Punjab Maha Hartal Update: ‘ਮਹਾਂ ਹੜਤਾਲ’ ਅੱਜ, ਹੱਲ ਲਈ ਮੀਟਿੰਗ ਵੀ ਅੱਜ, ਪੰੰਜਾਬ ਦੇ ਮੁਲਾਜ਼ਮਾਂ ਵੱਲੋਂ ਡੀਏ ਦੀ ਮੰਗ ਸਬੰਧੀ ਇਤਿਹਾਸਕ ਸੰਘਰਸ਼

ਮੁਲਾਜ਼ਮਾਂ ਨੂੰ ਅੱਜ ਅੱਠ ਫੀਸਦੀ ਮਹਿੰਗਾਈ ਭੱਤੇ ਦੀ ਪੇਸ਼ਕਸ਼ ਕਰੇਗੀ ਸਰਕਾਰ!, ਮੀਟਿੰਗ ਜਲੰਧਰ ’ਚ

Ravinder Sharma Picture
Published On

Punjab Maha Hartal Update: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਮਨਾਉਣ ਅਤੇ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਤਿਆਰੀ ਕਰ ਲਈ ਗਈ ਹੈ। ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦਰਮਿਆਨ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ 8 ਫੀਸਦੀ ਮਹਿੰਗਾਈ ਭੱਤਾ ਤੁਰੰਤ ਦੇਣ ਸਬੰਧੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਤੇ ਬਾਕੀ ਰਹਿੰਦੇ ਮਹਿੰਗਾਈ ਭੱਤੇ ਨੂੰ ਕਿਸ਼ਤਾਂ ਵਿੱਚ ਦੇਣ ਲਈ ਵੀ ਖਰੜਾ ਪੇਸ਼ ਕੀਤਾ ਜਾਏਗਾ।

ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਇਸ ਮੀਟਿੰਗ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਆਗੂਆਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਜਾਏਗੀ। ਪੰਜਾਬ ਦੇ ਖ਼ਜ਼ਾਨਾ ਮੰਤਰੀ ਵੱਲੋਂ ਬਕਾਇਦਾ ਇਸ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕਿ ਮੌਜ਼ੂਦਾ ਸਰਕਾਰ ਕਿੰਨਾ ਪੈਸਾ ਫਿਲਹਾਲ ਦੇ ਸਕਦੀ ਹੈ ਅਤੇ ਕਿੰਨਾ ਪੈਸਾ ਪਿਛਲੀਆਂ ਸਰਕਾਰਾਂ ਦੇ ਸਮੇਂ ਦਾ ਹੋਣ ਕਰਕੇ ਬਾਅਦ ਵਿੱਚ ਦਿੱਤਾ ਜਾਏਗਾ। ਇਸ ਲਈ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਨਾਲ ਵੀ ਮੀਟਿੰਗ ਕੀਤੀ ਗਈ ਹੈ। 

ਦੂਜੇ ਪਾਸੇ ਸਰਕਾਰੀ ਮੁਲਾਜ਼ਮ ਯੂਨੀਅਨ ਦੀ ਬਣੀ ਹੋਈ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨੇ ਮੀਟਿੰਗ ਕਰਦੇ ਹੋਏ ਤੈਅ ਕਰ ਲਿਆ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਮੀਟਿੰਗ ਵਿੱਚ ਆਪਣੀਆਂ ਗੱਲਾਂ ਨੂੰ ਰੱਖਣਗੇ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਯੋਜਨਾ ਨੂੰ ਕਿਸ ਤਰੀਕੇ ਨਾਲ ਬਦਲਦੇ ਆਪਣੀ ਗੱਲ ਨੂੰ ਮਨਾਉਣਗੇ। 

Read Also : ਰੱਖੜੀ ਦੇ ਤਿਉਹਾਰ 'ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ 'ਚ ਪਾਈ ਸਨਮਾਨ ਰਾਸ਼ੀ

