Mansa News: ਭੰਮੇ ਕਲਾਂ ਦੇ ਨੌਜਵਾਨ ਦੀ ਮੌਤ ਮਗਰੋਂ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ

ਦਲਜੀਤ ਸਿੰਘ ਦੀ ਲਾਸ਼ ਕਬਜ਼ੇ ’ਚ ਲੈਣ ਤੋਂ ਬਾਅਦ ਰਮਦਿੱਤੇ ਵਾਲਾ ਚੌਕ ਆਵਾਜਾਈ ਲਈ ਖੋਲ੍ਹਿਆ

Ravinder Sharma Picture
Published On

ਝੁਨੀਰ (ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਦੇ 34 ਸਾਲਾ ਨੌਜਵਾਨ ਦਲਜੀਤ ਸਿੰਘ ਉਰਫ਼ ਜੀਤਾ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮਾਹੌਲ ਦੌਰਾਨ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਵੱਖ-ਵੱਖ ਥਾਣਿਆਂ ਵਿੱਚ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ, ਜਿਸ ਤੋਂ ਬਾਅਦ ਰਮਦਿੱਤੇ ਵਾਲਾ ਚੌਕ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਉਰਫ਼ ਜੀਤਾ ਦੀ ਲਾਸ਼ ਪਿੰਡ ਰਾਮਾਨੰਦੀ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਇੱਕ ਮੰਜੇ ਤੋਂ ਮਿਲੀ ਸੀ। ਮ੍ਰਿਤਕ ਦੀ ਪਤਨੀ ਅਨੁਸਾਰ ਦਲਜੀਤ ਸਿੰਘ ਪਿਛਲੇ 20 ਦਿਨਾਂ ਤੋਂ ਨਸ਼ਾ ਨਹੀਂ ਕਰ ਰਿਹਾ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਸਰਸਾ-ਮਾਨਸਾ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਮ੍ਰਿਤਕ ਦੀ ਪਤਨੀ ਨੇ ਮੰਗ ਕੀਤੀ ਸੀ ਕਿ ਦਲਜੀਤ ਸਿੰਘ ਨੂੰ ਫ਼ੋਨ ਕਰਕੇ ਆਪਣੇ ਨਾਲ ਲਿਜਾਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਕਾਰਵਾਈ ਹੋਣ ਤੱਕ ਸੰਸਕਾਰ ਨਾ ਕਰਨ ਦਾ ਐਲਾਨ ਵੀ ਕੀਤਾ ਸੀ।

ਇਸ ਦੌਰਾਨ ਮ੍ਰਿਤਕ ਦੀ ਦੇਹ ਨੂੰ ਮਾਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਵੱਲੋਂ ਰਮਦਿੱਤੇ ਵਾਲਾ ਚੌਕ ਵਿਖੇ ਰੋਕੇ ਜਾਣ ਤੋਂ ਬਾਅਦ ਉੱਥੇ ਧਰਨਾ ਲੱਗ ਗਿਆ ਅਤੇ ਆਵਾਜਾਈ ਠੱਪ ਹੋ ਗਈ। ਸਥਿਤੀ ਤਣਾਅਪੂਰਨ ਹੋਣ ਕਾਰਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋਣ ਦੀ ਵੀ ਜਾਣਕਾਰੀ ਮਿਲੀ।

ਡੀਐੱਸਪੀ ਸਰਦੂਲਗੜ੍ਹ ਹਰਪ੍ਰੀਤ ਸਿੰਘ ਚਹਿਲ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ। ਪੁਲਿਸ ਵੱਲੋਂ ਮ੍ਰਿਤਕ ਦੀ ਦੇਹ ਕਬਜ਼ੇ ਵਿੱਚ ਲੈਣ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਰਮਦਿੱਤੇ ਵਾਲਾ ਚੌਕ ’ਤੇ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ। ਮਾਮਲੇ ਵਿੱਚ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦਾ ਪਤਾ ਪੁਲਿਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

Read Also : ਬਿਨਾ ਕੋਈ ਠੋਸ ਵਜ਼੍ਹਾ ਅਸਤੀਫ਼ਾ ਦੇਵੇ ਤਾਂ ਵਿਧਾਇਕ ਤੋਂ ਵਸੂਲਿਆ ਜਾਵੇ ਉੱਪ ਚੋਣਾਂ ਦਾ ਪੂਰਾ ਖਰਚ: Supreme Court

Comments

Post Your Comment

About The Author

Related Posts