ਬੀਬੀ ਜਾਗੀਰ ਕੌਰ ਨੇ ਖਹਿਰਾ ਖਿਲਾਫ਼ ਚੁੱਕਿਆ ਝੰਡਾ

Complaint, National Women Commission, Sukhpal Singh Khaira, Bibi Jangir Kaur

ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕਰਾਂਗੀ ਸ਼ਿਕਾਇਤ : ਬੀਬੀ ਜੰਗੀਰ ਕੌਰ
ਬਰਨਾਲਾ ਵਿਖੇ ਕੁੱਟਮਾਰ ਦੀ ਸ਼ਿਕਾਰ ਪੀੜਤ ਮਹਿਲਾ ਦਾ ਪੁੱਛਿਆ ਹਾਲ

ਜੀਵਨ ਰਾਮਗੜ੍ਹ/ਜਸਵੀਰ ਸਿੰਘ
ਬਰਨਾਲਾ, 19 ਦਸੰਬਰ

ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੀੜਤ ਔਰਤ ਜਸਵਿੰਦਰ ਕੌਰ ਸ਼ੇਰਗਿੱਲ ਖਿਲਾਫ਼ ਕੀਤੀ ਗਈ ਵਿਵਾਦਿਤ ਟਿੱਪਣੀ ਅਤਿ ਨਿੰਦਣਯੋਗ ਕਾਰਵਾਈ ਹੈ, ਜਿਸ ਦੇ ਖਿਲਾਫ਼ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਸਿਵਲ ਹਸਪਤਾਲ ਵਿਖੇ ਪੀੜਤ ਮਹਿਲਾ ਦਾ ਹਾਲ-ਚਾਲ ਪੁੱਛਣ ਸਮੇਂ ਕਹੀ।

ਪੀੜਤ ਬੀਬੀ ਸ਼ੇਰਗਿੱਲ ਨੇ ਭੁੱਬੀ ਰੋਂਦਿਆਂ ਆਪਣੇ ਨਾਲ ਹੋਏ ਅਣਮਨੁੱਖੀ ਕਾਰੇ ਦੀ ਵਿਸਥਾਰ ਸਾਹਿਤ ਜਾਣਕਾਰੀ ਬੀਬੀ ਜੰਗੀਰ ਕੌਰ ਨੂੰ ਦਿੱਤੀ ਤੇ ਪੂਰੀ ਘਟਨਾਂ ਦੀ ਵੀਡੀਓ ਵਾਇਰਲ ਕਰਨ ਵਾਲੀ ਔਰਤ ‘ਤੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਖਹਿਰਾ ਖਿਲਾਫ਼ ਕੀਤੀ ਜਾਣ ਵਾਲੀ ਸ਼ਿਕਾਇਤ ਸਬੰਧੀ ਕਾਨੂੰਨੀ ਕਾਰਵਾਈ ਹਿੱਤ ਉਹ ਫਾਇਲ ਤਿਆਰ ਕਰ ਰਹੇ ਹਨ ਜਿਸ ‘ਤੇ ਅੱਜ ਸਬੰਧਿਤ ਪੀੜਤ ਮਹਿਲਾ ਦੇ ਦਸਤਖ਼ਤ ਵਗੈਰਾ ਵੀ ਕਰਵਾ ਲਏ ਹਨ। ਬੀਬੀ ਜੰਗੀਰ ਕੌਰ ਨੇ ਪੀੜਤ ਔਰਤ ਨਾਲ ਵਾਪਰੇ ਘਟਨਾਕ੍ਰਮ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਜਿੱਥੇ ਇਸ ਘਟਨਾਂ ਨੂੰ ਸ਼ੈਤਾਨਾਂ ਤੇ ਹੈਵਾਨਾਂ ਵੱਲੋਂ ਕੀਤਾ ਗਿਆ ਕਾਰਾ ਦੱਸਿਆ ਉੱਥੇ ਮਰਦ ਸਮਾਜ ਨੂੰ ਵੀ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਸਮਾਜ ਨੂੰ ਔਰਤਾਂ ਪ੍ਰਤੀ ਕਾਨੂੰਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਔਰਤਾਂ ‘ਤੇ ਵੱਖ-ਵੱਖ ਤਰ੍ਹਾਂ ਨਾਲ ਕੀਤੇ ਗਏ ਜੁਲਮਾਂ ਦੀਆਂ ਘਟਨਾਵਾਂ ਨਿੱਤਦਿਨ ਸੁਣੀਆਂ ਜਾਂਦੀਆਂ ਹਨ।

ਉਨ੍ਹਾਂ ਘਟਨਾ ਸਬੰਧੀ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਭਾਵੇਂ ਕੇਸ ਦੇ ਸ਼ੁਰੂਆਤੀ ਦੌਰ ‘ਚ ਪੁਲਿਸ ਵੱਲੋਂ ਬਹੁਤ ਹੀ ਨਰਮ ਧਾਰਾਵਾਂ ਲਾਈਆਂ ਗਈਆਂ ਸਨ, ਪ੍ਰੰਤੂ ਸ਼੍ਰੋਅਦ ਵੱਲੋਂ ਇਸ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਚੁੱਕੇ ਜਾਣ ‘ਤੇ ਪੁਲਿਸ ਨੇ ਕੇਸ ‘ਚ ਸਖ਼ਤ ਧਾਰਾਵਾਂ ਦਾ ਵਾਧਾ ਕੀਤਾ, ਜਿਸ ਨਾਲ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਜਾਣਾ ਪਿਆ।

ਉਨ੍ਹਾਂ ਕਿਹਾ ਕਿ ਐਸਐਸਪੀ ਬਰਨਾਲਾ ਨੂੰ ਮਿਲ ਕੇ ਪੂਰੀ ਘਟਨਾ ਦੀ ਵੀਡੀਓ ਵਾਇਰਲ ਵਾਲੀ ਔਰਤ ਖਿਲਾਫ਼ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ, ਬੀਬੀ ਜਸਵਿੰੰਦਰ ਕੌਰ ਠੁੱਲੇਵਾਲ, ਪਰਮਿੰਦਰ ਕੌਰ ਰੰਧਾਵਾ, ਬੀਬੀ ਇੰਦਰਜੀਤ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਲਕਸ਼ਮੀ, ਬੀਬੀ ਜਸਪਾਲ ਕੌਰ, ਬੀਬੀ ਪਰਮਜੀਤ ਕੌਰ ਵਿਰਕ ਅਤੇ ਬੀਬੀ ਸੁਨੀਤਾ ਸ਼ਰਮਾ ਤੋਂ ਇਲਾਵਾ ਸਮੂਹ ਅਕਾਲੀ ਲੀਡਰਸ਼ਿਪ ਵੀ ਹਾਜ਼ਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।