ਜਸਵੰਤ ਸਿੰਘ ਕੰਵਲ ਨੇ ਮਾਰੀ ਸੈਂਚਰੀ, ਮਨਾਇਆ 100ਵਾਂ ਜਨਮਦਿਨ

Jaswant Singh Kanwal, Celebrates, 100th, Birthday,

ਢੁੱਡੀਕੇ ਵਿਖੇ ਲੱਗਾ ਪੰਜਾਬੀ ਜੋੜ ਮੇਲਾ

ਰਾਜਵਿੰਦਰ ਰੌਂਤਾ

ਜਸਵੰਤ ਸਿੰਘ ਕੰਵਲ ਪੰਜਾਬੀ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਤੇ ਅਜੋਕੇ ਸਾਹਿਤਕਾਰਾਂ, ਨਾਵਲਕਾਰਾਂ ਵਿੱਚੋਂ ਸਭ ਤੋਂ ਵਡੇਰੀ ਉਮਰ ਦੀ ਮਹਾਨ ਸ਼ਖਸੀਅਤ ਹਨ। ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ ਉਹਨਾਂ ਦੇ ਪਿੰਡ ਢੁੱਡੀਕੇ ਵਿਖੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਤੇ ਸੰਸਥਾਵਾਂ ਵੱਲੋਂ ਮਨਾਇਆ ਗਿਆ। ‘ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਦੇ ਨਾਂਅ ਹੇਠ ਸ਼ਤਾਬਦੀ ਸਮਾਗਮ ਸਰਕਾਰੀ ਕਾਲਜ ਢੁੱਡੀਕੇ ਵਿਖੇ ਮਨਾਏ ਜਾ ਰਹੇ ਹਨ।

ਜਸਵੰਤ ਸਿੰਘ ਕੰਵਲ ਨੇ ਚੜ੍ਹਦੀ ਜਵਾਨੀ ਵਿੱਚ ਕਵਿਤਾਵਾਂ ਤੋਂ ਮੋੜਾ ਕੱਟ ਕੇ ਨਾਵਲ ਲਿਖਣੇ ਸ਼ੁਰੂ ਕੀਤੇ । ਸਮੇਂ-ਸਮੇਂ ਪੰਜਾਬ ਵਿੱਚ ਚੱਲੀਆਂ ਲਹਿਰਾਂ ਵੇਲੇ ਨਾਵਲ, ਲੇਖ ਆਦਿ ਰਚਨਾਵਾਂ ਲਿਖੀਆਂ। ਕੰਵਲ ਦੇ ਬਹੁ ਚਰਚਿਤ ਨਾਵਲਾਂ ਵਿੱਚ ਲਹੂ ਦੀ ਲੋਅ, ਪੂਰਨਮਾਸ਼ੀ, ਰਾਤ ਬਾਕੀ ਹੈ, ਐਨਿਆ ‘ਚੋਂ ਉੱਠੋ ਸੂਰਮਾ, ਭਵਾਨੀ, ਮਿੱਤਰ ਪਿਆਰੇ ਨੂੰ, ਚੌਥੀ ਕੂੰਟ ਆਦਿ ਅੱਜ ਵੀ ਬੜੀ ਸ਼ਿੱਦਤ ਨਾਲ ਪੜ੍ਹੇ ਜਾਂਦੇ ਹਨ। 2017 ਵਿੱਚ

ਸਵੈ-ਜੀਵਨੀ ਪੰਜਾਬੀਆਂ ਦੀ ਝੋਲੀ ਪਾਈ

ਕੰਵਲ ਡੁੱਬ ਰਹੇ ਪੰਜਾਬ ਤੋਂ ਬੇਹੱਦ ਚਿੰਤਤ ਹਨ। ਉਹਨਾਂ ਆਪਣੇ ਨਾਵਲਾਂ ਲੇਖ ਸੰਗ੍ਰਿਹਾਂ ਵਿੱਚ ਪੰਜਾਬ ਦੀ ਤ੍ਰਾਸਦੀ ਬਿਆਨ ਕੀਤੀ। ਸਾਹਿਤਕ, ਸੱਭਿਆਚਾਰਕ, ਸਮਾਜਿਕ ਸਮਾਗਮਾਂ ਵਿੱਚ ਵੀ ਆਪਣੇ ਭਾਸ਼ਣਾਂ ਵਿੱਚ ਪੰਜਾਬ ਦੇ ਨਿਘਾਰ ਦੇ ਰੋਣੇ ਰੋਏ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਰਹਿੰਦੀ ਜਵਾਨੀ, ਸੁਹੱਪਣ ਤੇ ਵਿਵੇਕਤਾ ਵਿਦੇਸ਼ਾਂ ਵੱਲ ਜਾ ਰਹੀ ਹੈ। ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ, ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਕੰਮ ਖੁੱਸ ਰਹੇ ਹਨ, ਸਿਆਸਤ ਕੋਲ ਪੰਜਾਬੀਆਂ ਲਈ ਸਮਾਂ ਨਹੀਂ ਫ਼ਿਕਰ ਨਹੀਂ। ਪੰਜਾਬ ਲਾਵਾਰਿਸ ਹੈ ਕੋਈ ਵਾਲੀਵਾਰਸ ਨਹੀਂ ਹੈ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਤੇ ਸਮੇਂ ਨਾਲ ਸਬੰਧਤ ਜਿੱਤਨਾਮਾ, ਜੱਦੋ ਜਹਿਦ ਜਾਰੀ ਰਹੇ, ਕੰਵਲ ਕਹਿੰਦਾ ਰਿਹਾ, ਪੰਜਾਬ ਦਾ ਸੱਚ , ਸਚੁ ਕੀ ਬੇਲਾ, ਪੰਜਾਬੀਓ ਜੀਣਾ ਕਿ ਮਰਨਾ ਆਦਿ ਲੇਖਾਂ ਰਾਹੀਂ ਪੰਜਾਬੀਆਂ ਨੂੰ ਹਲੂਣਾ ਦੇਣ ਦੀ ਇਤਿਹਾਸਕ ਕੋਸ਼ਿਸ਼ ਕੀਤੀ ਹੈ।

