਾਂ ਜਿਨਸਾਂ ਨੂੰ ਤਰਜੀਹ ਨਹੀਂ ਦਿੰਦੇ ਹਨ। (Paddy Prices)

ਵੋਟਾਂ ਖਾਤਰ ਪਾਇਆ ਚੋਗਾ : ਕੋਕਰੀ ਕਲਾਂ | PADDY PRICE

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਫਸਲੀ ਵਿਭਿੰਨਤਾ ਵੀ ਤਾਂ ਹੀ ਸਫਲ ਹੋ ਸਕਦੀ ਹੈ ਜਦੋਂ ਕਿਸਾਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਤਾਜਾ ਵਾਧੇ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਤੇ ਇਹ ਖੇਤੀ ਲਾਗਤ ਵੀ ਪੂਰੀ ਨਹੀਂ ਕਰਦਾ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਜਿਸ਼ ਤਹਿਤ ਵੋਟਾਂ ਦਾ ਝਾੜ ਪਾਉਣ ਵਾਸਤੇ ਇਹ ਚੋਗਾ ਪਾਇਆ ਹੈ ਤਾਂ ਜੋ ਬਹੁਕੌਮੀ ਕੰਪਨੀਆਂ ਪੱਖੀ ਅਤੇ ਖੇਤੀ ਵਿਰੋਧੀ ਨੀਤਆਂ ਲਾਗੂ ਕੀਤੀਆਂ ਜਾ ਸਕਣ ਕਿਸਾਨ ਆਗੂ ਨੇ ਭਾਅ ‘ਚ ਵਾਧੇ  ਨੂੰ ਮੁੱਢੋਂ ਰੱਦ ਕਰਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਮੁਨਾਫਾ ਬਖਸ਼ ਭਾਅ ਦੇਣ ਦੀ ਮੰਗ ਕੀਤੀ ਹੈ। (Paddy Prices)

ਝੋਨੇ ਦੇ ਭਾਅ ‘ਚ ਵਾਧਾ ਨਿਗੂਣਾ : ਬੁਰਜ ਗਿੱਲ | PADDY PRICE

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਪ੍ਰਤੀਕਰਮ ਹੈ ਕਿ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ‘ਤੇ ਉਹ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨਗੇ। ਜਿਸ ਤੋਂ ਹੁਣ ਕੇਂਦਰ ਸਰਕਾਰ ਭੱਜ ਗਈ ਹੈ ਉਨ੍ਹਾਂ ਕਿਹਾ ਕਿ ਕਮਿਸ਼ਨ ਮੁਤਾਬਕ 2450 ਰੁਪਏ ਭਾਅ ਦੇ ਮੁਕਾਬਲੇ 200 ਰੁਪਿਆ ਵਧਾਇਆ ਹੈ ਜੋਕਿ ਪੂਰੀ ਤਰਾਂ ਨਿਗੂਣਾ ਹੈ ਉਨ੍ਹਾਂ ਆਖਿਆ ਕਿ 14 ਜੁਲਾਈ ਨੂੰ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਜਿਸ ‘ਚ ਕੋਈ ਵੱਡਾ ਪ੍ਰੋਗਰਾਮ ਦਿੱਤਾ ਜਾਏਗਾ। (Paddy Prices)