Analog Paneer Ban: ਪੰਜਾਬ ’ਚ ਹੁਣ ਨਹੀਂ ਵਿਕੇਗਾ ਐਨਾਲੌਗ ਪਨੀਰ, ਸਰਕਾਰ ਨੇ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਲਗਾਈ ਇਕ ਸਾਲ ਦੀ ਪਾਬੰਦੀ

ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵੱਲੋਂ ਹੁਕਮ ਜਾਰੀ ਕੀਤੇ

Satinder Mathur  Picture
Published On

Analog Paneer Ban: ਚੰਡੀਗੜ੍ਹ,(ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਵਿੱਚ ਹੁਣ ਨਾਨ-ਡੇਅਰੀ ਜਾਂ ਐਨਾਲੌਗ ਪਨੀਰ ਦੀ ਵਿਕਰੀ ਨਹੀਂ ਹੋ ਸਕੇਗੀ। ਪੰਜਾਬ ਸਰਕਾਰ ਨੇ ਐਨਾਲੌਗ ਪਨੀਰ ਦੇ ਉਤਪਾਦਨ, ਸਟੋਰੇਜ, ਟਰਾਂਸਪੋਰਟ, ਵੰਡ ਅਤੇ ਵਿਕਰੀ ’ਤੇ ਇਕ ਸਾਲ ਲਈ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ-2006 ਦੀ ਧਾਰਾ 30(2)(ਏ) ਤਹਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ: Raksha Bandhan: ਰੱਖੜੀ ਮੌਕੇ ਯਾਤਰੀਆਂ ਲਈ ਰਾਹਤ, ਚੰਡੀਗੜ੍ਹ-ਲਖਨਊ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ

ਸਰਕਾਰ ਦੇ ਹੁਕਮਾਂ ਤੋਂ ਬਾਅਦ ਕੋਈ ਵੀ ਫੂਡ ਬਿਜ਼ਨਸ ਆਪਰੇਟਰ ਕਿਸੇ ਵੀ ਨਾਮ ਨਾਲ ਐਨਾਲੌਗ ਪਨੀਰ ਦਾ ਉਤਪਾਦਨ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਇਸ ਨੂੰ ਸਟੋਰ ਕਰਨ, ਇੱਕ ਥਾਂ ਤੋਂ ਦੂਜੀ ਥਾਂ ਲਿਜਾਣ, ਸਪਲਾਈ ਕਰਨ ਅਤੇ ਵੇਚਣ ’ਤੇ ਵੀ ਰੋਕ ਰਹੇਗੀ। ਜ਼ਿਲ੍ਹਾ ਪੱਧਰ ’ਤੇ ਡੇਅਰੀ ਯੂਨਿਟਾਂ, ਪਨੀਰ ਫੈਕਟਰੀਆਂ, ਹੋਲਸੇਲਰਾਂ, ਰਿਟੇਲਰਾਂ, ਕੋਲਡ ਸਟੋਰਾਂ ਅਤੇ ਗੋਦਾਮਾਂ ਦੀ ਸਘਣ ਜਾਂਚ ਕੀਤੀ ਜਾਵੇਗੀ। ਪਨੀਰ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਵੀ ਚੈਕਿੰਗ ਹੋਵੇਗੀ। ਇਸ ਤੋਂ ਇਲਾਵਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ ਪਨੀਰ ਦੀ ਖਰੀਦ ਦੇ ਰਿਕਾਰਡ ਵੀ ਜਾਂਚੇ ਜਾਣਗੇ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਪਾਬੰਦੀ ਦੌਰਾਨ ਕਿਸੇ ਵੀ ਥਾਂ ’ਤੇ ਐਨਾਲੌਗ ਪਨੀਰ ਦਾ ਉਤਪਾਦਨ, ਸਟੋਰੇਜ ਜਾਂ ਵਿਕਰੀ ਨਾ ਹੋਵੇ।

ਕੀ ਹੁੰਦਾ ਹੈ ਐਨਾਲੌਗ ਪਨੀਰ?

ਐਨਾਲੌਗ ਪਨੀਰ ਇੱਕ ਨਾਨ-ਡੇਅਰੀ ਜਾਂ ਕ੍ਰਿਤ੍ਰਿਮ ਪਨੀਰ ਵਿਕਲਪ ਹੈ, ਜਿਸ ਨੂੰ ਅਸਲੀ ਦੁੱਧ ਦੀ ਬਜਾਏ ਮੁੱਖ ਤੌਰ ’ਤੇ ਵਨਸਪਤੀ ਤੇਲ, ਸਟਾਰਚ, ਮਿਲਕ ਪਾਊਡਰ ਅਤੇ ਸੋਇਆ ਜਾਂ ਮਟਰ ਪ੍ਰੋਟੀਨ ਵਰਗੀਆਂ ਸਮੱਗਰੀਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਦਿੱਖ ਅਤੇ ਸਵਾਦ ਵਿੱਚ ਇਹ ਰਵਾਇਤੀ ਦੁੱਧ ਵਾਲੇ ਪਨੀਰ ਵਰਗਾ ਲੱਗ ਸਕਦਾ ਹੈ, ਪਰ ਇਸ ਵਿੱਚ ਦੁੱਧ ਤੋਂ ਮਿਲਣ ਵਾਲੇ ਕੁਦਰਤੀ ਫੈਟ ਅਤੇ ਪ੍ਰੋਟੀਨ ਦੀ ਥਾਂ ਗੈਰ-ਡੇਅਰੀ ਸਮੱਗਰੀ ਵਰਤੀ ਜਾਂਦੀ ਹੈ। ਐਨਾਲੌਗ ਪਨੀਰ ਦੀ ਲਾਗਤ ਘੱਟ ਹੋਣ ਅਤੇ ਇਸ ਦੀ ਸ਼ੈਲਫ ਲਾਈਫ ਲੰਬੀ ਹੋਣ ਕਾਰਨ ਕੁਝ ਰੈਸਟੋਰੈਂਟਾਂ ਅਤੇ ਸਥਾਨਕ ਵਿਕਰੇਤਾਵਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਹੁਣ ਇਸ ਦੀ ਸਪਲਾਈ ਚੇਨ ’ਤੇ ਹੀ ਰੋਕ ਲਗਾ ਦਿੱਤੀ ਗਈ ਹੈ।

ਆਮ ਪਨੀਰ ਤੇ ਐਨਾਲੌਗ ਪਨੀਰ ’ਚ ਫਰਕ

ਆਮ ਪਨੀਰ: ਦੁੱਧ ਅਤੇ ਦੁੱਧ ਤੋਂ ਬਣੇ ਠੋਸ ਪਦਾਰਥਾਂ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਮਿਲਕ ਫੈਟ ਹੁੰਦਾ ਹੈ।

ਐਨਾਲੌਗ ਪਨੀਰ: ਦੁੱਧ ਦੇ ਕੁਝ ਜਾਂ ਸਾਰੇ ਹਿੱਸਿਆਂ ਦੀ ਥਾਂ ਵਨਸਪਤੀ ਫੈਟ/ਤੇਲ, ਵਨਸਪਤੀ ਪ੍ਰੋਟੀਨ ਅਤੇ ਸਟਾਰਚ ਵਰਗੀਆਂ ਗੈਰ-ਡੇਅਰੀ ਸਮੱਗਰੀਆਂ ਵਰਤੀਆਂ ਜਾ ਸਕਦੀਆਂ ਹਨ।

About The Author

Related Posts