Punjab
Patiala Murder Case : ਪਟਿਆਲਾ ਪੁਲਿਸ ਵੱਲੋਂ ਨਵਾਬ ਖਾਨ ਉਰਫ਼ ਦੋਦਾ ਕਤਲ ਕੇਸ ਟਰੇਸ, ਤਿੰਨ ਮੁਲਜ਼ਮ ਗ੍ਰਿਫ਼ਤਾਰ
ਸਕਾਰਪੀਓ ਗੱਡੀ ਮਾਰ ਕੇ ਮੋਟਰਸਾਈਕਲ ਸਵਾਰ ਨੂੰ ਸੁੱਟਿਆ ਸੀ ਹੇਠਾਂ
Patiala Murder Case: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਪੁਲਿਸ ਨੇ ਨਵਾਬ ਖਾਨ ਉਰਫ਼ ਦੋਦਾ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਸੇਬੀ ਅਤੇ ਜਗਜੀਤ ਸਿੰਘ ਉਰਫ਼ ਜੱਗਾ, ਵਾਸੀ ਪਿੰਡ ਚਰਾਸੋਂ, ਥਾਣਾ ਸਦਰ ਪਟਿਆਲਾ ਅਤੇ ਸਹਿਜਵੀਰ ਸਿੰਘ ਉਰਫ਼ ਸਹਿਜ ਵੜੈਚ, ਵਾਸੀ ਪਿੰਡ ਨਨਾਨਸੂ, ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ 25 ਅਕਤੂਬਰ ਨੂੰ ਥਾਣਾ ਪਸਿਆਣਾ ਦੇ ਇਲਾਕੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 23 ਅਕਤੂਬਰ ਨੂੰ ਦੁਪਹਿਰ ਕਰੀਬ 1:30 ਵਜੇ ਨਵਾਬ ਖਾਨ ਉਰਫ਼ ਦੋਦਾ, ਵਾਸੀ ਡਕਾਲਾ ਆਪਣੇ ਮੋਟਰਸਾਈਕਲ ’ਤੇ ਘਰੇਲੂ ਕੰਮ ਲਈ ਗਿਆ ਹੋਇਆ ਸੀ। ਜਦੋਂ ਉਹ ਅਨਾਜ ਮੰਡੀ ਨੇੜੇ ਸਥਿਤ ਪੈਟਰੋਲ ਪੰਪ ਤੋਂ ਮੋਟਰਸਾਈਕਲ ਵਿੱਚ ਤੇਲ ਪਵਾਉਣ ਮਗਰੋਂ ਡਕਾਲਾ ਵੱਲ ਜਾਣ ਲੱਗਾ ਤਾਂ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਸਵਾਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਨਵਾਬ ਖਾਨ ਉਰਫ਼ ਦੋਦਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਕਥਿਤ ਤੌਰ ’ਤੇ ਸਕਾਰਪੀਓ ਗੱਡੀ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਉਸ ਦੀ ਲਾਸ਼ ਪਿੰਡ ਕਾਲਾਝਾੜ ਨੇੜੇ ਟੋਲ ਪਲਾਜ਼ਾ ਤੋਂ ਪਿੱਛੇ ਗੰਦੇ ਨਾਲੇ ਵਿੱਚ ਸੁੱਟ ਦਿੱਤੀ ਸੀ। ਇਸ ਸਬੰਧੀ ਥਾਣਾ ਪਸਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਐੱਸ.ਐੱਸ.ਪੀ. ਪਟਿਆਲਾ ਨੇ ਦੱਸਿਆ ਕਿ ਕਤਲ ਕੇਸ ਦੀ ਜਾਂਚ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵਿੱਚ ਐੱਸ.ਪੀ. ਇਨਵੈਸਟੀਗੇਸ਼ਨ ਰਾਜੇਸ਼ ਕੁਮਾਰ ਛਿੱਬੜ, ਡੀ.ਐੱਸ.ਪੀ. ਪਟਿਆਲਾ ਅਤੇ ਡੀ.ਐੱਸ.ਪੀ. ਸਮਾਣਾ ਸਮੇਤ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ, ਸੀ.ਆਈ.ਏ. ਸਮਾਣਾ ਦੇ ਇੰਚਾਰਜ ਇੰਸਪੈਕਟਰ ਅੰਕਰਦੀਪ ਸਿੰਘ ਅਤੇ ਥਾਣਾ ਪਸਿਆਣਾ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਪਵਿੱਤਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਟੀਮ ਨੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਸਬੰਧੀ ਹੋਰ ਤੱਥ ਸਾਹਮਣੇ ਲਿਆਂਦੇ ਜਾ ਸਕਣ। ਜਾਂਚ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ ਰਹਿੰਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਰੰਜਿਸ਼
ਪੁਲਿਸ ਵੱਲੋਂ ਦੱਸੇ ਗਏ ਮੁੱਢਲੇ ਕਾਰਨਾਂ ਅਨੁਸਾਰ, ਨਵਾਬ ਖਾਨ ਉਰਫ਼ ਦੋਦਾ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਅਤੇ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋ ਮੁਕੱਦਮੇ ਦਰਜ ਸਨ। ਪੁਲਿਸ ਅਨੁਸਾਰ ਉਹ 15 ਅਪ੍ਰੈਲ 2023 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਜਿਸ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਸੀ, ਉਹ ਵਿਦੇਸ਼ ਚਲੀ ਗਈ ਸੀ, ਪਰ ਕਥਿਤ ਤੌਰ ’ਤੇ ਪਿਛਲੇ ਛੇ ਮਹੀਨਿਆਂ ਤੋਂ ਨਵਾਬ ਖਾਨ ਉਸ ਨੂੰ ਮੁੜ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਪੁਲਿਸ ਅਨੁਸਾਰ ਲੜਕੀ ਨੇ ਇਸ ਸਬੰਧੀ ਆਪਣੇ ਭਰਾ ਸਹਿਜਵੀਰ ਸਿੰਘ ਉਰਫ਼ ਸਹਿਜ ਵੜੈਚ ਨੂੰ ਦੱਸਿਆ ਸੀ। ਸਹਿਜਵੀਰ ਨੇ ਨਵਾਬ ਖਾਨ ਨੂੰ ਆਪਣੀ ਭੈਣ ਨੂੰ ਤੰਗ ਨਾ ਕਰਨ ਲਈ ਕਿਹਾ ਸੀ, ਪਰ ਕਥਿਤ ਤੌਰ ’ਤੇ ਉਸ ਵੱਲੋਂ ਅਜਿਹਾ ਕਰਨਾ ਜਾਰੀ ਰੱਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸੇ ਰੰਜਿਸ਼ ਕਾਰਨ ਸਹਿਜਵੀਰ ਨੇ ਆਪਣੇ ਸਾਥੀਆਂ ਗੁਰਸੇਵਕ ਸਿੰਘ ਅਤੇ ਜਗਜੀਤ ਸਿੰਘ ਨਾਲ ਮਿਲ ਕੇ ਨਵਾਬ ਖਾਨ ਦੀ ਰੇਕੀ ਕੀਤੀ ਅਤੇ ਫਿਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Comments