Bhagwant Mann News: ਮਾਲੇਰਕੋਟਲਾ ਦੀਆਂ ਧੀਆਂ ਨੂੰ ਆਜ਼ਾਦੀ ਦਿਹਾੜੇ ’ਤੇ ਸੀਐਮ ਭਗਵੰਤ ਮਾਨ ਦਾ ਤੋਹਫ਼ਾ

5 ਮੰਜ਼ਿਲਾ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ,₹6.39 ਕਰੋੜ ਦੇ ਪ੍ਰੋਜੈਕਟ ਨੂੰ 6.34 ਕਰੋੜ ’ਚ ਕੀਤਾ ਮੁਕੰਮਲ

Khushdeep Singh Picture
Published On

Bhagwant Mann News: ਮਲੇਰਕੋਟਲਾ (ਗੁਰਤੇਜ ਜੋਸ਼ੀ)। ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਅੱਜ ਮਲੇਰਕੋਟਲਾ ਵਿਖੇ ਲੜਕੀਆਂ ਲਈ ਨਵੀਂ ਪੰਜ ਮੰਜ਼ਿਲਾ ਸਰਕਾਰੀ ਸਕੂਲ ਇਮਾਰਤ ਦਾ ਉਦਘਾਟਨ ਕਰਦਿਆਂ ਇਸ ਨੂੰ ਪੰਜਾਬ ਦੀਆਂ ਧੀਆਂ ਲਈ ਆਜ਼ਾਦੀ ਦਿਹਾੜੇ ਦਾ ਵਿਸ਼ੇਸ਼ ਤੋਹਫ਼ਾ ਕਰਾਰ ਦਿੱਤਾ। ਕਰੀਬ 54 ਹਜ਼ਾਰ ਵਰਗ ਫੁੱਟ ’ਚ ਬਣੀ ਇਸ ਆਧੁਨਿਕ ਇਮਾਰਤ ’ਤੇ 6.39 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਦੇ ਮੁਕਾਬਲੇ 6.34 ਕਰੋੜ ਖਰਚ ਹੋਏ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਦੇ 5.25 ਲੱਖ ਦੀ ਬੱਚਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਇਮਾਰਤ ’ਚ ਲਾਇਬ੍ਰੇਰੀਆਂ, ਸਮਾਰਟ ਕਲਾਸਰੂਮ, ਕਾਮਨ ਰੂਮ, ਵਾਸ਼ਰੂਮ ਤੇ ਵਿਦਿਆਰਥਣਾਂ ਲਈ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਬਣਨ ਨਾਲ ਮਲੇਰਕੋਟਲਾ ਤੇ ਆਸ-ਪਾਸ ਦੇ ਪਿੰਡਾਂ ਦੀਆਂ ਵਿਦਿਆਰਥਣਾਂ ਨੂੰ ਘਰ ਦੇ ਨੇੜੇ ਹੀ ਮਿਆਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ।

ਮਲੇਰਕੋਟਲਾ ਦੀ ਇਤਿਹਾਸਕ ਸਾਂਝ ਦਾ ਕੀਤਾ ਜ਼ਿਕਰ | Bhagwant Mann News

ਭਗਵੰਤ ਮਾਨ ਨੇ ਮਲੇਰਕੋਟਲਾ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸ਼ਹਿਰ ਏਕਤਾ, ਭਾਈਚਾਰੇ ਤੇ ਪਿਆਰ ਦੀ ਧਰਤੀ ਹੈ। ਉਨ੍ਹਾਂ ਨਵਾਬ ਮਲੇਰਕੋਟਲਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਵਰਗੇ ਇਤਿਹਾਸਕ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਨਵੀਂ ਸਕੂਲ ਇਮਾਰਤ ਲੋਕਾਂ ਨੂੰ ਸਮਰਪਿਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਪੁਰਾਣੇ ਸਕੂਲ ਦੀ ਹਾਲਤ ਨੂੰ ਵੀ ਕੀਤਾ ਯਾਦ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਸੰਸਦ ਮੈਂਬਰ ਸਨ ਤਾਂ ਸਕੂਲ ਸਰਦੀਆਂ ਦੇ ਦਿਨਾਂ ’ਚ ਦੋ ਸ਼ਿਫ਼ਟਾਂ ਵਿੱਚ ਚੱਲਦਾ ਸੀ ਤੇ ਵਿਦਿਆਰਥਣਾਂ ਨੂੰ ਘਰ ਵਾਪਸ ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਸ ਸਮੇਂ ਸਕੂਲ ਦੀ ਇਮਾਰਤ ਦੀ ਹਾਲਤ ਵੀ ਸੁਰੱਖਿਅਤ ਨਹੀਂ ਸੀ। ਹੁਣ ਨਵੀਂ ਇਮਾਰਤ ਨਾਲ ਵਿਦਿਆਰਥਣਾਂ ਨੂੰ ਸੁਰੱਖਿਅਤ ਤੇ ਆਧੁਨਿਕ ਵਾਤਾਵਰਨ ਮਿਲੇਗਾ।

