‘‘ਊਂ ਤਾਇਆ ਗੱਲ ਆ ਇੱਕ….’’

‘‘ਊਂ ਤਾਇਆ ਗੱਲ ਆ ਇੱਕ….’’

‘‘ਹੋਰ ਬਈ ਜਵਾਨੋਂ, ਲਾ ਰੱਖੀ ਆ ਬਾਜ਼ੀ ਫਿਰ? ਮਾਰ ਖਾਂ ਥੋੜ੍ਹਾ ਪਾਸਾ ਤੇਜੀ ਉਏ, ਬੈਠਣ ਦਿਉ ਬੁੜ੍ਹੇ ਨੂੰ ਵੀ, ਆਹ ਮੇਰੇ ਪੱਤੇ ਵੀ ਪਾਈ ਹੁਣ ਚਰਨੀ ਉਏ!’’ ਸੱਥ ਵਿੱਚ ਮੁੰਡਿਆਂ ਨੂੰ ਤਾਸ਼ ਖੇਡਦੇ ਵੇਖ ਬਚਨ ਫੌਜੀ ਉਹਨਾਂ ਕੋਲ ਚਲਾ ਗਿਆ ਅਤੇ ਥਾਂ ਬਣਾ ਕੇ ਬੈਠਦਿਆਂ ਉਹਨਾਂ ਨਾਲ ਖੇਡਣ ਲੱਗਾ।

‘‘ਬਚਨ ਤਾਇਆ ਟਾਈਮ ਨਾਲ ਆਇਆ ਕਰ ਜੇ ਖੇਡਣਾ ਹੁੰਦਾ, ਹੁਣ ਸਾਡਾ ਜਾਣ ਦਾ ਟਾਈਮ ਹੋਇਆ ਪਿਆ, ਤੇ ਤੂੰ ਆ ਕੇ ਬੈਠ ਗਿਆ, ਤੈਨੂੰ ਪਤਾ ਨਾਲੇ ਆਪਣਾ ਕੰਮ ਸਵੇਰੇ ਨੌਂ ਵੱਜਦੇ ਸਾਰ ਚੱਲ ਪੈਂਦਾ ਟਾਈਮ ਵੇਖ ਹੁਣ ਤਿੰਨ-ਚਾਰ ਵੱਜਣ ਆਲੇ ਆ, ਘਰੇ ਡੰਗਰਾਂ ਨੂੰ ਹੁਣ ਚਾਰਾ ਵੀ ਪਾਉਣਾ, ਇੱਕ ਤਾਂ ਆਹ ਜਦੋਂ ਦੇ ਕਾਲਜ ਬੰਦ ਹੋਏ ਆ ਘਰਦਿਆਂ ਨੇ ਜਿਉਣਾ ਦੁੱਭਰ ਕਰ ਰੱਖਿਆ, ਪਹਿਲਾਂ ਟਾਈਮਪਾਸ ਜਾ ਸੌਖਾ ਹੋ ਜਾਂਦਾ ਸੀ ਦੁਨੀਆ ਵੇਖਦਿਆਂ ਹੁਣ ਤਾਂ ਆਹ ਸੱਥ ਹੀ ਚੰਡੀਗੜ੍ਹ ਆਲੇ ਐਲਾਂਟੇ ਵਾਂਗੂ ਜੀਅ ਲਵਾਈ ਰੱਖਦੀ ਆ’’ ਤੇਜੀ ਨੇ ਤਾਸ਼ ਦੇ ਪੱਤੇ ਵੰਡਦਿਆਂ ਕਾਲਜ ਤੋਂ ਵਿੱਛੜਨ ਦਾ ਦਰਦ ਬਿਆਨ ਕਰਦਿਆਂ ਬਚਨ ਫੌਜੀ ਨੂੰ ਸੱਥ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ।

