Punjab News: ਅੱਜ ਰੱਖੀ ਜਾਏਗੀ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦੀ ਨੀਂਹ, 25 ਹਜ਼ਾਰ ਮੁਲਾਜ਼ਮਾਂ ਨੂੰ ਹੋਏਗਾ ਫਾਇਦਾ

ਠੇਕੇਦਾਰ ਅਧੀਨ ਕੰਮ ਕਰਨ ਵਾਲੇ ਮੁਲਾਜ਼ਮ ਆਉਣਗੇ ਸਰਕਾਰ ਅਧੀਨ, ਅੱਜ ਪੇਸ਼ ਹੋਏਗਾ ਬਿੱਲ

Ravinder Sharma Picture
Published On
ਖ਼ਤਰਨਾਕ ਸ਼ੇ੍ਰਣੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ 3 ਸਾਲਾਂ ਸਮਾਂ ਸੀਮਾ ਤੈਅ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਠੇਕੇਦਾਰਾਂ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਅੱਜ ਠੇਕੇਦਾਰੀ ਸਿਸਟਮ ਨੂੰ ਹੀ ਖ਼ਤਮ ਕਰਨ ਦੀ ਨੀਂਹ ਰੱਖ ਦਿੱਤੀ ਜਾਏਗੀ। ਪੰਜਾਬ ਭਰ ਵਿੱਚ ਠੇਕੇਦਾਰਾਂ ਅਧੀਨ ਕੰਮ ਕਰਨ ਵਾਲੇ 25 ਹਜ਼ਾਰ ਦੇ ਲਗਭਗ ਮੁਲਾਜ਼ਮਾਂ ਨੂੰ ਸਰਕਾਰ ਅਧੀਨ ਲੈ ਕੇ ਆਉਣ ਲਈ ਵਿਧਾਨ ਸਭਾ ਵਿੱਚ ਅਹਿਮ ਬਿੱਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਪਾਸ ਹੋਣ ਤੋਂ ਬਾਅਦ ਐਕਟ ਰੂਪ ਵਿੱਚ ਇਹ ਪੰਜਾਬ ਭਰ ਵਿੱਚ ਲਾਗੂ ਹੋ ਜਾਏਗਾ।

ਹਾਲਾਂਕਿ ਜਿਹੜੇ ਮੁਲਾਜ਼ਮ ਘੱਟ ਤੋਂ ਘੱਟ 5 ਸਾਲਾ ਠੇਕੇਦਾਰੀ ਸਿਸਟਮ ਰਾਹੀਂ ਸਰਕਾਰ ਵਿੱਚ ਕੰਮ ਕਰ ਰਹੇ ਹਨ, ਉਹਨਾਂ ਨੂੰ ਹੀ ਸਰਕਾਰ ਅਧੀਨ ਕੱਚੇ ਮੁਲਾਜ਼ਮ ਦੇ ਰੂਪ ਵਿੱਚ ਰੱਖਿਆ ਜਾਏਗਾ, ਬਾਕੀਆਂ ਨੂੰ ਇਸ ਲਈ ਵਿਚਾਰ ਨਹੀਂ ਕੀਤਾ ਜਾਏਗਾ ਹਾਲਾਂਕਿ ਜਿਹੜੇ ਮੁਲਾਜ਼ਮ ਖ਼ਤਰਨਾਕ ਕੰਮ ਕਰਨ ਦੀ ਸ਼ੇ੍ਰਣੀ ਵਿੱਚ ਆਉਂਦੇ ਹੋਏ ਉਹਨਾਂ ਲਈ ਇਹ ਸਮਾਂ ਸੀਮਾ 3 ਸਾਲ ਰੱਖੀ ਗਈ ਹੈ। 

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਠੇਕੇਦਾਰਾਂ ਅਧੀਨ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਲੰਬੀ ਮੰਗ ਚਲਦੀ ਆ ਰਹੀ ਸੀ ਕਿ ਉਹਨਾਂ ਨੂੰ ਠੇਕੇਦਾਰੀ ਸਿਸਟਮ ਤੋਂ ਆਜ਼ਾਦ ਕਰਵਾਇਆ ਜਾਵੇ, ਕਿਉਂਕਿ ਸਰਕਾਰ ਵੱਲੋਂ ਮਿਲਣ ਵਾਲੀ ਤਨਖ਼ਾਹ ਵਿੱਚੋਂ ਵੱਡੇ ਪੱਧਰ ’ਤੇ ਕਟੌਤੀ ਠੇਕੇਦਾਰ ਵੱਲੋਂ ਹੀ ਕਰ ਲਈ ਜਾਂਦੀ ਹੈ ਅਤੇ 8 ਤੋਂ 12 ਘੰਟਿਆਂ ਤੱਕ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਭਰ ਪੇਟ ਰੋਟੀ ਜਿੰਨਾ ਪੈਸਾ ਨਹੀਂ ਮਿਲ ਰਿਹਾ ਹੈ। ਇਨ੍ਹਾਂ ਠੇਕੇਦਾਰਾਂ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਆਊਟਸੋਰਸਡ ਪਰਸੋਨਲ ਬਿੱਲ 2026 ਸੋਮਵਾਰ 10 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। 

