Punjab
China Taiwan Warning: ਆਖਰ ਕਿਉਂ ਦਿੱਤੀ ਚੀਨ ਨੇ ਪਨਾਮਾ ਤੇ ਅਮਰੀਕਾ ਨੂੰ ਚੇਤਾਵਨੀ, ਪੜ੍ਹੋ ਪੂਰੀ ਖਬਰ
ਅਮਰੀਕਾ ਨੂੰ ਚੇਤਾਵਨੀ ਕਿਹਾ, ਤਾਈਵਾਨ ਮੁੱਦੇ ’ਤੇ ਸੀਮਾ ਪਾਰ ਨਾ ਕਰਨ
ਬੀਜਿੰਗ (ਸੱਚ ਕਹੂੰ ਨਿਊਜ਼/ਹਿੰ.ਸ.)। ਚੀਨ ਨੇ ਤਾਈਵਾਨੀ ਅਧਿਕਾਰੀਆਂ ਤੇ ਚੀਨ ਨਾਲ ਕੂਟਨੀਤਕ ਸਬੰਧ ਰੱਖਣ ਵਾਲੇ ਦੇਸ਼ਾਂ ਵਿਚਕਾਰ ਕਿਸੇ ਵੀ ਅਧਿਕਾਰਤ ਸੰਪਰਕ ਦਾ ਸਖ਼ਤ ਵਿਰੋਧ ਕੀਤਾ ਹੈ। ਚੀਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਬਾਹਰੀ ਤਾਕਤਾਂ ਨੂੰ ਆਪਣੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣ ਦੀ ਇਜਾਜ਼ਤ ਨਹੀਂ ਦੇਵੇਗਾ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ, ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਸੋਮਵਾਰ ਨੂੰ ਨਿਯਮਤ ਪ੍ਰੈਸ ਬ੍ਰੀਫਿੰਗ ਦੌਰਾਨ ਇਹ ਬਿਆਨ ਦਿੱਤਾ। ਉਹ ਇੱਕ ਮੀਡੀਆ ਰਿਪੋਰਟ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਕੁਝ ਪਨਾਮਾ ਦੇ ਸੰਸਦ ਮੈਂਬਰਾਂ ਨੇ ਹਾਲ ਹੀ ’ਚ ‘ਪਨਾਮਾ ਤੇ ਤਾਈਵਾਨ ਸੰਸਦੀ ਐਕਸਚੇਂਜ ਸਮੂਹ’ ਦਾ ਗਠਨ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਅਮਰੀਕੀ ਸੰਸਦ ਮੈਂਬਰਾਂ ਨੇ ਵੀਡੀਓ ਲਿੰਕ ਰਾਹੀਂ ਇਸ ਸਮੂਹ ਦੇ ਲਾਂਚ ਸਮਾਗਮ ਵਿੱਚ ਵੀ ਹਿੱਸਾ ਲਿਆ। China Taiwan Warning
ਹਾਲਾਂਕਿ, ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਕਿਹਾ ਕਿ ਦੇਸ਼ ਦੀ ਵਿਦੇਸ਼ ਨੀਤੀ ਤੇ ਸਬੰਧ ਕਾਰਜਕਾਰੀ ਸ਼ਾਖਾ, ਭਾਵ ਸਰਕਾਰ ਦੁਆਰਾ ਤੈਅ ਕੀਤੇ ਜਾਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਤਾਈਵਾਨ ਨਾਲ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਜ਼ਰੂਰੀ ਤੌਰ ’ਤੇ ਪਨਾਮਾ ਸਰਕਾਰ ਦੇ ਸਮਰਥਨ ਨੂੰ ਦਰਸਾਉਂਦੀ ਨਹੀਂ ਹੈ। ਗੁਓ ਜਿਆਕੁਨ ਨੇ ਕਿਹਾ ਕਿ ਦੁਨੀਆ ’ਚ ਸਿਰਫ਼ ਇੱਕ ਹੀ ਚੀਨ ਹੈ ਤੇ ਤਾਈਵਾਨ ਚੀਨ ਦੇ ਖੇਤਰ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਕੁਝ ਸਿਆਸਤਦਾਨਾਂ ਨੂੰ ਤਾਈਵਾਨ ਮੁੱਦੇ ਦੀ ਅਸਲੀਅਤ ਨੂੰ ਸਮਝਣ ਦੀ ਅਪੀਲ ਕੀਤੀ, ਚੇਤਾਵਨੀ ਦਿੱਤੀ ਕਿ ਇਸ ਮੁੱਦੇ ’ਤੇ ‘ਰੇਖਾ ਪਾਰ ਕਰਨ’ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਚੀਨੀ ਬੁਲਾਰੇ ਨੇ ਅਖੌਤੀ ਸੰਸਦੀ ਅਦਾਨ-ਪ੍ਰਦਾਨ ਸਮੂਹ ਦੇ ਗਠਨ ਨੂੰ ‘ਵਨ-ਚਾਈਨ’ ਸਿਧਾਂਤ ਦੀ ਗੰਭੀਰ ਉਲੰਘਣਾ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ਨੇ ਪਨਾਮਾ ਸਰਕਾਰ ਦੇ ਬਿਆਨ ਦਾ ਨੋਟਿਸ ਲਿਆ ਹੈ ਤੇ ਉਮੀਦ ਕਰਦਾ ਹੈ ਕਿ ਪਨਾਮਾ ਚੀਨ-ਪਨਾਮਾ ਸਬੰਧਾਂ ਦੀ ਰਾਜਨੀਤਿਕ ਨੀਂਹ ਨੂੰ ਬਰਕਰਾਰ ਰੱਖਣ ਲਈ ਠੋਸ ਕਦਮ ਚੁੱਕੇਗਾ ਤੇ ‘ਵਨ-ਚਾਈਨਾ’ ਸਿਧਾਂਤ ਪ੍ਰਤੀ ਆਪਣੀ ਵਚਨਬੱਧਤਾ ਦਾ ਸਨਮਾਨ ਕਰੇਗਾ।
ਇਹ ਵੀ ਪੜ੍ਹੋ : Sunam News: ਕਿਸਾਨਾਂ ਦਾ ਮੋਰਚਾ ਜਾਰੀ, ਮੰਤਰੀ ਦੀ ਕੋਠੀ ਨਜ਼ਦੀਕ ਪਹੁੰਚੇ ਕਿਸਾਨ
ਚੀਨ ਨੇ ਇਸ ਮੁੱਦੇ ’ਤੇ ਅਮਰੀਕਾ ਨੂੰ ਵੀ ਚੇਤਾਵਨੀ ਦਿੱਤੀ ਹੈ। ਗੁਓ ਨੇ ਅਮਰੀਕਾ ਨੂੰ ‘ਵਨ-ਚਾਈਨਾ’ ਸਿਧਾਂਤ ਤੇ ਚੀਨ ਅਤੇ ਅਮਰੀਕਾ ਵਿਚਕਾਰ ਤਿੰਨ ਸਾਂਝੇ ਬਿਆਨਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਤਾਈਵਾਨ ਦੀ ਆਜ਼ਾਦੀ ਦੀ ਮੰਗ ਕਰਨ ਵਾਲੀਆਂ ਵੱਖਵਾਦੀ ਤਾਕਤਾਂ ਨੂੰ ਝੂਠੇ ਸੰਦੇਸ਼ ਭੇਜਣਾ ਬੰਦ ਕਰੇ ਅਤੇ ਚੀਨ-ਪਨਾਮਾ ਸਬੰਧਾਂ ’ਚ ਵਿਘਨ ਪਾਉਣ ਜਾਂ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਤੋਂ ਪਰਹੇਜ਼ ਕਰੇ। ਚੀਨ ਲੰਬੇ ਸਮੇਂ ਤੋਂ ਦੂਜੇ ਦੇਸ਼ਾਂ ਤੇ ਤਾਈਵਾਨ ਵਿਚਕਾਰ ਅਧਿਕਾਰਤ ਸੰਪਰਕ ਦਾ ਵਿਰੋਧ ਕਰਦਾ ਆਇਆ ਹੈ। ਬੀਜਿੰਗ ਤਾਈਵਾਨ ਨੂੰ ਆਪਣੇ ਖੇਤਰ ਦਾ ਹਿੱਸਾ ਮੰਨਦਾ ਹੈ, ਜਦੋਂ ਕਿ ਤਾਈਵਾਨੀ ਸਰਕਾਰ ਆਪਣੇ ਆਪ ਨੂੰ ਲੋਕਤੰਤਰੀ ਤੌਰ ’ਤੇ ਸ਼ਾਸਿਤ ਮੰਨਦੀ ਹੈ। ਇਸ ਮੁੱਦੇ ’ਤੇ ਚੀਨ ਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਰਿਹਾ ਹੈ। China Taiwan Warning