Agriculture Punjab: ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ : ਬਰਿੰਦਰ ਕੁਮਾਰ ਗੋਇਲ
ਬਾਦਸ਼ਾਹਪੁਰ ਵਿਖੇ ਘੱਗਰ ਦੇ ਕਿਨਾਰੇ 2.46 ਕਰੋੜ ਰੁਪਏ ਖਰਚ ਕਰਕੇ ਪੱਥਰ ਤੇ ਜਾਲੀ ਲਗਾ ਕੇ ਮਜ਼ਬੂਤ ਕੀਤੇ : ਗੋਇਲ
Agriculture Punjab: ਚੰਡੀਗੜ੍ਹ/ਪਾਤੜਾਂ। ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸ਼ੁਤਰਾਣਾ ਹਲਕੇ ਦੇ ਪਿੰਡ ਬੂਟਾ ਸਿੰਘ ਵਾਲਾ ਤੇ ਬਾਦਸ਼ਾਹਪੁਰ ਵਿਖੇ ਨਹਿਰੀ ਪਾਣੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦਾ ਕਿਸਾਨਾਂ ਨੂੰ ਇਹ ਵੱਡਾ ਤੋਹਫ਼ਾ ਦੇਣ ਲਈ ਧੰਨਵਾਦ ਕੀਤਾ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਤਰਾਣਾ ਹਲਕੇ ’ਚ 80.35 ਕਰੋੜ ਰੁਪਏ ਦੀ ਲਾਗਤ ਨਾਲ 137.13 ਕਿਲੋਮੀਟਰ ਨਹਿਰਾਂ, ਰਜਬਾਹਿਆਂ ਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਨਾਲ 56 ਪਿੰਡਾਂ ਦੀ ਲਗਭਗ 68, 500 ਏਕੜ ਜ਼ਮੀਨ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸ ਤਹਿਤ 2 ਨਹਿਰਾਂ, 14 ਕੁੱਲ ਮਾਈਨਰ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 53.9 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਨ੍ਹਾਂ ’ਤੇ 8.89 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਪਾਈਪਲਾਈਨਾਂ ਰਾਹੀਂ 18 ਪਿੰਡਾਂ ਦੀ ਕਰੀਬ 9,302 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਬਰਿੰਦਰ ਕੁਮਾਰ ਗੋਇਲ ਨੇ ਬਾਦਸ਼ਾਹਪੁਰ ਵਿਖੇ ਘੱਗਰ ਬੰਨ੍ਹ ਮਜ਼ਬੂਤ ਕਰਨ ਦਾ ਜਾਇਜ਼ਾ ਲਿਆ ਤੇ ਦੱਸਿਆ ਕਿ ਡਰੇਨੇਜ ਵਿਭਾਗ ਨੇ ਘੱਗਰ ਦੇ ਕਿਨਾਰੇ, ਜਿੱਥੇ ਕਿਤੇ ਢਾਹ ਲੱਗਣ ਦਾ ਖ਼ਦਸ਼ਾ ਸੀ, ਉੱਥੇ 1000 ਫੁੱਟ ਖੇਤਰ ’ਤੇ 2.46 ਕਰੋੜ ਰੁਪਏ ਖਰਚ ਕਰਕੇ ਪੱਥਰ ਤੇ ਜਾਲੀ ਲਾ ਕੇ ਮਜ਼ਬੂਤ ਕੀਤਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਬਰਿੰਦਰ ਗੋਇਲ ਨੇ ਕਿਹਾ ਕਿ ਡਰੇਨੇਜ ਵਿਭਾਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਦਾਇਤ ਅਨੁਸਾਰ ਪਿਛਲੇ ਸਾਲ ਦੌਰਾਨ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ ਉਹ ਕਦੇ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ, ਜਿਸ ਕਰਕੇ ਲੰਘੇ ਸਾਲ ਘੱਗਰ ਨਦੀ ’ਚ ਬਹੁਤਾਤ ’ਚ ਆਏ ਪਾਣੀ ਦੇ ਬਾਵਜੂਦ ਕਿਸੇ ਵੀ ਥਾਂ ’ਤੇ ਕੋਈ ਬੰਨ੍ਹ ਨਹੀਂ ਟੁੱਟਿਆ। ਉਨ੍ਹਾਂ ਦੱਸਿਆ ਕਿ ਬਾਦਸ਼ਾਹਪੁਰ ਵਿਖੇ ਵੀ ਖਨੌਰੀ ਦੀ ਤਰ੍ਹਾਂ ਗੇਜ ਲਾਈ ਜਾਵੇਗੀ। Agriculture Punjab
Read Also : Maharashtra Building Collapse: ਦਰਦਨਾਕ ਹਾਦਸਾ, ਮਹਾਰਾਸ਼ਟਰ ’ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 8 ਮੌਤਾਂ
ਹੁਣ ਤੱਕ ਹੜ੍ਹਾਂ ਤੋਂ ਬਚਾਅ ਦੇ ਕਾਰਜ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕਾਰ ਸੇਵਾ, ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦੀ ਹਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਕੈਬਨਿਟ ਮੰਤਰੀ ਗੋਇਲ ਤੀਜੀ ਵਾਰ ਸ਼ੁਤਰਾਣਾ ਹਲਕੇ ’ਚ ਆਕੇ ਉਦਘਾਟਨ ਕਰਕੇ ਗਏ ਹਨ, ਤੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਘੱਗਰ ਤੋਂ ਪਾਰਲੇ ਪਿੰਡਾਂ ਤੱਕ ਵੀ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਤੇ ਇਨ੍ਹਾਂ ਪ੍ਰਾਜੈਕਟਾਂ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਤੇ ਖੇਤੀਬਾੜੀ ਨੂੰ ਹੋਰ ਮਜ਼ਬੂਤੀ ਮਿਲੇਗੀ। ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਤੇ ਜਲ ਸਰੋਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨ ਪੱਖੀ ਫ਼ੈਸਲਿਆਂ ਨੂੰ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ, ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ, ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਨਦੀਪ ਸਿੰਘ, ਆਕਾਸ਼ ਅਗਰਵਾਲ, ਸਮੇਤ ਵੱਡੀ ਗਿਣਤੀ ਕਿਸਾਨ, ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ। Agriculture Punjab