ਇਹ ਵੀ ਪੜ੍ਹੋ :  Independence Day Security: ਆਜ਼ਾਦੀ ਦਿਹਾੜੇ ਸਬੰਧੀ ਡੀਜੀਪੀ ਪੰਜਾਬ ਵੱਲੋਂ ਤਿੰਨ ਰੇਂਜਾਂ ਦੀ ਸੁਰੱਖਿਆ ਦਾ ਜਾਇਜ਼ਾ

ਪੰਜਾਬ ਨੂੰ ਸਿੱਖਿਆ ’ਚ ਨੰਬਰ ਇੱਕ ਬਣਾਉਣ ਦਾ ਦਾਅਵਾ

ਭਗਵੰਤ ਮਾਨ ਨੇ ਕਿਹਾ ਕਿ 2022 ’ਚ ਉਨ੍ਹਾਂ ਦੀ ਸਰਕਾਰ ਬਣਨ ਸਮੇਂ ਪੰਜਾਬ ਸਿੱਖਿਆ ਦੇ ਖੇਤਰ ’ਚ 27ਵੇਂ ਸਥਾਨ ’ਤੇ ਸੀ, ਜਦਕਿ ਹੁਣ ਪੰਜਾਬ ਦੇਸ਼ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਅਧਿਆਪਕ ਸਿਖਲਾਈ, ਸਕੂਲ ਆਫ਼ ਐਮੀਨੈਂਸ ਤੇ ਸਿੱਖਿਆ ਖੇਤਰ ’ਚ ਕੀਤੇ ਹੋਰ ਸੁਧਾਰਾਂ ਨੂੰ ਇਸ ਤਬਦੀਲੀ ਦਾ ਕਾਰਨ ਦੱਸਿਆ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਕਈ ਸਕੂਲਾਂ ਦੀਆਂ ਇਮਾਰਤਾਂ ਨੂੰ ਸਿਰਫ਼ ਰੰਗ ਕਰਕੇ ‘ਸਮਾਰਟ ਸਕੂਲ’ ਦਾ ਨਾਂਅ ਦੇ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਸਬੰਧੀ ਵੀ ਨਵੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ 7,800 ਪ੍ਰਾਈਵੇਟ ਸਕੂਲਾਂ ’ਚ ਪੜ੍ਹ ਰਹੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ ਤੇ ਸਕੂਲ ਇੱਕ ਸਾਲ ’ਚ ਪੰਜ ਫ਼ੀਸਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ। ਉਨ੍ਹਾਂ ਸਰਕਾਰੀ ਸਕੂਲਾਂ ’ਚ ਕਰਵਾਈਆਂ ਗਈਆਂ ਪੇਰੈਂਟ-ਟੀਚਰ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ’ਚ 24 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ।

ਸਿਹਤ, ਰੋਜ਼ਗਾਰ ਤੇ ਵਿਕਾਸ ਕਾਰਜਾਂ ਦੀ ਗਿਣਾਈਆਂ ਉਪਲਬਧੀਆਂ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 1,090 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ਤੋਂ 5 ਕਰੋੜ ਤੋਂ ਵੱਧ ਲੋਕ ਲਾਭ ਲੈ ਚੁੱਕੇ ਹਨ। ਉਨ੍ਹਾਂ ਮਲੇਰਕੋਟਲਾ ’ਚ ਜਲਦ ਨਵਾਬ ਸ਼ੇਰ ਖ਼ਾਨ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਵੀ ਕਹੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਹੁਣ ਤੱਕ 69 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੇਂਡੂ ਲਿੰਕ ਸੜਕਾਂ, ਨਹਿਰੀ ਪਾਣੀ, ਕਿਸਾਨਾਂ ਨੂੰ ਦਿਨ ਸਮੇਂ ਬਿਜਲੀ ਤੇ ਉਦਯੋਗਿਕ ਨਿਵੇਸ਼ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਦਾ ਜ਼ਿਕਰ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਇਸ ਸਾਲ ਅਕਤੂਬਰ ’ਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਖੇਡ ਸਮਾਗਮ ਪੰਜਾਬ ਦੀ ਹਾਕੀ ਨਾਲ ਜੁੜੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ। Bhagwant Mann News

ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ | Bhagwant Mann News

ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਨਫ਼ਰਤ ਦਾ ਬੀਜ ਨਹੀਂ ਪੈਦਾ ਹੋ ਸਕਦਾ ਤੇ ਲੋਕਾਂ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਭਾਜਪਾ ’ਤੇ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਨਫ਼ਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਗਾਏ। ਇਸ ਦੇ ਨਾਲ ਹੀ ਕਾਂਗਰਸ ਤੇ ਅਕਾਲੀ ਦਲ ’ਤੇ ਪਰਿਵਾਰਵਾਦ ਦੀ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਪੰਜਾਬ ’ਚ ਰਵਾਇਤੀ ਪਾਰਟੀਆਂ ਦੀ ਇੱਕ-ਦੂਜੇ ਦੀ ਵਾਰੀ ਦੀ ਉਡੀਕ ਵਾਲੀ ਰਾਜਨੀਤੀ ਖ਼ਤਮ ਹੋ ਚੁੱਕੀ ਹੈ।

About The Author

Related Posts