Bomb Threat: ਛੇ ਸਕੂਲਾਂ ਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁਲਿਸ ਵੱਲੋਂ ਸਾਰੇ ਸਕੂਲਾਂ ਤੇ ਮਿੰਨੀ ਸਕੱਤਰੇਤ ਵਿੱਚ ਵਿਆਪਕ ਸਰਚ ਆਪ੍ਰੇਸ਼ਨ, ਕੋਈ ਸ਼ੱਕੀ ਵਸਤੂ ਨਹੀਂ ਮਿਲੀ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫ਼ਰੀਦਕੋਟ ’ਚ ਮੰਗਲਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਛੇ ਸਕੂਲਾਂ ਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈ-ਮੇਲਾਂ ਪ੍ਰਾਪਤ ਹੋਈਆਂ। ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ’ਚ ਆ ਗਿਆ ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰਦਿਆਂ ਸਾਰੇ ਸਬੰਧਤ ਅਦਾਰਿਆਂ ’ਚ ਵਿਆਪਕ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ ਜਾਂਚ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ 10:15 ਵਜੇ ਖਾਲਿਸਤਾਨ ਨੈਸ਼ਨਲ ਆਰਮੀ-ਬੱਬਰ ਖਾਲਸਾ ਦੇ ਨਾਂਅ ਤੋਂ ਸਕੂਲਾਂ ਨੂੰ ਦੋ ਵੱਖ-ਵੱਖ ਧਮਕੀ ਭਰੀਆਂ ਈ-ਮੇਲਾਂ ਪ੍ਰਾਪਤ ਹੋਈਆਂ।
ਪਹਿਲੀ ਈ-ਮੇਲ ਵਿੱਚ ਫ਼ਰੀਦਕੋਟ ਦੇ ਕੇਂਦਰੀ ਵਿਦਿਆਲਿਆ, ਦਿੱਲੀ ਇੰਟਰਨੈਸ਼ਨਲ ਸਕੂਲ ਤੇ ਸਾਦਿਕ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਕੁਝ ਸਮੇਂ ਬਾਅਦ ਪ੍ਰਾਪਤ ਹੋਈ ਦੂਜੀ ਈ-ਮੇਲ ਵਿੱਚ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ, ਮਾਊਂਟ ਲਿਟਰਾ ਜੀ ਸਕੂਲ ਤੇ ਸੇਂਟ ਮੈਰੀ ਸਕੂਲ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਇਲਾਵਾ ਮਿੰਨੀ ਸਕੱਤਰੇਤ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਭਰੀ ਈ-ਮੇਲ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਧਮਕੀ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਿਸ ਵਿਭਾਗ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਡੀਐੱਸਪੀ ਤੇ ਸਬੰਧਤ ਥਾਣਾ ਮੁਖੀਆਂ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸਾਰੇ ਛੇ ਸਕੂਲਾਂ ’ਚ ਪਹੁੰਚ ਕੇ ਸਕੂਲਾਂ ਦੀਆਂ ਇਮਾਰਤਾਂ, ਕਮਰਿਆਂ, ਆਸ-ਪਾਸ ਦੇ ਇਲਾਕਿਆਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ।
ਇਸ ਦੇ ਨਾਲ ਹੀ ਮਿੰਨੀ ਸਕੱਤਰੇਤ ਵਿੱਚ ਵੀ ਸੁਰੱਖਿਆ ਜਾਂਚ ਕੀਤੀ ਗਈ। ਪੁਲਿਸ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕਿਸੇ ਵੀ ਸਕੂਲ ਜਾਂ ਮਿੰਨੀ ਸਕੱਤਰੇਤ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਸਬੰਧੀ ਐੱਸਪੀ (ਇਨਵੈਸਟੀਗੇਸ਼ਨ) ਨਰਿੰਦਰ ਸਿੰਘ ਨੇ ਦੱਸਿਆ ਕਿ ਧਮਕੀ ਭਰੀਆਂ ਈ-ਮੇਲਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਸਾਰੇ ਸਬੰਧਤ ਸਕੂਲਾਂ ਤੇ ਮਿੰਨੀ ਸਕੱਤਰੇਤ ’ਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਧਮਕੀ ਭਰੀਆਂ ਈ-ਮੇਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਈ-ਮੇਲ ਭੇਜਣ ਵਾਲੇ ਵਿਅਕਤੀ ਜਾਂ ਇਸ ਪਿੱਛੇ ਮੌਜ਼ੂਦ ਸਰੋਤ ਦਾ ਪਤਾ ਲਾਉਣ ਲਈ ਪੁਲਿਸ ਵੱਲੋਂ ਤਕਨੀਕੀ ਪੱਧਰ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। Bomb Threat News
ਇਹ ਵੀ ਪੜ੍ਹੋ : Faridkot News: ਫਰੀਦਕੋਟ ਵਿਖੇ ਸਕੂਲੀ ਬੱਚਿਆਂ ਦੇ ਲੇਖ ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