ਇਸ ਬਿੱਲ ਰਾਹੀਂ ਉਹਨਾਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਿੱਚ ਕੱਚੇ ਮੁਲਾਜ਼ਮ ਵਜੋਂ ਰੱਖਿਆ ਜਾਏਗਾ, ਜਿਹੜੇ ਠੇਕੇਦਾਰੀ ਸਿਸਟਮ ਰਾਹੀਂ ਹੀ ਕੰਮ ਕਰ ਰਹੇ ਸਨ। ਸ਼ੁਰੂਆਤੀ ਪੜਤਾਲ ਦੌਰਾਨ 5 ਸਾਲ ਤੋਂ ਲੰਬੇ ਸਮੇਂ ਤੋਂ 25 ਹਜ਼ਾਰ ਦੇ ਲਗਭਗ ਮੁਲਾਜ਼ਮ ਠੇਕੇਦਾਰਾਂ ਅਧੀਨ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਲਾਭ ਮਿਲੇਗਾ। ਇਸ ਲਿਸਟ ਵਿੱਚ ਬਿਜਲੀ ਵਿਭਾਗ, ਫਾਇਰਮੈਨ ਅਤੇ ਸੀਵਰ ਮੁਲਾਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਦੋ ਸਾਲਾਂ ਦੀ ਤੈਅ ਸਮੇਂ ਤੋਂ ਛੋਟ ਦਿੰਦੇ ਹੋਏ ਤਿੰਨ ਸਾਲਾਂ ਦਾ ਕਾਰਜਕਾਲ ਹੀ ਦਿਖਾਉਣਾ ਪਏਗਾ। 

ਇਸ ਨਵੀਂ ਵਿਵਸਥਾ ਵਿੱਚ ਠੇਕੇਦਾਰ ਵੱਲੋਂ ਲਿਆ ਜਾਣ ਵਾਲਾ ਕਮਿਸ਼ਨ ਅਤੇ ਹਰ ਤਰ੍ਹਾਂ ਦੀ ਕਟੌਤੀ ਬੰਦ ਹੋ ਜਾਏਗੀ, ਜਿਸ ਨਾਲ ਕੱਚੇ ਮੁਲਾਜ਼ਮਾਂ ਨੂੰ ਤਨਖਾਹ ਦੇ ਰੂਪ ਵਿੱਚ ਫਾਇਦਾ ਹੋਏਗਾ। ਪੰਜਾਬ ਸਰਕਾਰ ਵੱਲੋਂ ਤੈਅ ਤਨਖ਼ਾਹ ਇਨ੍ਹਾਂ ਨੂੰ ਦਿੱਤੀ ਜਾਏਗੀ ਅਤੇ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ (ਈਪੀਐੱਸ/ਪੀਐੱਫ ਨੂੰ ਛੱਡ ਕੇ) ਨਹੀਂ ਹੋਏਗੀ।

ਬੈਂਕ ਸਟੇਟਮੈਂਟ ਦਾ ਦੇਣਾ ਪਏਗਾ ਰਿਕਾਰਡ, ਨਗਦ ਤਨਖ਼ਾਹ ਨਹੀਂ ਹੋਏਗੀ ਮਨਜ਼ੂਰ

ਠੇਕੇਦਾਰੀ ਸਿਸਟਮ ਤੋਂ ਸਰਕਾਰ ਵਿੱਚ ਕੱਚੇ ਮੁਲਾਜ਼ਮ ਵਜੋਂ ਟਰਾਂਸਫ਼ਰ ਹੋਣ ਵਾਲੇ ਹਰ ਮੁਲਾਜ਼ਮ ਨੂੰ ਰਿਕਾਰਡ ਦੇ ਰੂਪ ਵਿੱਚ ਹਾਜ਼ਰੀ ਰਜਿਸਟਰ ਤੋਂ ਇਲਾਵਾ ਆਪਣੀ ਬੈਂਕ ਸਟੇਟਮੈਂਟ ਵੀ ਦਿਖਾਉਣੀ ਪਏਗੀ। ਬੈਂਕ ਸਟੇਟਮੈਂਟ ਵਿੱਚ ਹਰ ਮਹੀਨੇ ਦੀ ਤਨਖ਼ਾਹ ਸ਼ਾਮਲ ਹੋਣਾ ਜ਼ਰੂਰੀ ਹੈ। ਬੈਂਕ ਵਿੱਚ ਆਈ ਤਨਖ਼ਾਹ ਨੂੰ ਹੀ ਰਿਕਾਰਡ ਵਿੱਚ ਕਾਰਜ ਰੂਪ ਵਿੱਚ ਦੇਖਿਆ ਜਾਏਗਾ, ਜਦੋਂ ਕਿ ਨਗਦ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਦਾ ਕਾਰਜ ਕਾਲ ਨਹੀਂ ਮੰਨਿਆ ਜਾਏਗਾ। 

About The Author

Related Posts