Punjab
Cristiano Ronaldo: ਆਰਥਿਕ ਤੰਗੀ, ਸਹੂਲਤਾਂ ਦੀ ਘਾਟ, ਪਰ ਕੁਝ ਕਰਨ ਦੀ ਜਿਦ ਨੇ ਰੋਨਾਲਡੋ ਨੂੰ ਬਣਾਇਆ ‘ਫੁੱਟਬਾਲ ਦਾ ਜਾਦੂਗਰ’
ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ
Cristiano Ronaldo: ਕਹਿੰਦੇ ਹਨ ਕਿ ਕਿਸੇ ਚੀਜ਼ ਦੀ ਅਸਲੀ ਅਹਿਮੀਅਤ ਉਸ ਵਿਅਕਤੀ ਨੂੰ ਹੀ ਪਤਾ ਹੁੰਦੀ ਹੈ, ਜਿਸ ਨੇ ਉਸ ਲਈ ਸਾਲਾਂ ਤੱਕ ਇੰਤਜ਼ਾਰ ਕੀਤਾ ਹੋਵੇ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਰੋਨਾਲਡੋ ਦਾ ਬਚਪਨ ਗਰੀਬੀ ’ਚ ਬੀਤਿਆ। ਇੱਕ ਵਾਰ ਅਜਿਹਾ ਵੀ ਸਮਾਂ ਆਇਆ ਜਦੋਂ ਰੋਨਾਲਡੋ ਦੇ ਘਰ ’ਚ ਖਾਣੇ ਤੱਕ ਦੇ ਪੈਸੇ ਨਹੀਂ ਸਨ। ਉਸ ਦੀ ਮਾਂ ਦੂਜਿਆਂ ਦੇ ਘਰਾਂ ’ਚ ਕੰਮ ਕਰਦੀ ਸੀ। ਹਾਲਾਂਕਿ ਰੋਨਾਲਡੋ ਹਾਲਾਤਾਂ ਅੱਗੇ ਝੁਕਿਆ ਨਹੀਂ, ਸਗੋਂ ਉਨ੍ਹਾਂ ਨਾਲ ਲੜਨ ਦਾ ਫੈਸਲਾ ਕੀਤਾ। ਬਚਪਨ ਤੋਂ ਹੀ ਰੋਨਾਲਡੋ ਨੇ ਘਰ ਚਲਾਉਣ ’ਚ ਆਪਣੀ ਮਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਸਕੂਲ ’ਚ ਦਾਖਲਾ ਕਰਵਾਇਆ ਗਿਆ, ਪਰ ਇੱਕ ਵਾਰ ਅਧਿਆਪਕ ਨਾਲ ਵਿਵਾਦ ਹੋਣ ਤੋਂ ਬਾਅਦ ਉਸ ਨੂੰ ਸਕੂਲ ਛੱਡਣਾ ਪਿਆ। ਰੋਨਾਲਡੋ ਨੂੰ ਫੁੱਟਬਾਲ ’ਚ ਸ਼ੁਰੂ ਤੋਂ ਹੀ ਖਾਸ ਰੁਚੀ ਸੀ। Cristiano Ronaldo
ਉਹ ਰਾਹ ਚੱਲਦਿਆਂ ਕਿਸੇ ਵੀ ਚੀਜ਼ ਨੂੰ ਚੁੱਕ ਕੇ ਅਭਿਆਸ ਕਰਨ ਲੱਗ ਪੈਂਦਾ। ਇਸ ਖੇਡ ਪ੍ਰਤੀ ਉਸ ਦੀ ਲਗਨ ਵਧਦੀ ਚਲੀ ਗਈ ਅਤੇ 8 ਸਾਲ ਦੀ ਉਮਰ ’ਚ ਉਸ ਨੇ ਸਥਾਨਕ ਕਲੱਬ ਐਂਡੋਰਿਨਹਾ ਤੋਂ ਖੇਡਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰੋਨਾਲਡੋ ਪੂਰੀ ਤਰ੍ਹਾਂ ਫੁੱਟਬਾਲ ’ਚ ਰੁੱਝ ਗਿਆ। 