Punjab
Kirti Kisan Union Anti Drug Protest: ਪਰਮਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਦੇ ਸੱਦੇ 'ਤੇ ਨਸ਼ਿਆਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਦਾ ਰੋਸ
ਨਸ਼ੇ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਲਾਮਬੰਦ ਹੋ ਕੇ ਇਸ ਨੈਕਸਸ ਨੂੰ ਤੋੜਨਾ ਪਵੇਗਾ
Kirti Kisan Union Anti Drug Protest: (ਵਿਸ਼ਾਲ ਕੁਮਾਰ ਗੋਇਲ) ਘੱਗਾ। ਪਰਮਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਵੱਲੋਂ 25 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ’ਚ ਝਾੜੂ ਸਾੜਨ ਦੇ ਤੀਜੇ ਸੱਦੇ ਦੀ ਕਿਰਤੀ ਕਿਸਾਨ ਯੂਨੀਅਨ ਨੇ ਪੂਰਨ ਹਿਮਾਇਤ ਕੀਤੀ। ਇਸ ਤਹਿਤ ਬਲਾਕ ਪਾਤੜਾਂ ਦੇ ਨਸ਼ਿਆਂ ਲਈ ਚਰਚਿਤ ਪਿੰਡ ਦੇਧਨਾ ਦੀ ਇਕਾਈ ਨੇ ਝਾੜੂ ਸਾੜ ਕੇ ਇਸ ਸੱਦੇ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ। ਪ੍ਰਦਰਸ਼ਨ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ, ਬਲਾਕ ਮੀਤ ਪ੍ਰਧਾਨ ਬਲਜੀਤ ਸਿੰਘ ਦੇਧਨਾ, ਬਲਾਕ ਆਗੂ ਹਰਜੀਤ ਅਤੇ ਇਕਾਈ ਪ੍ਰਧਾਨ ਪਿਆਰਾ ਸਿੰਘ ਨੇ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਵਿੱਚ ਦਿਨੋਂ-ਦਿਨ ਚਿੱਟੇ (ਨਸ਼ੇ) ਨਾਲ ਮੌਤਾਂ ਦੀ ਦਰ ਲਗਾਤਾਰ ਵਧ ਰਹੀ ਹੈ, ਉੱਥੇ ਹੀ ਨਸ਼ਿਆਂ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਨੌਜਵਾਨਾਂ ਉੱਪਰ ਹੋ ਰਹੇ ਹਮਲਿਆਂ ਦੀਆਂ ਵੀ ਦੁਖਦਾਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਤਿੰਨ ਤਰ੍ਹਾਂ ਦੇ ਨਸ਼ੇ—ਰਵਾਇਤੀ, ਮੈਡੀਕਲ ਅਤੇ ਸਿਨਥੈਟਿਕ—ਖੁੱਲ੍ਹੇਆਮ ਵਿਕ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਮੈਡੀਕਲ ਅਤੇ ਸਿਨਥੈਟਿਕ ਨਸ਼ਿਆਂ ਦੇ ਪਿੱਛੇ ਪੁਲਿਸ, ਸਿਆਸਤਦਾਨਾਂ ਅਤੇ ਸਮਗਲਰਾਂ ਦਾ ਇੱਕ ਵੱਡਾ ਗਠਜੋੜ (ਨੈਕਸਸ) ਕੰਮ ਕਰ ਰਿਹਾ ਹੈ। ਇਸ ਗਠਜੋੜ ਕਾਰਨ ਹੀ ਨਸ਼ਿਆਂ ਦੀ ਸਪਲਾਈ ਨਿਰੰਤਰ ਜਾਰੀ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨ ਓਵਰਡੋਜ਼ ਨਾਲ ਆਪਣੀਆਂ ਜਾਨਾਂ ਗਵਾ ਰਹੇ ਹਨ।
ਇਹ ਵੀ ਪੜ੍ਹੋ: Journalist News: ਪੱਤਰਕਾਰਾਂ ਲਈ ‘ਸਰਕਾਰ’ ਵੱਲੋਂ ਅਹਿਮ ਫੈਸਲਾ!
ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੇ ਮਾਮਲੇ ਵਿੱਚ ਭਾਜਪਾ ਨੇਤਾ ਬਿਆਨਬਾਜ਼ੀ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਪੰਜਾਬ ਵਿੱਚੋਂ ਚਿੱਟਾ ਖ਼ਤਮ ਕਰ ਦਿੱਤਾ ਜਾਵੇਗਾ। ਪਰ ਹਕੀਕਤ ਇਹ ਹੈ ਕਿ ਪੰਜਾਬ ਦਾ 50 ਕਿਲੋਮੀਟਰ ਦਾ ਸਰਹੱਦੀ ਏਰੀਆ ਬੀ.ਐੱਸ.ਐੱਫ. ਦੇ ਅਧੀਨ ਹੈ ਅਤੇ ਅਮਿਤ ਸ਼ਾਹ 'ਡਬਲ ਇੰਜਣ ਸਰਕਾਰ' ਦਾ ਦਾਅਵਾ ਕਰਦੇ ਹਨ, ਜਦੋਂਕਿ ਨਸ਼ੇ ਦੀਆਂ ਸਭ ਤੋਂ ਵੱਡੀਆਂ ਖੇਪਾਂ ਗੁਜਰਾਤ ਦੀ ਬੰਦਰਗਾਹ ਤੋਂ ਫੜੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਦੀ ਸ਼ਹਿ 'ਤੇ ਹੀ ਚਿੱਟਾ ਵਿਕ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਇਸ ਨੂੰ ਸ਼ੁਰੂ ਕੀਤਾ, ਅਗਲੀਆਂ ਨੇ ਬਰਕਰਾਰ ਰੱਖਿਆ ਅਤੇ ਹੁਣ 'ਬਦਲਾਅ' ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਸਗੋਂ ਨਸ਼ੇ ਖ਼ਿਲਾਫ਼ ਲੜਨ ਵਾਲੇ ਨੌਜਵਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਸ਼ਾ ਕਿਸੇ ਇੱਕ ਪਿੰਡ ਦੀ ਸਮੱਸਿਆ ਨਹੀਂ, ਸਗੋਂ ਇਹ ਹਰ ਪਿੰਡ ਵਿੱਚ ਕੈਂਸਰ ਵਾਂਗ ਫੈਲ ਚੁੱਕਾ ਹੈ। ਇਸ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਲਾਮਬੰਦ ਹੋ ਕੇ ਇਸ ਨੈਕਸਸ ਨੂੰ ਤੋੜਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਦੇਧਨਾ ਪਿੰਡ ਨਸ਼ੇ ਦੀ ਹੱਬ ਬਣ ਚੁੱਕਾ ਹੈ। ਇੱਥੇ ਨੌਜਵਾਨਾਂ ਦੀਆਂ ਕਮੇਟੀਆਂ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਰੋਕਥਾਮ ਲਈ ਯਤਨਸ਼ੀਲ ਹਨ। ਇਸੇ ਮੁਹਿੰਮ ਦੌਰਾਨ 2022 ਵਿੱਚ ਐੱਸ.ਐੱਸ.ਪੀ. ਪਟਿਆਲਾ ਨੇ ਖ਼ੁਦ ਆ ਕੇ 7 ਦਿਨਾਂ ਵਿੱਚ ਸਪਲਾਈ ਚੇਨ ਠੱਪ ਕਰਨ ਦਾ ਵਾਅਦਾ ਕੀਤਾ ਸੀ। ਉਸ ਤੋਂ ਬਾਅਦ ਦੋ ਸਾਲ ਪਹਿਲਾਂ ਸਮਾਣਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਕਮੇਟੀ ਵੱਲੋਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਪਿੰਡ ਦੀ ਨਸ਼ਾ ਸਮੱਸਿਆ ਬਾਰੇ ਪੂਰੀ ਫਾਈਲ ਵੀ ਸੌਂਪੀ ਗਈ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਨਸ਼ਾ ਬੰਦ ਨਹੀਂ ਹੋ ਸਕਿਆ।
ਨਸ਼ਾ ਰੋਕੂ ਕਮੇਟੀ ਮੈਂਬਰ ਮਲਕੀਤ ਸਿੰਘ ਗੱਲੂ, ਸ਼ੰਮੀ, ਬੰਟੀ ਦੇਧਨਾ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ 22 ਅਕਤੂਬਰ ਨੂੰ ਪੰਚਾਇਤੀ ਜ਼ਮੀਨ ਵਿੱਚ ਬਣੇ ਘਰਾਂ 'ਤੇ ਕਾਰਵਾਈ ਕੀਤੀ ਗਈ ਸੀ। ਪਰ ਇਸ ਕਾਰਵਾਈ ਨਾਲ ਨਗਰ ਦੇਧਨਾ ਦੇ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ, ਕਿਉਂਕਿ ਇਹ ਸਾਰੇ ਨਸ਼ਾ ਤਸਕਰ ਪੰਚਾਇਤੀ ਥਾਂ 'ਤੇ ਨਜਾਇਜ਼ ਕਬਜ਼ਾ ਕਰਕੇ ਬੈਠੇ ਹਨ। ਇਸ ਦੀ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ ਅਤੇ ਪਹਿਲਾਂ ਵੀ ਕਈ ਅਰਜ਼ੀਆਂ ਦਿੱਤੀਆਂ ਗਈਆਂ ਸਨ, ਪਰ ਪ੍ਰਸ਼ਾਸਨ ਵੱਲੋਂ ਸਿਰਫ਼ ਇੱਕ ਘਰ 'ਤੇ ਹੀ ਅੱਧੀ-ਅਧੂਰੀ ਕਾਰਵਾਈ ਕੀਤੀ ਗਈ ਅਤੇ ਉਸ ਦੇ ਘਰ ਨੂੰ ਵੀ ਪੂਰੀ ਤਰ੍ਹਾਂ ਨਹੀਂ ਢਾਹਿਆ ਗਿਆ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨਸ਼ਾ ਤਸਕਰਾਂ ਅਤੇ ਨਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕਰੇ।

Comments