‘‘ਹਾਂ ਪੁੱਤ ਮੇਰਿਆ, ਸਮਝਦਾਂ ਮੈਂ ਚੰਗੀ ਤਰ੍ਹਾਂ ਤੇਰੇ ਕਾਲਜ ਨਾ ਜਾਣ ਦਾ ਦਰਦ, ਜੇ ਹੋਰ ਕੋਈ ਕੰਮ-ਧੰਦਾ ਨਹੀਂ ਤਾਂ ਸੱਥ ਵਿੱਚ ਬੈਠਣ ਨਾਲੋਂ ਤਾਂ ਘਰੇ ਬੈਠ ਕੇ ਕਿਸੇ ਪੇਪਰਾਂ ਦੀ ਤਿਆਰੀ ਹੀ ਕਰ ਲਿਆ ਕਰ, ਕਾਲਜ ਹੋਰ ਦਸ-ਪੰਦਰਾਂ ਦਿਨਾਂ ਤੱਕ ਖੁੱਲ੍ਹ ਜਾਣਗੇ, ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੜ੍ਹਾਈ ਜਮ੍ਹਾ ਹੀ ਛੱਡ ਦਿਉ, ਪੰਜਾਬ ਵਿੱਚ ਹੀ ਕਿੰਨੀਆਂ ਭਰਤੀਆਂ ਨਿੱਕਲੀ ਜਾਂਦੀਆਂ ਨੇ ਹੁਣ ਤਾਂ, ਆਹ ਅਗਲੇ ਮਹੀਨੇ ਪੁਲਿਸ ਦੀ ਭਰਤੀ ਆ ਰਹੀ ਆ, ਕਰੋ ਤਿਆਰੀਆਂ ਮੁੜਕੇ ਕਹਿ ਦਿੰਦੇ ਹੋ ਕਿ ਸਰਕਾਰ ਤਾਂ ਭਰਤੀਆਂ ਹੀ ਨਹੀਂ ਕੱਢਦੀ’’

ਬਚਨ ਫੌਜੀ ਨੇ ਜ਼ੋਰ ਨਾਲ ਪੱਤਾ ਸੁੱਟਦਿਆਂ ਬੈਠੇ ਮੁੰਡਿਆਂ ਨੂੰ ਨਿੱਕਲ ਰਹੀਆਂ ਭਰਤੀਆਂ ਤੋਂ ਜਾਣੂ ਕਰਵਾਇਆ ਅਤੇ ਉਸ ਲਈ ਤਿਆਰੀ ਕਰਨ ਬਾਰੇ ਕਿਹਾ।
‘‘ਬੱਸ ਕਰ ਤਾਇਆ ਜਾਣਦੇ ਹਾਂ ਇਹਨਾਂ ਦੀਆਂ ਭਰਤੀਆਂ ਨੂੰ, ਮ੍ਹਾਤੜਾਂ-ਤਮ੍ਹਾਤੜਾਂ ਨੂੰ ਤਾਂ ਬੱਸ ਕੰਮ ਲਾਈ ਰੱਖਣਾ ਇਹਨਾਂ ਨੇ, ਪੋਸਟਾਂ ਕੱਢਤੀਆਂ ਉੱਤੋਂ ਤਿੰਨ-ਤਿੰਨ ਹਜ਼ਾਰ ਫੀਸ ਹੁੰਦੀ ਆ, ਦੋ-ਤਿੰਨ ਮਹੀਨੇ ਫਿਰ ਕੋਚਿੰਗ ਸੈਂਟਰਾਂ ’ਤੇ ਫੀਸਾਂ ਭਰੀ ਜਾਵੋ, ਰੱਖਣੇ ਫੇਰ ਇਹਨਾਂ ਨੇ ਆਵਦੇ ਜਾਵਕ ਹੀ ਹੁੰਦੇ ਨੇ, ਆਹ ਵੇਖਿਆ ਨਹੀਂ ਸਰਕਾਰ ਨੇ ਕਿਵੇਂ ਦੋ-ਤਿੰਨ ਵਾਰੀ ਲੀਡਰਾਂ ਦੇ ਜਵਾਕਾਂ ਨੂੰ ਕਿਵੇਂ ਤਰਸ ਦੇ ਅਧਾਰ ’ਤੇ ਹੀ ਸਿੱਧੇ ਅਫਸਰ ਭਰਤੀ ਕਰ ਲਿਆ!’’

