ਅਮਰੀਕਾ ਤੇ ਇਰਾਨ ‘ਚ ਵਧ ਰਹੀ ਜੰਗ ਦੀ ਸੰਭਾਵਨਾ

Possibility,  War, United States, Iran

ਬਲਰਾਜ ਸਿੰਘ ਸਿੱਧੂ ਐਸ.ਪੀ.

ਅਮਰੀਕਾ ਅਤੇ ਇਰਾਨ ਦੇ ਰਾਜਨੀਤਕ ਸਬੰਧਾਂ ਵਿੱਚ ਦਿਨੋ-ਦਿਨ ਤਲਖੀ ਵਧਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਜਿਆਦਤੀ ਵਾਲੀਆਂ ਨੀਤੀਆਂ ਕਾਰਨ ਦੋਵੇਂ ਦੇਸ਼ ਜੰਗ ਦੀ ਕਗਾਰ ‘ਤੇ ਪਹੁੰਚ ਗਏ ਹਨ। ਅਮਰੀਕਾ ਦੁਆਰਾ ਇਰਾਨ ‘ਤੇ ਲਾਈਆਂ ਗਈਆਂ ਅਨੇਕਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਝੁਕਣ ਲਈ ਤਿਆਰ ਨਹੀਂ। ਅਮਰੀਕਾ ਅਤੇ ਇਰਾਨ ਦੇ ਰਿਸ਼ਤੇ ਮੁੱਢ ਤੋਂ ਅਜਿਹੇ ਨਹੀਂ ਸਨ। ਇਰਾਨ ਦੇ ਸ਼ਾਹ, ਰਜ਼ਾ ਸ਼ਾਹ ਪਹਿਲਵੀ ਨਾਲ ਅਮਰੀਕਾ ਦੇ ਸਬੰਧ ਬਹੁਤ ਨਿੱਘੇ ਸਨ। ਸ਼ੀਤ ਯੁੱਧ ਦੌਰਾਨ ਇਰਾਨ ਅਮਰੀਕਾ ਦਾ ਬੇਹੱਦ ਵਿਸ਼ਵਾਸਯੋਗ ਸਾਥੀ ਸੀ। ਸੋਵੀਅਤ ਸੰਘ ਨਾਲ ਸੈਂਕੜੇ ਕਿ.ਮੀ. ਲੰਬੀ ਸਰਹੱਦ ਲੱਗਦੀ ਹੋਣ ਕਾਰਨ ਅਮਰੀਕਾ ਇਰਾਨ ਦੀ ਧਰਤੀ ਨੂੰ ਸੋਵੀਅਤ ਸੰਘ ਦੇ ਖਿਲਾਫ ਜਾਸੂਸੀ ਅਭਿਆਨ ਚਲਾਉਣ ਲਈ ਵਰਤਦਾ ਸੀ।