ਜਲੰਧਰ ਵਿਖੇ ਹੋਣ ਵਾਲੀ ਇਸ ਮੀਟਿੰਗ ’ਤੇ ਨਜ਼ਰ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਣੇ ਉਹਨਾਂ ਦੇ ਪਰਿਵਾਰਾਂ ਦੀ ਵੀ ਟਿਕੀ ਹੋਈ ਹੈ, ਜਿਸ ਕਾਰਨ ਹੀ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਇਸ ਮੀਟਿੰਗ ਵਿੱਚੋਂ ਕੋਈ ਰਾਹਤ ਦੀ ਖ਼ਬਰ ਮਿਲਣ ਨਾਲ  ਸਰਕਾਰੀ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦਾ ਡੀਏ ਮਿਲ ਜਾਵੇ। 

ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਖ਼ਜ਼ਾਨਾ ਮੰਤਰੀ ਹਰਪਾਲ ਚੀਮਾ, ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਖ਼ਜ਼ਾਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸੇਖ਼ਰ ਸਣੇ ਹੋਰ ਅਧਿਕਾਰੀ ਵੀ ਮੌਜ਼ੂਦ ਰਹਿਣਗੇ।

ਹਾਈ ਕੋਰਟ ਤੋਂ ਆਏ ਫੈਸਲੇ ਕਾਰਨ ਸਰਕਾਰੀ ਮੁਲਾਜ਼ਮਾਂ ਦਾ ਪੱਲੜਾ ਭਾਰੀ 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦਾ ਫੈਸਲਾ ਆਉਣ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਦਾ ਲਗਾਤਾਰ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਹੁਣ ਤੱਕ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਹੁੰਚ ਨਹੀਂ ਕੀਤੀ ਗਈ ਅਤੇ ਹਾਈ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਨ ਦਾ ਦਬਾਅ ਵੀ ਸਰਕਾਰ ’ਤੇ ਵਧਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਸਕੱਤਰ ਨੇ 31 ਅਗਸਤ ਨੂੰ ਹਾਈ ਕੋਰਟ ਵਿੱਚ ਫੈਸਲੇ ਸਬੰਧੀ ਰਿਪੋਰਟ ਵੀ ਪੇਸ਼ ਕਰਨੀ ਹੈ ਕਿ ਮੌਜ਼ੂਦਾ ਸਮੇਂ ਵਿੱਚ ਸਟੇਟਸ ਕੀ ਹੈ? ਇਸ ਲਈ ਸਰਕਾਰ 31 ਅਗਸਤ ਤੋਂ ਪਹਿਲਾਂ ਪਹਿਲਾਂ ਹਰ ਹਾਲਤ ਵਿੱਚ ਇਸ ਮਾਮਲੇ ਦਾ ਹੱਲ ਚਾਹੁੰਦੀ ਹੈ, ਜਿਸ ਕਾਰਨ ਹੀ ਸਰਕਾਰੀ ਮੁਲਾਜ਼ਮਾਂ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ।

ਅਸੀਂ ਪੂਰੀ ਤਰ੍ਹਾਂ ਪਾਜ਼ਿਟਿਵ, ਮੀਟਿੰਗ ’ਚ ਨਿਕਲੇਗਾ ਹੱਲ : ਹਰਪਾਲ ਚੀਮਾ 

ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਸਰਕਾਰੀ ਮੁਲਾਜ਼ਮਾਂ ਦੇ ਨਾਲ ਰਹੀ ਹੈ ਅਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਹੋਣ ਵਾਲੀ ਮੀਟਿੰਗ ਸਬੰਧੀ ਉਹ ਪਾਜ਼ਿਟਿਵ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਮੀਟਿੰਗ ਦੌਰਾਨ ਸਾਰੇ ਮਾਮਲੇ ਦਾ ਹੱਲ਼ ਕਰ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਇਸ ਤੋਂ ਜ਼ਿਆਦਾ ਉਹ ਕੁਝ ਵੀ ਨਹੀਂ ਕਹਿ ਸਕਦੇ ਅਤੇ ਮੀਟਿੰਗ ਤੋਂ ਬਾਅਦ ਹੀ ਸਾਰੀ ਜਾਣਕਾਰੀ ਦਿੱਤੀ ਜਾਏਗੀ।

About The Author

Related Posts