ਮੌਕੇ ਦੇ ਹਾਲਾਤਾਂ ਅਨੁਸਾਰ ਲਿਖਣਾ ਕੰਵਲ ਦੀ ਜੁਗਤ ਹੈ। ਇਸ ਕਰਕੇ ਅੱਜ ਉਹਨਾਂ ਦੇ ਪਾਠਕ ਤੇ ਚਾਹੁਣ ਵਾਲੇ ਹਜ਼ਾਰਾਂ ਲੱਖਾਂ ਵਿੱਚ ਨੇ। ਡਾਕਟਰੇਟ ਦੀ ਡਿਗਰੀ ਨਾਲ ਡਾਕਟਰ ਬਣੇ ਕੰਵਲ ਪਿੰਡ ਦੇ ਸਰਪੰਚ ਵੀ ਰਹੇ ਉਹਨਾਂ ਪਿੰਡ ਵਿੱਚ ਸਾਹਿਤਕ ਸੱਭਿਆਚਰਕ ਸਮਾਗਮ ਤੇ ਖੇਡ ਮੇਲੇ ਵੀ ਕਰਵਾਏ। ਰੈਫ਼ਰਸ਼ਿੱਪ ਕਰਦਾ ਕੰਵਲ ਤੇ ਮੁੰਡਿਆਂ ਨਾਲ ਮੁੰਡਾ ਤੇ ਹਾਣੀਆਂ ਨਾਲ ਤਾਸ਼ ਦੀ ਬਾਜ਼ੀ ਲਾਉਂਦਾ ਰਿਹਾ। ਪੁੰਨਿਆਂ ਦੇ ਚਾਨਣ ਵਿੱਚ ਬਲਰਾਜ ਸਾਹਨੀ ਵਰਗੇ ਮਿੱਤਰਾਂ ਨਾਲ ਮਹਿਫ਼ਿਲ ਸਜਾਉਂਦਾ ਤੇ ਆਪਣੀਆਂ ਲਿਖਤਾਂ ਵਿੱਚ ਖੁਦ ਬੋਲਦਾ ਕੰਵਲ ਲੋਕ ਮਨਾਂ ਦਾ ਨਾਇਕ ਹੈ।

ਜਸਵੰਤ ਸਿੰਘ ਕੰਵਲ ਦੇ ਸੌ ਸਾਲ ਦੀ ਉਮਰ ਦਾ ਪੈਂਡਾ ਮੁਕੰਮਲ ਕਰਨ ‘ਤੇ ਪੰਜ ਦਿਨਾਂ ਸ਼ਤਾਬਦੀ ਸਮਾਗਮਾਂ ਵਿੱਚ ਪੰਜਾਬੀ ਦੇ ਸਿਰਮੌਰ ਲਿਖਾਰੀ ਤੇ ਬਾਹਰੋਂ ਚਿੰਤਕ ਕੰਵਲ ਦੀ ਸਾਹਿਤ ਸਿਰਜਣਾ ਬਾਰੇ ਸਮਾਗਮ ਦੇ ਵੱਖ-ਵੱਖ ਪੜਾਵਾਂ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਦੀ ਲੇਖਣੀ ਨਾਵਲ ਬਾਰੇ ਗੱਲ ਬਾਤ ਦੇ ਨਾਲ ਸਬੰਧਤ ਵਿਸ਼ਿਆਂ ਤੇ ਵਿਭਿੰਨ ਰੰਗਾਂ ਦੀ ਸਤਰੰਗੀ ਪਾਈ ਜਾਵੇਗੀ।
ਕੰਵਲ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ, ਪੰੰਜਾਬ ਤੇ ਪੰਜਾਬੀਅਤ ਦੀ ਸੇਵਾ ਵਿੱਚ ਲਾ ਦਿੱਤੀ। ਡਾ. ਜਸਵੰਤ ਸਿੰਘ ਕੰਵਲ ਵੱਲੋਂ ਸੈਂਚੁਰੀ ਪੂਰੀ ਕਰਨ ‘ਤੇ ਉਹਨਾਂ ਦੇ ਮਨ ਵਿੱਚ ਜਿਉਣ ਤੇ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਵੇਖਣ ਦੀ ਆਸ ਹੈ। ਅੱਜ-ਕੱਲ੍ਹ ਉਹਨਾਂ ਦੀ ਸਿਹਤ ਸਾਜ਼ਗਾਰ ਨਹੀਂ, ਦੁਆ ਹੈ ਕਿ ਉਹ ਮੁੜ ਤੰਦਰੁਸਤ ਹੋ ਕੇ 101ਵੇਂ ਸਾਲ ਵਿੱਚ ਦੁੜੰਗੇ ਮਾਰਨ।

ਰੌਂਤਾ, ਮੋਗਾ। 
ਮੋ. 98764-86187

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।