ਪਰ 1979 ਦੀ ਇਸਲਾਮਿਕ ਕ੍ਰਾਂਤੀ ਕਾਰਨ ਸਭ ਕੁਝ ਬਦਲ ਗਿਆ। ਸ਼ਾਹ ਦਾ ਤਖਤਾ ਪਲਟ ਕੇ ਆਇਤੁੱਲਾ ਖੋਮੈਨੀ ਇਰਾਨ ਦਾ ਮਾਲਕ ਬਣ ਗਿਆ। ਖੋਮੈਨੀ ਸ਼ਾਹ ਤੇ ਅਮਰੀਕਾ ਨੂੰ ਬੇਹੱਦ ਨਫਰਤ ਕਰਦਾ ਸੀ। ਡਰਦਾ ਮਾਰਾ ਸ਼ਾਹ ਪਰਿਵਾਰ ਸਮੇਤ ਅਮਰੀਕਾ ਭੱਜ ਗਿਆ। ਇਰਾਨ ਨੇ ਅਮਰੀਕਾ ਤੋਂ ਮੰਗ ਕੀਤੀ ਕਿ ਸ਼ਾਹ ਤੇ ਇਸ ਦੇ ਸਾਥੀਆਂ ਦਾ ਜੋ ਅਰਬਾਂ ਡਾਲਰ ਅਮਰੀਕਾ ਦੀਆਂ ਬੈਂਕਾਂ ਵਿੱਚ ਪਿਆ ਹੈ, ਉਹ ਵਾਪਸ ਕੀਤਾ ਜਾਵੇ ਤੇ ਸ਼ਾਹ ਨੂੰ ਇਰਾਨ ਦੇ ਹਵਾਲੇ ਕੀਤਾ ਜਾਵੇ। ਅਮਰੀਕਾ ਨੇ ਇਸ ਗੱਲ ‘ਤੇ ਕੋਈ ਗੌਰ ਨਾ ਕੀਤਾ। ਇਸ ਕਾਰਨ ਖਿਝੇ ਹੋਏ ਖੋਮੈਨੀ ਦੀ ਸ਼ਹਿ ‘ਤੇ ਸਾਰੇ ਅੰਤਰਰਾਸ਼ਟਰੀ ਅਸੂਲਾਂ ਨੂੰ ਛਿੱਕੇ ਟੰਗ ਕੇ, 4 ਨਵੰਬਰ 1979 ਨੂੰ ਇਰਾਨੀ ਵਿਦਿਆਰਥੀਆਂ ਨੇ ਅਮਰੀਕੀ ਦੂਤਘਰ ‘ਤੇ ਹਮਲਾ ਕਰ ਦਿੱਤਾ ਤੇ 52 ਅਮਰੀਕੀ ਡਿਪਲੋਮੈਟਾਂ ਨੂੰ ਬੰਦੀ ਬਣਾ ਲਿਆ। ਦੁਨੀਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਇਹ ਅਲਿਖਤ ਪਰੰਪਰਾ ਚਲਦੀ ਆ ਰਹੀ ਹੈ ਕਿ ਜੰਗਾਂ-ਯੁੱਧਾਂ ਦੌਰਾਨ ਵੀ ਰਾਜਦੂਤਾਂ ਨੂੰ ਕੁਝ ਨਹੀਂ ਕਿਹਾ ਜਾਂਦਾ।

ਇਹ ਗਲਤ ਕੰਮ ਕਰ ਕੇ ਇਰਾਨ ਨੇ ਸਾਰੇ ਸੰਸਾਰ ਨੂੰ ਆਪਣਾ ਦੁਸ਼ਮਣ ਬਣਾ ਲਿਆ। ਡਿਪਲੋਮੈਟਾਂ ਨੂੰ 444 ਦਿਨ ਬੰਦੀ ਬਣਾ ਕੇ ਰੱਖਿਆ ਗਿਆ। ਇਸ ਦੌਰਾਨ 24 ਅਪਰੈਲ 1980 ਨੂੰ ਅਮਰੀਕਾ ਵੱਲੋਂ ਬੰਦੀਆਂ ਨੂੰ ਛੁਡਾਉਣ ਲਈ ਕੀਤਾ ਗਿਆ ਇੱਕ ਫੌਜੀ ਉਪਰੇਸ਼ਨ ਰੇਗਿਸਤਾਨ ਵਿੱਚ ਹੈਲੀਕਾਪਟਰਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਅਸਫਲ ਹੋ ਗਿਆ। ਇਸ ਵਿੱਚ 8 ਅਮਰੀਕੀ ਕਮਾਂਡੋ ਮਾਰੇ ਗਏ। ਮਜ਼ਬੂਰ ਹੋ ਕੇ ਅਮਰੀਕਾ ਨੂੰ ਇਰਾਨ ਦੀਆਂ ਜ਼ਿਆਦਾਤਰ ਮੰਗਾਂ ਮੰਨਣੀਆਂ ਪਈਆਂ। 20 ਜਨਵਰੀ 1981 ਨੂੰ ਅਲਜੀਰੀਆ ਵਿੱਚ ਹੋਏ ਸਮਝੌਤੇ ਅਧੀਨ ਇਰਾਨ ਨੇ ਅਮਰੀਕਾ ਦੇ ਸਾਰੇ ਡਿਪਲੋਮੈਟ ਰਿਹਾਅ ਕਰ ਦਿੱਤੇ। ਪਰ ਇਰਾਨ ਦੀ ਇਸ ਕਰਤੂਤ ਕਾਰਨ ਉਸ ਦੀ ਅਮਰੀਕਾ ਨਾਲ ਸਦਾ ਲਈ ਦੁਸ਼ਮਣੀ ਪੈਦਾ ਹੋ ਗਈ।

