Flipkart Warehouse Robbery: ਫਲਿੱਪਕਾਰਟ ਦੇ ਗੋਦਾਮ ’ਚ ਵੱਡੀ ਚੋਰੀ, 980 ਮੋਬਾਈਲ ਫੋਨ ਗਾਇਬ
4.5 ਕਰੋੜ ਰੁਪਏ ਤੋਂ ਵੱਧ ਦੇ ਸੈਮਸੰਗ ਕੰਪਨੀ ਦੇ 980 ਮੋਬਾਈਲ ਫੋਨ ਗਾਇਬ
Flipkart Warehouse Robbery: (ਸੁਰੇਸ਼ ਕੁਮਾਰ) ਭੁੱਚੋ ਮੰਡੀ। ਬੀਤੀ ਰਾਤ ਭੁੱਚੋ ਕੈਂਚੀਆਂ ਰੋਡ ’ਤੇ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ’ਚ ਅਣਪਛਾਤੇ ਚੋਰਾਂ ਨੇ ਵੱਡੀ ਚੋਰੀ ਨੂੰ ਅੰਜ਼ਾਮ ਦਿੱਤਾ। ਚੋਰਾਂ ਨੇ ਗੋਦਾਮ ’ਚੋਂ ਸੈਮਸੰਗ ਕੰਪਨੀ ਦੇ ਕਰੀਬ 980 ਮਹਿੰਗੇ ਮੋਬਾਈਲ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 4.5 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਵਾਰਦਾਤ ਤੋਂ ਬਾਅਦ ਚੋਰ ਗੋਦਾਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਗੋਦਾਮ ਦੇ ਮੈਨੇਜਰ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2.30 ਵਜੇ ਗੁਦਾਮ ਦੇ ਮੁਲਾਜ਼ਮ ਮਾਲ ਦੀ ਡਲਿਵਰੀ ਲੈ ਕੇ ਬਾਹਰ ਆਏ ਸਨ। ਜਦੋਂ ਉਹ ਸਵੇਰੇ ਪੰਜ ਵਜੇ ਦੇ ਕਰੀਬ ਵਾਪਸ ਪਰਤੇ ਤਾਂ ਗੋਦਾਮ ਦੇ ਸ਼ਟਰ ਦਾ ਤਾਲਾ ਗਾਇਬ ਸੀ ਅਤੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ। ਅੰਦਰ ਜਾ ਕੇ ਜਾਂਚ ਕੀਤੀ ਤਾਂ ਵੱਡੀ ਗਿਣਤੀ ਵਿਚ ਮਹਿੰਗੇ ਮੋਬਾਈਲ ਫੋਨ ਗਾਇਬ ਪਾਏ ਗਏ।
ਮੁੱਢਲੀ ਜਾਣਕਾਰੀ ਅਨੁਸਾਰ ਚੋਰ ਸੈਮਸੰਗ ਕੰਪਨੀ ਦੇ ਕਰੀਬ 980 ਮੋਬਾਈਲ ਚੋਰੀ ਕਰਕੇ ਲੈ ਗਏ ਹਨ। ਹਰੇਕ ਫੋਨ ਦੀ ਕੀਮਤ 35 ਹਜ਼ਾਰ ਤੋਂ 45 ਹਜ਼ਾਰ ਰੁਪਏ ਦੇ ਵਿਚਕਾਰ ਦੱਸੀ ਜਾਂਦੀ ਹੈ। ਇਸ ਹਿਸਾਬ ਨਾਲ ਚੋਰੀ ਹੋਏ ਮੋਬਾਈਲਾਂ ਦੀ ਕੀਮਤ ਕਰੋੜਾਂ ਰੁਪਏ ਹੈ। ਜਾਂਦੇ ਸਮੇਂ ਚੋਰ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਸੇਵ ਕਰਨ ਵਾਲਾ ਡੀਵੀਆਰ ਵੀ ਲੈ ਗਏ, ਜਿਸ ਕਾਰਨ ਪੁਲੀਸ ਨੂੰ ਜਾਂਚ ਵਿੱਚ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਾਇਜ਼ਾ ਲਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲੀਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ।
ਉਨ੍ਹਾਂ ਮੌਕੇ ਦਾ ਮੁਆਇਨਾ ਕਰਨ ਉਪਰੰਤ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡੀਐਸਪੀ ਸਾਈਬਰ ਸਰਬਜੀਤ ਸਿੰਘ ਅਤੇ ਡੀਐਸਪੀ ਸੰਦੀਪ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੋਬਾਈਲ ਫੋਰੈਂਸਿਕ ਲੈਬ ਯੂਨਿਟ ਦੀ ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਚੋਰੀ ਸਬੰਧੀ ਸੁਰਾਗ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਫਿਲਹਾਲ ਚੋਰਾਂ ਦੀ ਸ਼ਨਾਖਤ ਅਤੇ ਚੋਰੀ ਹੋਏ ਮੋਬਾਇਲ ਫੋਨ ਦੀ ਬਰਾਮਦਗੀ ਲਈ ਜਾਂਚ ਕੀਤੀ ਜਾ ਰਹੀ ਹੈ।