‘‘ਬਈ ਮੁੰਡਿਉ ਸਿਆਸਤ ਵਿੱਚ ਇੰਨਾ ਕੁ ਉੱਤਾ-ਥੱਲਾ ਤਾਂ ਕਰਨਾ ਹੀ ਪੈਂਦਾ, ਬਈ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਨੂੰ ਤਾਂ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਉਹ ਇਨ੍ਹਾਂ ਨੌਕਰੀਆਂ ਲਈ ਏਨੇ ਲੋੜਵੰਦ ਨਹੀਂ ਸਨ, ਇਹ ਤਾਂ ਕੋਈ ਸਿਆਸਤ ਹੀ ਜਾਪਦੀ ਆ, ਬਾਕੀ ਤੂੰ ਨੈੱਟ ’ਤੇ ਵੇਖਿਆ ਹੋਣਾ ਬਈ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਦੋ ਡੰਗ ਦੀ ਰੋਟੀ ਲਈ ਦਿਹਾੜੀਆਂ ਕਰਨ ਲਈ ਮਜ਼ਬੂਰ ਹੋਇਆ ਪਿਆ ਜਦੋਂ ਇੰਨੇ ਵੱਡੇ ਸ਼ਹੀਦਾਂ ਦੇ ਪਰਿਵਾਰਾਂ ਦਾ ਇਹ ਹਾਲ ਆ ਫੇਰ ਤੂੰ-ਮੈਂ ਕਿਹੜੇ ਬਾਗ ਦੀ ਮੂਲੀ ਆਂ?’’ ਬਚਨ ਫੌਜੀ ਨੇ ਸਰਕਾਰ ਦੀ ਸ਼ਰੀਕੇਬਾਜੀ ਤੇ ਲੋੜਵੰਦਾਂ ਦੀ ਹੁੰਦੀ ਅਣਦੇਖੀ ਲਈ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ।

‘‘ਬਾਕੀ ਤੈਨੂੰ ਹਾਲੇ ਇਹਨਾਂ ਦੀ ਭਰਤੀ ਦੇ ਢਾਂਚੇ ਬਾਰੇ ਵੀ ਨਹੀਂ ਪਤਾ ਤਾਇਆ, ਜਿਵੇਂ ਇਹਨਾਂ ਨੇ ਭਰਤੀ ਕਰਨੀ ਆ ਕਿ ਪਹਿਲਾਂ ਫਿਜ਼ੀਕਲ ਟੈਸਟ, ਦੋ-ਦੋ ਪੇਪਰ ਫੇਰ ਇੰਟਰਵਿਊਆਂ ਹੁਣ ਤੂੰ ਹੀ ਦੱਸ ਬਈ ਭਰਤੀ ਪਾਰਦਰਸ਼ੀ ਕਿਵੇਂ ਹੋਊ, ਪਹਿਲਾਂ ਤਾਂ ਜਿੱਥੇ ਇੰਟਰਵਿਊ ਹੋਊ ਉੱਥੇ ਤਾਂ ਅੱਧੋਂ ਵੱਧ ਸਿਫਾਰਸ਼ੀ ਹੀ ਭਰਤੀ ਹੁੰਦੇ ਆ, ਅੱਗੇ ਪੁਲਿਸ ਦੀ ਭਰਤੀ ਵੇਲੇ ਅਗਲਾ ਫਿਜ਼ੀਕਲ ਟੈਸਟ ਦੇ ਕੇ ਕੱਦ ਅਤੇ ਦਸਵੀਂ-ਬਾਹਰਵੀਂ ਦੇ ਨੰਬਰਾਂ ਨਾਲ ਮੈਰਿਟ ਉਂਗਲਾਂ ’ਤੇ ਗਿਣ ਦਿੰਦਾ ਸੀ ਕਿ ਮੇਰੇ ਕੱਦ ਦੇ ਪੰਦਰਾਂ ਤੇ ਪੜ੍ਹਾਈ ਦੇ ਇੰਨੇ ਨੰਬਰ ਲੱਗਣਗੇ,