ਇਸ ਤੋਂ ਇਲਾਵਾ ਅਮਰੀਕਾ ਤੇ ਇਰਾਨ ਦੀ ਦੁਸ਼ਮਣੀ ਦੇ ਹੋਰ ਵੀ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਇਰਾਨ ਅਤੇ ਅਮਰੀਕਾ ਦੇ ਦੁੰਮਛੱਲੇ ਸਾਊਦੀ ਅਰਬ ਦੀ ਸਖਤ ਦੁਸ਼ਮਣੀ। ਸਾਊਦੀ ਅਰਬ ਕੱਟੜ ਸੁੰਨੀ ਦੇਸ਼ ਹੈ ਤੇ ਇਰਾਨ ਸ਼ੀਆ। ਮੱਧ ਪੂਰਬ ਵਿੱਚ ਸਿਰਫ ਇਰਾਨ, ਇਰਾਕ ਤੇ ਬਹਿਰੀਨ ਹੀ ਸ਼ੀਆ ਬਹੁ-ਗਿਣਤੀ ਵਾਲੇ ਦੇਸ਼ ਹਨ। ਸਾਊਦੀ ਅਰਬ ਅਤੇ ਇਰਾਨ ਦੋਵੇਂ ਇਸਲਾਮੀ ਦੇਸ਼ਾਂ ਦੀ ਅਗਵਾਈ ਕਰਨਾ ਚਾਹੁੰਦੇ ਹਨ। ਸਾਊਦੀ ਅਰਬ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਕਿ ਇਰਾਨ ਅਰਬ ਦੇਸ਼ਾਂ ਨੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ। ਇਸ ਤੋਂ ਇਲਾਵਾ ਇਰਾਨ ਮੱਕੇ ‘ਤੇ ਸਾਊਦੀ ਅਰਬ ਦੇ ਕੰਟਰੋਲ ਦੇ ਵੀ ਸਖਤ ਖਿਲਾਫ ਹੈ। ਉਹ ਚਾਹੁੰਦਾ ਹੈ ਕਿ ਕਾਅਬਾ (ਮੱਕਾ) ਇੱਕ ਅੰਤਰਰਾਸ਼ਟਰੀ ਇਸਲਾਮੀ ਹੱਜ ਕਮੇਟੀ ਦੇ ਅਧੀਨ ਹੋਵੇ। 1987 ਵਿੱਚ ਇਰਾਨੀ ਹੱਜ ਯਾਤਰੀਆਂ ਨੇ ਕਾਅਬਾ ‘ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਇਸ ਕਾਰਨ ਹੋਈ ਪੁਲਿਸ ਫਾਇਰਿੰਗ ਨਾਲ 400 ਇਰਾਨੀ ਮਾਰੇ ਗਏ ਸਨ। ਜਿਆਦਾਤਰ ਅਰਬ ਦੇਸ਼ ਅਮਰੀਕਾ ਦੇ ਪਿਛਲੱਗ ਹਨ। ਵਿਕੀਲੀਕਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ

ਕਿ ਉਹ ਚਾਹੁੰਦੇ ਹਨ ਅਮਰੀਕਾ ਇਰਾਨ ਨੂੰ ਤਬਾਹ ਕਰ ਦੇਵੇ। ਇਰਾਨ ਸ਼ੀਆ ਦੇਸ਼ਾਂ ਦੀ ਮੱਦਦ ਕਰਦਾ ਹੈ ਤੇ ਸਾਊਦੀ ਅਰਬ ਸੁੰਨੀਆਂ ਦੀ। ਇਸੇ ਕਾਰਨ ਯਮਨ ਵਿੱਚ ਇਰਾਨ ਸ਼ੀਆ ਹਾਊਥੀ ਬਾਗੀਆਂ ਦੀ ਮੱਦਦ ਕਰ ਰਿਹਾ ਹੈ ਤੇ ਸਾਊਦੀ ਅਰਬ ਸੁੰਨੀ ਯਮਨ ਸਰਕਾਰ ਦੀ। ਇਸ ਤੋਂ ਇਲਾਵਾ ਇਰਾਨ ਬਹਿਰੀਨ ਵਿੱਚ ਸੁੰਨੀ ਬਾਦਸ਼ਾਹ ਹੱਮਾਦ ਦੇ ਖਿਲਾਫ ਬਹੁਗਿਣਤੀ ਸ਼ੀਆ ਪਰਜਾ ਦੀ ਮੱਦਦ ਕਰ ਰਿਹਾ ਹੈ। ਭਾਵੇਂ 2011-2012 ਵਿੱਚ ਸਾਊਦੀ ਅਰਬ ਦੀ ਮੱਦਦ ਨਾਲ ਇਹ ਬਗਾਵਤ ਦਬਾ ਦਿੱਤੀ ਗਈ, ਪਰ ਅੱਗ ਅਜੇ ਵੀ ਧੁਖ਼ ਰਹੀ ਹੈ ਜੋ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ।

15 ਮਾਰਚ 2011 ਨੂੰ ਸੀਰੀਆ ਵਿੱਚ ਅਮਰੀਕਾ ਦੀ ਸ਼ਹਿ ‘ਤੇ ਬਗਾਵਤ ਹੋ ਗਈ। ਉੱਥੇ ਸਿਰਫ ਇਰਾਨ ਅਤੇ ਰੂਸ ਦੀ ਮੱਦਦ ਕਾਰਨ ਹੀ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਬਚ ਸਕੀ। ਅਮਰੀਕਾ ਨੇ ਇਰਾਨ ਨੂੰ ਪਿੱਛੇ ਹਟ ਜਾਣ ਲਈ ਲੱਖ ਧਮਕੀਆਂ ਦਿੱਤੀਆਂ, ਪਰ ਉਹ ਡਟਿਆ ਰਿਹਾ। ਇਸ ਤੋਂ ਇਲਾਵਾ ਇਰਾਨ ਅਮਰੀਕਾ ਦੇ ਸਭ ਤੋਂ ਨਜ਼ਦੀਕੀ ਸਾਥੀ ਇਜ਼ਰਾਈਲ ਦਾ ਵੀ ਕੱਟੜ ਦੁਸ਼ਮਣ ਹੈ। ਉਹ ਇਜ਼ਰਾਈਲ ਦੇ ਖਿਲਾਫ ਲੈਬਨਾਨ ‘ਚ ਸ਼ੀਆ ਅੱਤਵਾਦੀ ਜਥੇਬੰਦੀ ਹਿਜ਼ਬੁਲਾ ਅਤੇ ਗਾਜ਼ਾ ਪੱਟੀ ਵਿੱਚ ਹਮਾਸ ਦੀ ਖੁੱਲ੍ਹ ਕੇ ਹਥਿਆਰਾਂ ਅਤੇ ਪੈਸੇ ਨਾਲ ਮੱਦਦ ਕਰ ਰਿਹਾ ਹੈ। ਇਸੇ ਕਾਰਨ ਇਜ਼ਰਾਈਲ ਨੂੰ ਸੰਨ 2000 ਵਿੱਚ ਲੈਬਨਾਨ ਤੋਂ ਭੱਜਣਾ ਪਿਆ। ਗਾਜ਼ਾ ਪੱਟੀ ਤੋਂ ਹਮਾਸ ਵੱਲੋਂ ਦਾਗੇ ਜਾ ਰਹੇ ਇਰਾਨ ਦੇ ਬਣੇ ਰਾਕਟ ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਤੱਕ ਪਹੁੰਚ ਰਹੇ ਹਨ। ਦੁਖੀ ਹੋਏ ਇਜ਼ਰਾਈਲ ਨੇ 2010 ਤੋਂ 2012 ਦੇ ਦਰਮਿਆਨ ਇਰਾਨ ਦੇ ਚਾਰ ਚੋਟੀ ਦੇ ਐਟਮੀ ਵਿਗਿਆਨੀਆਂ ਦੇ ਕਤਲ ਕਰਵਾ ਦਿੱਤੇ।

