ਗੈਸ ਸਿਲੰਡਰਾਂ ਵਾਲੇ ਟਰੱਕ ਅਤੇ ਕਾਰ ਵਿਚਕਾਰ ਟੱਕਰ, 3 ਜਖਮੀ
ਗੁਰਪ੍ਰੀਤ ਸਿੰਘ
ਸੰਗਰੂਰ, 19 ਦਸੰਬਰ।
ਅੱਜ ਸਵੇਰੇ ਭਵਾਨੀਗੜ੍ਹ ਵਿੱਚ ਸਮਾਣਾ ਰੋਡ ‘ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਅਤੇ ਇਕ ਕਾਰ ਦਰਮਿਆਨ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਕਾਰ ਸਵਾਰ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਅਤੇ ਪਟਿਆਲਾ ਦੇ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇੱਕ ਅਦਾਲਤੀ ਕੇਸ ਦੀ ਪੇਸ਼ੀ ਭੁਗਤਣ ਲੁਧਿਆਣਾ ਜਾ ਰਹੇ ਗੁਰਦੀਪ ਸਿੰਘ ਵਾਸੀ ਘੰਗਰੋਲੀ (ਸਮਾਣਾ) ਹੋਰ ਵਿਅਕਤੀਆਂ ਰਘਵੀਰ ਸਿੰਘ ਵਾਸੀ ਘੰਗਰੋਲੀ, ਦਵਿੰਦਰ ਸਿੰਘ ਵਾਸੀ ਸਮਾਣਾ ਅਤੇ ਬਹਾਦਰ ਸਿੰਘ ਵਾਸੀ ਕੁਲਾਰਾਂ ਦੀ ਕਾਰ ਦੀ ਭਵਾਨੀਗੜ੍ਹ-ਸਮਾਣਾ ਰੋਡ ਤੇ ਸਥਿਤ ਪੈਟਰੋਲ ਪੰਪ ਨੇੜੇ ਅੱਗੋਂ ਆ ਰਹੇ ਗੈਸ ਸਿਲੰਡਰਾਂ ਦੇ ਟਰੱਕ ਨਾਲ ਅਚਾਨਕ ਸਿੱਧੀ ਟੱਕਰ ਹੋ ਗਈ। ਹਾਦਸੇ ਦੌਰਾਨ ਕਾਰ ਚਲਾ ਰਹੇ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਦਕਿ ਕਾਰ ਵਿੱਚ ਸਵਾਰ ਦਵਿੰਦਰ ਸਿੰਘ, ਬਹਾਦਰ ਸਿੰਘ, ਰਘਵੀਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜਖਮੀਆਂ ਨੂੰ ਪਹਿਲਾਂ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦਿਆਂ ਰਘਵੀਰ ਸਿੰਘ ਤੇ ਦਵਿੰਦਰ ਸਿੰਘ ਨੂੰ ਪਟਿਆਲਾ ਅਤੇ ਬਹਾਦਰ ਸਿੰਘ ਨੂੰ ਡੀਐਮਸੀ ਲੁਧਿਆਣਾ ਭੇਜ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਭਵਾਨੀਗੜ੍ਹ ਪੁਲਿਸ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ‘ਤੇ ਪੁੱਜੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।