ਹੁਣ ਪੇਪਰਾਂ ਤੇ ਇੰਟਰਵਿਊਆਂ ਕਰਕੇ ਕੀ ਪਤਾ ਲੱਗਣਾ ਕਿ ਬੰਦ ਦਰਵਾਜਿਆਂ ਦੇ ਮਗਰ ਕੀਹਦੇ ਕਿਵੇਂ ਤੇ ਕਿੰਨੇ ਨੰਬਰ ਲੱਗੀ ਜਾਂਦੇ ਆ, ਯਾਰ ਤੁਸੀਂ ਬਾਹਲੀ ਦੂਰ ਨਾ ਜਾਉ, ਆਹ ਆਂਗਣਵਾੜੀ ਦੀ ਭਰਤੀ ਵੇਖਲੈ ਕੀ ਚੀਜ਼ ਆ, ਨਾਲੇ ਮਾਣ ਭੱਤੇ ’ਤੇ ਰੱਖਣੀਆਂ ਕੁੜੀਆਂ, ਉਹ ਵੀ ਪੱਕੇ ਹੋਣ ਦੀ ਕੋਈ ਗਰੰਟੀ ਨਹੀਂ ਉਹਦੇ ਵਾਸਤੇ ਵੀ ਹੁਣ ਕਹਿੰਦੇ ਗ੍ਰੈਜ਼ੂਏਟ ਹੋਣਾ ਚਾਹੀਦਾ

ਮਗਰੋਂ ਉਹਨਾਂ ਦੀ ਵੀ ਇੰਟਰਵਿਊ ਰੱਖ’ਤੀ ਲੈ ਹੁਣ ਦੱਸ ਕੀ ਕਰੂ ਕੋਈ, ਤਾਇਆ ਇੱਥੇ ਹਨ੍ਹੇਰ ਨਗਰੀ ਤੇ ਚੌਪਟ ਰਾਜਾ ਆਲੀ ਕਹਾਵਤ ਪੂਰੀ ਢੁੱਕਦੀ ਐ, ਘਰਦੇ ਵਿਆਹ ਵਾਸਤੇ ਰਿਸ਼ਤੇ ਭਾਲਦੇ ਫਿਰਦੇ ਆ, ਆਪਾਂ ਤਾਂ ਕਹਿਤਾ ਬਈ ਕੋਈ ਆਈਲੈਟਸ ਆਲੀ ਕੁੜੀ ਹੀ ਭਾਲਿਉ, ਕੁਝ ਨਹੀਂ ਇੱਥੇ ਹੁਣ, ਜਿਹੜਾ ਇੱਥੋਂ ਨਿੱਕਲ ਜਾਊ ਚੰਗਾ ਰਹੂ!’’ ਕੋਲ ਬੈਠੇ ਕਾਕੇ ਨੰਬਰਦਾਰ ਦੇ ਪੋਤੇ ਜੋਤ ਨੇ ਹੋਣ ਵਾਲੀ ਭਰਤੀ ’ਤੇ ਸ਼ੱਕ ਦੀ ਸੂਈ ਘੁਮਾਉਂਦਿਆਂ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਕਿਹਾ। ‘‘ਯਾਰ ਤੁਸੀਂ ਸਰਕਾਰ ਤੋਂ ਜਿਆਦਾ ਸਿਆਣੇ ਹੋ?