1979 ਤੋਂ ਲੈ ਕੇ ਹੁਣ ਤੱਕ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੇ ਇਰਾਨ ‘ਤੇ ਵੱਧ ਤੋਂ ਵੱਧ ਆਰਥਿਕ ਤੇ ਸੈਨਿਕ ਪਾਬੰਦੀਆਂ ਲਾਈਆਂ ਹਨ। ਇਰਾਨ ਦੀ ਸਾਰੀ ਆਰਥਿਕਤਾ ਤੇਲ ਦੀ ਬਰਾਮਦ ‘ਤੇ ਨਿਰਭਰ ਕਰਦੀ ਹੈ, ਅਮਰੀਕਾ ਉਸ ਦੀ ਇਸੇ ਸ਼ਾਹ ਰਗ ਨੂੰ ਵੱਢਣਾ ਚਾਹੁੰਦਾ ਹੈ। ਰਾਸ਼ਟਰਪਤੀ ਬਰਾਕ ਉਬਾਮਾ ਦੇ ਵੇਲੇ ਇਰਾਨ ਨੂੰ ਕੁਝ ਸੌਖਾ ਸਾਹ ਆਇਆ। ਉਹ ਇਰਾਨ ਨਾਲ ਸਬੰਧ ਸੁਧਾਰਨ ਦਾ ਇੱਛੁਕ ਸੀ, ਇਸ ਲਈ ਉਸ ਨੇ ਇਰਾਨ ਨੂੰ ਕਈ ਛੋਟਾਂ ਦਿੱਤੀਆਂ। ਇਰਾਨ ਨੇ ਵੀ ਉਸ ਦੀ ਗੱਲ ਮੰਨ ਲਈ ਤੇ 14 ਜੁਲਾਈ 2015 ਨੂੰ ਡੈਨਮਾਰਕ ਦੀ ਰਾਜਧਾਨੀ ਕੋਪੇਨਹੈਗਨ ਵਿੱਚ ਅਮਰੀਕਾ, ਇੰਗਲੈਂਡ, ਰੂਸ, ਫਰਾਂਸ, ਚੀਨ ਤੇ ਜਰਮਨੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਐਟਮੀ ਸੰਧੀ ‘ਤੇ ਦਸਤਖਤ ਕਰ ਦਿੱਤੇ। ਇਸ ਸੰਧੀ ਕਾਰਨ ਉਬਾਮਾ ਪ੍ਰਸ਼ਾਸ਼ਨ ਨੇ ਇਰਾਨ ਦੇ ਖਿਲਾਫ ਜਿਆਦਾਤਰ ਪਾਬੰਦੀਆਂ ਚੁੱਕ ਲਈਆਂ। ਇਰਾਨ ਨੇ ਵੀ ਮੰਨ ਲਿਆ ਕਿ ਉਹ ਐਟਮੀ ਪ੍ਰੋਗਰਾਮ ਨੂੰ ਸਿਰਫ ਉਦਯੋਗਿਕ ਕੰਮਾਂ ਲਈ ਵਰਤੇਗਾ ਤੇ ਅੰਤਰਰਾਸ਼ਟਰੀ ਨਿਰੀਖਕਾਂ ਨੂੰ ਉਸ ਦੇ ਪਲਾਂਟਾਂ ਦਾ ਕਿਸੇ ਵੇਲੇ ਵੀ ਨਿਰੀਖਣ ਕਰਨ ਦਾ ਅਧਿਕਾਰ ਹੋਵੇਗਾ।

ਇਸ ਸੰਧੀ ਕਾਰਨ ਇੱਕ ਵਾਰ ਤਾਂ ਇਹ ਲੱਗਣ ਲੱਗਾ ਕਿ ਹੁਣ ਅਮਰੀਕਾ-ਇਰਾਨ ਸਬੰਧਾਂ ਵਿੱਚ ਸਥਿਰਤਾ ਆ ਜਾਵੇਗੀ। ਪਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਦੇ ਸਾਰ ਹੀ ਸਥਿਤੀਆਂ ਬਦਲ ਗਈਆਂ। ਉਹ ਇਜ਼ਰਾਈਲ ਅਤੇ ਸਾਊਦੀ ਅਰਬ ਦੇ ਬੇਹੱਦ ਪ੍ਰਭਾਵ ਹੇਠ ਹੈ ਤੇ ਇਰਾਨ ਨੂੰ ਧਮਕਾਉਣ ਦਾ ਕੋਈ ਮੌਕਾ ਨਹੀਂ ਛੱਡਦਾ। ਉਸ ਦੀਆਂ ਨੀਤੀਆਂ ਨੇ ਇਰਾਨ ਤੇ ਅਮਰੀਕਾ ਨੂੰ ਯੁੱਧ ਦੇ ਕਗਾਰ ‘ਤੇ ਪਹੁੰਚਾ ਦਿੱਤਾ ਹੈ। ਮਈ 2018 ਨੂੰ ਟਰੰਪ ਨੇ ਇਰਾਨ ਨਾਲ ਐਟਮੀ ਸੰਧੀ ਨੂੰ ਭੰਗ ਕਰ ਦਿੱਤਾ। ਬਦਲੇ ਵਿੱਚ ਇਰਾਨ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਹੁਣ ਪਰਮਾਣੂ ਹਥਿਆਰਾਂ ਦੇ ਪੱਧਰ ਦਾ ਯੂਰੇਨੀਅਮ ਤਿਆਰ ਕਰਨ ਲਈ ਅਜ਼ਾਦ ਹੈ। ਟਰੰਪ ਨੇ 4 ਨਵੰਬਰ 2018 ਨੂੰ ਇਰਾਨ ਦੇ ਖਿਲਾਫ ਆਰਥਿਕ ਪਾਬੰਦੀਆਂ ਦੁਬਾਰਾ ਲਾ ਦਿੱਤੀਆਂ ਤੇ ਹੋਰ ਸਖਤ ਕਰ ਦਿੱਤੀਆਂ। ਰੂਸ, ਚੀਨ ਤੇ ਯੂਰਪੀਅਨ ਯੂਨੀਅਨ ਦੇ ਸਖਤ ਵਿਰੋਧ ਦੇ ਬਾਵਜੂਦ ਟਰੰਪ ਨੇ ਐਲਾਨ ਕੀਤਾ ਕਿ ਇਰਾਨ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਭਾਰਤ, ਚੀਨ, ਜਪਾਨ, ਦੱਖਣੀ ਕੋਰੀਆ ਤੇ ਤੁਰਕੀ ਨੂੰ ਇਰਾਨ ਤੋਂ ਇੱਕ ਸਾਲ ਦੀ ਤੇਲ ਖਰੀਦਣ ਦੀ ਛੋਟ ਮਿਲੀ ਸੀ ਜੋ 1 ਮਈ 2019 ਨੂੰ ਖਤਮ ਹੋ ਗਈ ਹੈ। ਟਰੰਪ ਨੇ ਇਹ ਛੋਟ ਵਧਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਇਹਨਾਂ ਪਾਬੰਦੀਆਂ ਕਾਰਨ ਇਰਾਨ ਦੀ ਆਰਥਿਕਤਾ ‘ਤੇ ਮਾਰੂ ਪ੍ਰਭਾਵ ਪਿਆ ਹੈ। ਦੇਸ਼ ਵਿੱਚ ਜਰੂਰੀ ਸਾਮਾਨ ਤੇ ਦਵਾਈਆਂ ਦੀ ਕਿੱਲਤ ਪੈਦਾ ਹੋ ਗਈ ਹੈ। ਇਰਾਨੀ ਕਰੰਸੀ ਰਿਆਲ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੋਈ ਕੀਮਤ ਨਹੀਂ ਰਹੀ।