12 ਸਾਲ ਦੀ ਉਮਰ ’ਚ ਰੋਨਾਲਡੋ ਨੂੰ ਘਰ ਤੋਂ ਦੂਰ ਜਾਣਾ ਪਿਆ ਤੇ ਉਸ ਦਾ ਦਾਖ਼ਲਾ ਸਪੋਰਟਿੰਗ ਲਿਸਬਨ ਅਕਾਦਮੀ ’ਚ ਕਰਵਾਇਆ ਗਿਆ। ਇਸ ਅਕਾਦਮੀ ’ਚ ਉਨ੍ਹਾਂ ਨੇ ਸਰੀਰਕ ਤੇ ਮਾਨਸਿਕ ਤੌਰ ’ਤੇ ਆਪਣੇ-ਆਪ ਨੂੰ ਮਜ਼ਬੂਤ ਬਣਾਇਆ ਅਤੇ ਆਪਣੀ ਖੇਡ ਨੂੰ ਵੀ ਨਿਖਾਰਿਆ। 18 ਸਾਲ ਦੀ ਉਮਰ ’ਚ ਰੋਨਾਲਡੋ ਮੈਨਚੈਸਟਰ ਯੂਨਾਈਟਿਡ ’ਚ ਸ਼ਾਮਲ ਹੋਇਆ। ਕਲੱਬ ਨੇ ਇਸ ਨੌਜਵਾਨ ਫੁੱਟਬਾਲਰ ਦੀ ਯੋਗਤਾ ਨੂੰ ਦੇਖਦਿਆਂ ਉਨ੍ਹਾਂ ਨੂੰ 17 ਮਿਲੀਅਨ ਅਮਰੀਕੀ ਡਾਲਰ ’ਚ ਖਰੀਦ ਲਿਆ ਤੇ ਬੱਸ ਇੱਥੋਂ ਰੋਨਾਲਡੋ ਦੀ ਜ਼ਿੰਦਗੀ ਬਦਲ ਗਈ।
Read Also : IIT Admissions: ਆਈਆਈਟੀ ਵੱਲ ਧੀਆਂ ਦੇ ਵਧਦੇ ਕਦਮ
ਕਿਹਾ ਜਾਂਦਾ ਹੈ ਕਿ ਸਪੋਰਟਿੰਗ ਸੀਪੀ ਅਤੇ ਮੈਨਚੈਸਟਰ ਯੂਨਾਈਟਿਡ ਵਿਚਾਲੇ ਹੋਏ ਦੋਸਤਾਨਾ ਮੈਚ ’ਚ ਰੋਨਾਲਡੋ ਨੇ ਆਪਣੀ ਸ਼ਾਨਦਾਰ ਖੇਡ ਨਾਲ ਕਲੱਬ ਦੇ ਮੈਨੇਜ਼ਰ ਸਰ ਅਲੈਕਸ ਫਰਗਿਊਸਨ ਨੂੰ ਹੈਰਾਨ ਕਰ ਦਿੱਤਾ ਸੀ। ਰੋਨਾਲਡੋ ਨੂੰ ਮੈਨਚੈਸਟਰ ਯੂਨਾਈਟਿਡ ’ਚ 7 ਨੰਬਰ ਦੀ ਜਰਸੀ ਦਿੱਤੀ ਗਈ। ਸਾਲ 2003 ’ਚ ਹੀ ਰੋਨਾਲਡੋ ਨੇ ਪੁਰਤਗਾਲ ਵੱਲੋਂ ਕਜ਼ਾਕਿਸਤਾਨ ਖਿਲਾਫ ਇੱਕ ਫਰੈਂਡਲੀ ਅੰਤਰਰਾਸ਼ਟਰੀ ਮੁਕਾਬਲੇ ’ਚ ਆਪਣਾ ਡੈਬਿਊ ਕੀਤਾ। 2004 ’ਚ ਹੋਈ ਯੂਰਪੀਅਨ ਚੈਂਪੀਅਨਸ਼ਿਪ ’ਚ ਰੋਨਾਲਡੋ ਆਪਣੀ ਖੇਡ ਦੇ ਦਮ ’ਤੇ ਲੋਕਾਂ ਦਾ ਧਿਆਨ ਅੰਤਰਰਾਸ਼ਟਰੀ ਪੱਧਰ ’ਤੇ ਖਿੱਚਣ ’ਚ ਸਫਲ ਰਹੇ। ਰੋਨਾਲਡੋ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ।
ਮੈਨਚੈਸਟਰ ਯੂਨਾਈਟਿਡ ਦੀ ਜਰਸੀ ’ਚ ਉਸ ਦੀ ਖੇਡ ਲਗਾਤਾਰ ਨਿੱਖਰਦੀ ਚਲੀ ਗਈ। ਸਾਲ 2009 ’ਚ ਰੋਨਾਲਡੋ ਨੂੰ ਕਲੱਬ ’ਚ ਸ਼ਾਮਲ ਕਰਨ ਲਈ ਰਿਕਾਰਡ ਟਰਾਂਸਫਰ ਫੀਸ ਅਦਾ ਕੀਤੀ ਗਈ ਅਤੇ ਲਗਭਗ 8 ਕਰੋੜ ਯੂਰੋ ’ਚ ਸਾਈਨ ਕੀਤਾ ਗਿਆ। ਰੀਅਲ ਮੈਡ੍ਰਿਡ ਲਈ ਖੇਡਦਿਆਂ ਰੋਨਾਲਡੋ ਨੇ ਆਪਣੇ ਕਰੀਅਰ ਦੇ ਸਭ ਤੋਂ ਬਿਹਤਰੀਨ ਪਲ ਦਿੱਤੇ। ਆਪਣੀ ਤੇਜ਼ ਰਫ਼ਤਾਰ, ਫੁਰਤੀ ਅਤੇ ਸ਼ਾਨਦਾਰ ਸਕਿੱਲਜ਼ ਦੇ ਦਮ ’ਤੇ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਆਪਣੀ ਖੇਡ ਦਾ ਦੀਵਾਨਾ ਬਣਾ ਲਿਆ। ਰੋਨਾਲਡੋ ਆਪਣੇ ਕਰੀਅਰ ’ਚ ਅਧਿਕਾਰਤ ਤੌਰ ’ਤੇ ਹੁਣ ਤੱਕ ਲਗਭਗ 970 ਗੋਲ ਕਰ ਚੁੱਕੇ ਹਨ। ਉਹ ਪੰਜ ਵਾਰ ‘ਬੈਲੋਨ ਡੀ’ ਜਿੱਤ ਚੁੱਕੇ ਹਨ, ਜਦਕਿ ‘ਯੂਰਪੀਅਨ ਗੋਲਡਨ ਸ਼ੂ’ ਪੁਰਸਕਾਰ ਉਨ੍ਹਾਂ ਨੇ ਚਾਰ ਵਾਰ ਆਪਣੇ ਨਾਂਅ ਕੀਤਾ ਹੈ। ਆਪਣੇ ਕਰੀਅਰ ’ਚ ਉਨ੍ਹਾਂ ਨੇ 5 ਯੂਈਐੱਫਏ ਚੈਂਪੀਅਨਜ਼ ਲੀਗ, 2 ਸਪੇਨਿਸ਼ ਲਾ ਲੀਗਾ, 3 ਇੰਗਲਿਸ਼ ਪ੍ਰੀਮੀਅਰ ਲੀਗ ਅਤੇ 2 ਇਟਾਲੀਅਨ ਸੀਰੀ-ਏ ਸਮੇਤ 30 ਤੋਂ ਵੱਧ ਵੱਡੇ ਖਿਤਾਬ ਜਿੱਤੇ ਹਨ।
ਸਾਲ 2016 ’ਚ ਰੋਨਾਲਡੋ ਨੇ ਆਪਣੇ ਦੇਸ਼ ਪੁਰਤਗਾਲ ਨੂੰ ਯੂਈਐੱਫਏ ਯੂਰੋ ਦਾ ਖਿਤਾਬ ਜਿਤਾਇਆ, ਜਦਕਿ 2019 ’ਚ ਉਨ੍ਹਾਂ ਨੇ ਆਪਣੀ ਕਪਤਾਨੀ ’ਚ ਪੁਰਤਗਾਲ ਨੂੰ ਯੂਈਐੱਫਏ ਨੇਸ਼ਨਜ਼ ਲੀਗ ਦੀ ਟਰਾਫੀ ਵੀ ਦਿਵਾਈ। ਰੋਨਾਲਡੋ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪੁਰਸ਼ ਖਿਡਾਰੀ ਵੀ ਹਨ। ਕਤਰ ’ਚ ਹੋਏ ਪਿਛਲੇ ਫੀਫਾ ਵਿਸ਼ਵ ਕੱਪ ’ਚ ਪੁਰਤਗਾਲ ਅਤੇ ਰੋਨਾਲਡੋ ਦੋਵਾਂ ਦਾ ਪ੍ਰਦਰਸ਼ਨ ਬਹੁਤ ਉਤਾਰ-ਚੜ੍ਹਾਅ ਭਰਿਆ ਰਿਹਾ ਸੀ। ਟੀਮ ਕੁਆਰਟਰ ਫਾਈਨਲ ’ਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਹਾਲਾਂਕਿ, ਫੀਫਾ ਵਿਸ਼ਵ ਕੱਪ 2026 ਨੂੰ ਰੋਨਾਲਡੋ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਵੀ ਮੰਨਿਆ ਜਾ ਰਿਹਾ ਹੈ, ਇਸ ਲਈ ਉਹ ਪੁਰਤਗਾਲ ਦੀ ਜਰਸੀ ’ਚ ਇਤਿਹਾਸਕ ਪ੍ਰਦਰਸ਼ਨ ਨਾਲ ਵਿਦਾਈ ਲੈਣਾ ਜ਼ਰੂਰ ਚਾਹੁੰਦੇ ਹੋਣਗੇ।
ਸੱਚ ਕਹੂੰ ਡੈਸਕ