ਉਹਨਾਂ ਦੀ ਵੀ ਕੋਈ ਮਜਬੂਰੀ ਹੁੰਦੀ ਆ, ਆਹ ਜਿੱਤੇ-ਹਾਰੇ ਵਿਧਾਇਕਾਂ ਨੇ ਵੋਟਾਂ ਵੇਲੇ ਕਰੋੜਾਂ ਰੁਪਏ ਲਾਏ ਸੀ, ਸਰਕਾਰ ਨੇ ਪਿੰਡਾਂ ਸ਼ਹਿਰਾਂ ਵਿੱਚ ਗ੍ਰਾਂਟਾਂ ਤਾਂ ਦਿੱਤੀਆਂ ਨਹੀਂ ਕੋਈ ਬਈ ਜਿੱਥੋਂ ਚਾਰ ਪੈਸੇ ਮੁੜ ਆਉਂਦੇ ਹੁਣ ਭਰਤੀ ਵੇਲੇ ਬੰਦੇ ਭਾਵੇਂ ਵੰਡ ਦੇਣ ਬਈ ਸੋਨੂੰ ਇੰਨੇ ਬੰਦੇ ਲਵਾਉਣ ਦੀ ਪਾਵਰ ਦੇ ਦਿੰਨੇ ਹਾਂ। ਹੁਣ ਅੱਗੇ ਤੁਸੀਂ ਆਪੇ ਸਮਝਦਾਰ ਹੋ!’’ ਕਾਫੀ ਸਮੇਂ ਦੇ ਚੁੱਪ ਬੈਠੇ ਦੇਵ ਕਾਮਰੇਡ ਨੇ ਵੀ ਪੱਤੇ ਇਕੱਠੇ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਕਰਦਿਆਂ ਆਪਣਾ ਕਾਮਰੇਡੀ ਤਰਕ ਰੱਖਿਆ।

‘‘ਯਾਰ ਤੁਸੀਂ ਤਾਂ ਗੰਭੀਰ ਚਰਚਾ ਛੇੜ ਲਈ, ਇੱਥੇ ਤਾਂ ਇਹੋ ਕੁਝ ਚੱਲਦਾ ਰਹਿਣਾ ਆਪਣੇ ਬਹਿਸਾਂ ਕਰਨ ਨਾਲ ਕੁਝ ਨਹੀਂ ਹੋਣ ਲੱਗਾ, ਇੱਥੇ ਤਾਂ ਬੱਸ ਅੰਨ੍ਹੀ ਪੀਂਹਦੀ ਆ ਅਤੇ ਕੁੱਤੇ ਚੱਟਦੇ ਨੇ ਬਾਕੀ ਗੱਲਾਂ ਤਾਂ ਹੋਰ ਵੀ ਕਰਨੀਆਂ ਸੀ ਪਰ ਟਾਈਮ ਹੀ ਚਾਰ ਵੱਜੇ ਪਏ ਆ, ਘਰਦਿਆਂ ਨੇ ਤਾਂ ਦੇਣੀਆਂ ਹੀ ਆਂ ਪਰ ਅੱਜ ਤਾਂ ਪਸ਼ੂ ਵੀ ਮੈਨੂੰ ਗਾਲ੍ਹਾਂ ਦੇਈ ਜਾਂਦੇ ਹੋਣੇ ਆ ਕਿ ਪਤੰਦਰ ਸਵੇਰ ਦਾ ਘਰੋਂ ਨਿੱਕਲਿਆ ਹਰੇ ਚਾਰੇ ਦਾ ਕੋਈ ਫਿਕਰ ਹੀ ਨਹੀਂ, ਚੱਲੋ ਮਿਲਦੇ ਆਂ ਕੱਲ੍ਹ ਬਈ ਮਿੱਤਰੋ!’’ ਤੇਜੀ ਨੇ ਫੋਨ ’ਤੇ ਟਾਈਮ ਵੇਖਿਆ ਅਤੇ ਕੱਪੜੇ ਝਾੜਦਿਆਂ ਉੱਠਿਆ ਅਤੇ ਕੱਲ੍ਹ ਖੇਡਣ ਦਾ ਵਾਅਦਾ ਕਰਕੇ ਆਪਣੇ ਘਰ ਵੱਲ ਚਾਲੇ ਪਾ ਦਿੱਤੇ। ਮਗਰੋਂ ਬਾਕੀ ਸਾਰੇ ਜਣੇ ਉੱਠੇ ਅਤੇ ਆਪੋ-ਆਪਣੇ ਘਰਾਂ ਵੱਲ ਚੱਲ ਪਏ।
ਸੰਗਤ ਕਲਾਂ (ਬਠਿੰਡਾ)
ਮੋ. 99881-58844
ਸੁਖਵਿੰਦਰ ਚਹਿਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।