‘ਸਰਕਾਰੀ ਖ਼ਰਚੇ’ ’ਤੇ ਪ੍ਰਾਈਵੇਟ ਸੁਪਰ ਸਪੈਸ਼ਲਿਸਟ ਡਾਕਟਰ ਕਰਨਗੇ ਸਰਕਾਰੀ ਹਸਪਤਾਲਾਂ ’ਚ ਆਪ੍ਰੇਸ਼ਨ

Super Specialist Doctors

ਵੱਡੇ ਡਾਕਟਰ ਨਹੀਂ ਕਰਨਾ ਚਾਹੁੰਦੇ ਸਰਕਾਰੀ ਨੌਕਰੀ ਪਰ ਸਰਕਾਰ ਗਰੀਬਾਂ ਦੇ ਇਲਾਜ ਲਈ ਕਰੇਗੀ ਰਾਜ਼ੀ

  • ਪ੍ਰਤੀ ਕੇਸ ਸਰਕਾਰ ਕਰੇਗੀ ‘ਭੁਗਤਾਨ’ (Super Specialist Doctors)

ਚੰਡੀਗੜ੍ਹ (ਅਸ਼ਵਨੀ ਚਾਵਲਾ)। ਐਮਰਜੈਂਸੀ ਵਿੱਚ ਗੰਭੀਰ ਬਿਮਾਰੀ ਨਾਲ ਜੂਝ ਰਹੇ ਗਰੀਬ ਮਰੀਜ਼ਾ ਦੀ ਜਾਨ ਨੂੰ ਬਚਾਉਣ ਲਈ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਸੁਪਰ ਸਪੈਸ਼ਲਿਸਟ ਡਾਕਟਰ (Super Specialist Doctors ) ਆਪਣੀ ਸੇਵਾ ਸਰਕਾਰੀ ਹਸਪਤਾਲਾਂ ਵਿੱਚ ਦਿੰਦੇ ਨਜ਼ਰ ਆਉਣਗੇ। ਹਾਰਟ ਅਟੈਕ ਤੋਂ ਲੈ ਕੇ ਗੰਭੀਰ ਤੋਂ ਗੰਭੀਰ ਸਥਿਤੀ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਵੱਡੇ-ਵੱਡੇ ਡਾਕਟਰ ਆਪ੍ਰੇਸ਼ਨ ਤੱਕ ਸਰਕਾਰੀ ਹਸਪਤਾਲ ਵਿੱਚ ਹੀ ਕਰਦੇ ਨਜ਼ਰ ਆਉਣਗੇ। ਇਸ ਨਾਲ ਗਰੀਬ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਰੈਫ਼ਰ ਕਰਨ ਦੀ ਨੌਬਤ ਨਹੀਂ ਆਏਗੀ ਅਤੇ ਸਰਕਾਰੀ ਖ਼ਰਚੇ ’ਤੇ ਮਰੀਜ਼ ਦਾ ਮੁਫ਼ਤ ਇਲਾਜ ਹੋਏਗਾ।

ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਸਰਕਾਰੀ ਨੌਕਰੀ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਪ੍ਰਾਈਵੇਟ ਹਸਪਤਾਲਾਂ ਵਿੱਚ ਮੋਟੀ ਤਨਖ਼ਾਹ ’ਤੇ ਕੰਮ ਕਰ ਰਹੇ ਹਨ, ਉਨਾਂ ਤੋਂ ਵੱਡੇ ਡਾਕਟਰਾਂ ਤੋਂ ਪ੍ਰਤੀ ਕੇਸ ਭੁਗਤਾਨ ਕਰਦੇ ਹੋਏ ਸਰਕਾਰੀ ਹੁਣ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਸੇਵਾ ਲੈਣ ਦਾ ਮਨ ਪੰਜਾਬ ਸਰਕਾਰ ਬਣਾ ਰਹੀ ਹੈ। ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਇਸ ਤਰਾਂ ਦੀ ਸਕੀਮ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਪ੍ਰਾਈਵੇਟ ਡਾਕਟਰਾਂ ਨੂੰ ਸਰਕਾਰ ਵੱਲੋਂ ਚੰਗੇ ਪੈਸੇ ਦਾ ਭੁਗਤਾਨ ਕੀਤਾ ਜਾਏਗਾ ਤਾਂਕਿ ਉਹ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਰੀਜ਼ ਦੀ ਜਾਨ ਬਚਾਉਣ ਤੋਂ ਪੈਸੇ ਕਰਕੇ ਇਨਕਾਰ ਨਾ ਕਰਨ।

ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਕਰਕੇ ਆਉਣ ਵਾਲੇ ਐਮਰਜੈਂਸੀ ਕੇਸ ਵਾਲੇ ਮਰੀਜਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ ਅਤੇ ਕਈ ਵਾਰ ਪ੍ਰਾਈਵੇਟ ਹਸਪਤਾਲ ਦੂਰ ਹੋਣ ਕਰਕੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਸੇ ਕਰਕੇ ਹੁਣ ਪ੍ਰਾਈਵੇਟ ਡਾਕਟਰਾਂ ਨੂੰ ਹੀ ਸਰਕਾਰੀ ਹਸਪਤਾਲਾਂ ਵਿੱਚ ਲੈ ਕੇ ਆਉਣ ਦੀ ਤਿਆਰੀ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਦੀ ਘਾਟ ਨੂੰ ਖ਼ਤਮ ਕਰੇਗੀ ਸਰਕਾਰ

ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ ਸਪੈਸ਼ਲਿਸਟ ਅਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਾਰੀ ਘਾਟ ਹੈ। ਇਹ ਵੱਡੇ-ਵੱਡੇ ਡਾਕਟਰ ਸਰਕਾਰੀ ਨੌਕਰੀ ਵਿੱਚ ਆਉਣਾ ਨਹੀਂ ਚਾਹੁੰਦੇ, ਜਿਸ ਕਾਰਨ ਉਹ ਮੋਟੀ ਤਨਖ਼ਾਹ ਲਈ ਪ੍ਰਾਈਵੇਟ ਹਸਪਤਾਲਾਂ ਵੱਲ ਰੁਖ ਕਰ ਰਹੇ ਹਨ ਜਾਂ ਫਿਰ ਖ਼ੁਦ ਦਾ ਹੀ ਹਸਪਤਾਲ ਖੋਲ੍ਹ ਰਹੇ ਹਨ। ਇਨਾਂ ਵੱਡੇ ਡਾਕਟਰਾਂ ਦੀ ਘਾਟ ਕਰਕੇ ਪੰਜਾਬ ਦੇ ਗਰੀਬ ਮਰੀਜਾਂ ਨੂੰ ਵੀ ਪ੍ਰਾਈਵੇਟ ਹਸਪਤਾਲ ਵਿੱਚ ਚੈਕਅੱਪ ਤੋਂ ਲੈ ਕੇ ਇਲਾਜ ਕਰਵਾਉਣਾ ਪੈ ਰਿਹਾ ਹੈ। ਜਿਸ ਕਾਰਨ ਕਾਫ਼ੀ ਮੋਟੀ ਪੈਸੇ ਦੀ ਅਦਾਇਗੀ ਵੀ ਇਨਾਂ ਗਰੀਬ ਮਰੀਜਾਂ ਨੂੰ ਕਰਨੀ ਪੈ ਰਹੀ ਹੈ।

ਪੈਸੇ ਨਹੀਂ, ਸਾਨੂੰ ਪੰਜਾਬੀਆਂ ਦੀ ਜਾਨ ਦੀ ਫਿਕਰ : ਡਾ. ਬਲਬੀਰ ਸਿੰਘ

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਦੇ ਇਲਾਜ ਲਈ ਪੈਸੇ ਦੀ ਫਿਕਰ ਨਹੀਂ ਕਰਨ ਲਈ ਕਿਹਾ ਗਿਆ ਹੈ। ਇਸ ਲਈ ਇਸ ਸਰਕਾਰ ਨੂੰ ਪੰਜਾਬੀਆਂ ਦੀ ਜਾਨ ਦੀ ਜਿਆਦਾ ਫਿਕਰ ਹੈ, ਜਦੋਂਕਿ ਪੈਸੇ ਦਾ ਜੁਗਾੜ ਤਾਂ ਕਰ ਲਿਆ ਜਾਏਗਾ। ਉਨਾਂ ਦੱਸਿਆ ਕਿ ਪ੍ਰਾਈਵੇਟ ਸੁਪਰ ਸਪੈਸ਼ਲਿਸਟ ਡਾਕਟਰਾਂ ਹਰ ਕੀਮਤ ਦੀ ਅਦਾਇਗੀ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾਏਗਾ ਤਾਂ ਕਿ ਗਰੀਬ ਮਰੀਜ਼ ਨੂੰ ਚੰਗਾ ਇਲਾਜ ਮਿਲਣ ਉਸ ਦੀ ਜਾਨ ਬਚ ਸਕੇ।

ਚੰਡੀਗੜ੍ਹ ਤੋਂ ਲੈ ਕੇ ਬਾਰਡਰ ਤੱਕ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੀ ਲਈ ਜਾਏਗੀ ਸੇਵਾ

ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਲੈ ਕੇ ਬਾਰਡਰ ਤੱਕ ਸਥਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਹਰ ਤਰ੍ਹਾਂ ਦੇ ਸਪੈਸ਼ਲਲਿਸਟ ਡਾਕਟਰ ਨਾਲ ਸੰਪਰਕ ਕਰਦੇ ਹੋਏ ਆਪਣੇ ਪੈਨਲ ਵਿੱਚ ਸ਼ਾਮਲ ਕੀਤਾ ਜਾਏਗਾ। ਪੰਜਾਬ ਭਰ ਦੇ ਪ੍ਰਾਈਵੇਟ ਅਤੇ ਵੱਡੇ ਡਾਕਟਰਾਂ ਨੂੰ ਪੈੱਨਲ ਵਿੱਚ ਸ਼ਾਮਲ ਕਰਨ ਤੋਂ ਬਾਅਦ ਇੱਕ ਲਿਸਟ ਸਰਕਾਰੀ ਹਸਪਤਾਲਾਂ ਨੂੰ ਸੌਂਪੀ ਜਾਏਗੀ ਤਾਂਕਿ ਲੋੜ ਪੈਣ ’ਤੇ ਐਮਰਜੈਂਸੀ ਕੇਸ ਜਾਂ ਫਿਰ ਆਪ੍ਰੇਸ਼ਨ ਲਈ ਨੇੜਲੇ ਸਪੈਸ਼ਲਲਿਸਟ ਡਾਕਟਰ ਨੂੰ ਸੱਦ ਕੇ ਮਰੀਜ਼ ਦਾ ਇਲਾਜ ਕਰਵਾਇਆ ਜਾ ਸਕੇ। ਹਰ ਐਮਰਜੈਂਸੀ ਕੇਸ ਅਤੇ ਆਪ੍ਰੇਸ਼ਨ ਦੀ ਫੀਸ ਸਰਕਾਰ ਵੱਲੋਂ ਹੀ ਸਿੱਧੇ ਪ੍ਰਾਈਵੇਟ ਡਾਕਟਰ ਨੂੰ ਦਿੱਤੀ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