ਸ੍ਰੀ ਮੁਕਤਸਰ ਸਾਹਿਬ ‘ਚ ਵਾਪਰੀ ਲੁੱਟ ਦੀ ਵਾਰਦਾਤ

Robbery

ਕੰਪਨੀ ਕਰਮਚਾਰੀਆਂ ਤੋਂ ਲੁੱਟੀ 45 ਹਜ਼ਾਰ 300 ਰੁਪਏ ਦੀ ਰਾਸ਼ੀ
ਔਰਤਾਂ ਨੂੰ ਲੋਨ ਦੇਣ ਦਾ ਕੰਮ ਕਰਦੇ ਸਨ ਕਰਮਚਾਰੀ

ਸੁਰੇਸ਼ ਗਰਗ
ਸ੍ਰੀ ਮੁਕਤਸਰ ਸਾਹਿਬ, 19 ਦਸੰਬਰ 

ਕੰਪਨੀ ਦਾ ਪੈਸਾ ਵਸੂਲ ਕਰਕੇ ਪਰਤ ਰਹੇ ਦੋ ਕਰਮਚਾਰੀਆਂ ਤੋਂ ਪਿਸਤੌਲ ਤੇ ਡਾਂਗ ਦੇ ਜ਼ੋਰ ‘ਤੇ ਚਾਰ ਅਣਪਛਾਤੇ ਲੋਕਾਂ ਨੇ ਨਗਦੀ, ਮੋਟਰਸਾਇਕਲ ਤੇ ਮੋਬਾਇਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਨੀਤ ਕੁਮਾਰ ਨਿਵਾਸੀ ਨਗੌੜ, ਤਹਿਸੀਲ ਬੈਜਨਾਥ ਜ਼ਿਲਾ ਕਾਂਗੜਾ (ਹਿਮਾਚਲ ਪ੍ਰਦੇਸ਼) ਹਾਲ ਨਿਵਾਸੀ ਭੁੱਲਰ ਕਲੌਨੀ ਗਲੀ ਨੰਬਰ ਤਿੰਨ ਮੁਕਤਸਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਸੈਚਿਨ ਕ੍ਰੇਵਿਟ ਕੇਅਰ ਲਿਮਿਟੇਡ ਕੰਪਨੀ ‘ਚ ਕੰਮ ਕਰਦੇ ਹਨ।

ਇਹ ਕੰਪਨੀ ਔਰਤਾਂ ਨੂੰ ਲੋਨ ਦੇਣ ਦਾ ਕੰਮ ਕਰਦੀ ਹੈ। ਵਿਨੀਤ ਅਨੁਸਾਰ ਉਹ ਅਤੇ ਉਸਦਾ ਸਾਥੀ ਵਰੁਣ ਕੁਮਾਰ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਤੋਂ ਪੈਸਾ ਵਸੂਲ ਕਰਕੇ ਬਾਇਕ ‘ਤੇ ਵਾਪਸ ਪਰਤ ਰਹੇ ਸਨ। ਜਦ ਉਹ ਪਿੰਡ ਬਾਜਾ ਮਰਾੜ ਦੀ ਨਹਿਰ ਦੇ ਕੋਲ ਪਹੁੰਚੇ ਤਾਂ ਸ਼ਾਮ ਦੇ ਸਮੇਂ ਚਾਰ ਲੋਕਾਂ ਜਿੰਨਾਂ ਦੇ ਮੂੰਹ ਬੰਨੇ ਹੋਏ ਸਨ, ਨੇ ਉਹਨਾਂ ਨੂੰ ਰੋਕ ਲਿਆ। ਜਿਸਦੇ ਬਾਅਦ ਉਹਨਾਂ ‘ਚੋਂ ਇਕ ਨੇ ਪਿਸਤੌਲ ਕੱਢਿਆ ਅਤੇ ਦੂਜਿਆਂ ਦੇ ਕੋਲ ਡਾਂਗਾ ਸਨ।

ਉਹਨਾਂ ਨੇ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਉਹਨਾਂ ਕੋਲੋ 45 ਹਜ਼ਾਰ ਤਿੰਨ ਸੌ ਰੁਪਏ, ਉਹਨਾਂ ਦਾ ਮੋਟਰਸਾਇਕਲ, ਕਾਰਬਨ ਕੰਪਨੀ ਦਾ ਮੋਬਾਇਲ ਤੇ ਇਕ ਆਇਬਾੱਲ ਦੀ ਟੈਬ ਖੋਹ ਕੇ ਲੈ ਗਏ। ਜਿਸਦੇ ਬਾਅਦ ਉਹ ਪੈਦਲ ਚੱਲ ਕੇ ਨਜ਼ਦੀਕੀ ਪਿੰਡ ਪਹੁੰਚੇ ਅਤੇ ਉਥੇ ਕਿਸੇ ਦੇ ਮੋਬਾਇਲ ਤੋਂ ਆਪਣੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ।

ਅਧਿਕਾਰੀਆਂ ਦੇ ਨਾਲ ਉਹ ਥਾਨੇ ‘ਚ ਪਹੁੰਚੇ ਅਤੇ ਉਥੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਉਧਰ ਪੁਲਿਸ ਨੇ ਵਿਨੀਤ ਕੁਮਾਰ ਦੇ ਬਿਆਨਾਂ ‘ਤੇ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।