ਕੁਝ ਦਿਨਾਂ ਤੋਂ ਕਈ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹਨਾਂ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। 12 ਮਈ ਨੂੰ ਤੋੜ-ਭੰਨ੍ਹ ਦੀ ਕਾਰਵਾਈ ਕਾਰਨ ਸਾਊਦੀ ਅਰਬ ਦੇ ਦੋ ਜਹਾਜ਼ਾਂ ਸਮੇਤ ਚਾਰ ਤੇਲ ਟੈਂਕਰ ਉਮਾਨ ਦੀ ਖਾੜੀ ‘ਚ ਨੁਕਸਾਨੇ ਗਏ। 15 ਜੂਨ ਨੂੰ ਦੁਬਾਰਾ ਉਮਾਨ ਦੀ ਖਾੜੀ ਵਿੱਚ ਦੋ ਤੇਲ ਟੈਂਕਰ ਨੁਕਸਾਨੇ ਗਏ। ਅਮਰੀਕਾ ਤੇ ਸਾਊਦੀ ਅਰਬ ਨੇ ਇਸ ਦਾ ਇਲਜ਼ਾਮ ਇਰਾਨ ‘ਤੇ ਲਾਇਆ ਹੈ। 20 ਜੂਨ ਨੂੰ ਇਰਾਨ ਦੀ ਫੌਜ ਨੇ ਆਪਣੇ ਖੇਤਰ ਵਿੱਚ ਉੱਡ ਰਹੇ ਇੱਕ ਅਮਰੀਕੀ ਡਰੋਨ ਨੂੰ ਮਾਰ ਸੁੱਟਿਆ। ਅਮਰੀਕਾ ਨੇ ਇਹ ਕਹਿ ਕੇ ਕਿ ਇਹ ਡਰੋਨ ਅੰਤਰਰਾਸ਼ਟਰੀ ਖੇਤਰ ਵਿੱਚ ਉੱਡ ਰਿਹਾ ਸੀ, ਇਰਾਨ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ। ਇਰਾਨ ਨੇ ਵੀ ਅਰਬ ਦੇਸ਼ਾਂ ਦਾ ਗਲਾ ਘੁੱਟਣ ਲਈ ਹੋਰਮਜ਼ ਦੀ ਖਾੜੀ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ।

ਹਾਲਾਤ ਬੇਹੱਦ ਧਮਾਕਾਖੇਜ਼ ਬਣੇ ਹੋਏ ਹਨ। ਅਮਰੀਕਾ ਦੇ ਅਨੇਕਾਂ ਜੰਗੀ ਜਹਾਜ਼ ਤੇ ਦੋ ਲੱਖ ਦੇ ਲਗਭਗ ਸੈਨਿਕ ਇਰਾਨ ਦੀ ਖਾੜੀ ਅਤੇ ਨਜ਼ਦੀਕੀ ਅਰਬ ਦੇਸ਼ਾਂ ਵਿੱਚ ਤਾਇਨਾਤ ਹਨ। ਅਜੇ ਤੱਕ ਕਿਸੇ ਵੀ ਦੇਸ਼ ਨੇ ਇਰਾਨ ਨੂੰ ਸਿੱਧੀ ਹਮਾਇਤ ਨਹੀਂ ਦਿੱਤੀ, ਇਸ ਦੇ ਬਾਵਜੂਦ ਇਰਾਨ ਝੁਕਣ ਲਈ ਤਿਆਰ ਨਹੀਂ ਹੈ। ਇਸੇ ਦੌਰਾਨ ਟਰੰਪ ਦਾ ਬਿਆਨ ਆਇਆ ਹੈ ਕਿ ਮੈਂ ਮਨੁੱਖੀ ਜਾਨਾਂ ਦੇ ਨੁਕਸਾਨ ਹੋਣ ਦੇ ਡਰੋਂ ਫਿਲਹਾਲ ਇਰਾਨ ‘ਤੇ ਹਮਲੇ ਦੀ ਆਗਿਆ ਨਹੀਂ ਦੇ ਰਿਹਾ। ਦੋਵਾਂ ਦੇਸ਼ਾਂ ਦਰਮਿਆਨ ਧਮਕੀਆਂ ਦਾ ਦੌਰ ਜਾਰੀ ਹੈ। ਸ਼ਾਇਦ ਹੌਲੀ-ਹੌਲੀ ਯੂ.ਐਨ.ਉ., ਯੂਰਪੀਅਨ ਯੂਨੀਅਨ, ਚੀਨ ਜਾਂ ਰੂਸ ਵਰਗਾ ਕੋਈ ਦੇਸ਼ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰੇ ਤੇ ਸੰਸਾਰ ਇੱਕ ਹੋਰ ਖਾੜੀ ਜੰਗ ਤੋਂ ਬਚ ਜਾਵੇ।

ਪੰਡੋਰੀ ਸਿੱਧਵਾਂ
ਮੋ. 95011-00062

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।