ਪਹਾੜੀ ਕਿੱਕਰ, ਬਾਬੇ ਅਤੇ ਸੱਥ

ਡੇ ਘਰ ਦੇ ਸਾਹਮਣੇ ਇੱਕ ਪਹਾੜੀ ਕਿੱਕਰ ਹੁੰਦੀ ਸੀ, ਬਹੁਤ ਫੈਲੀ ਹੋਈ ਤੇ ਗੂੜ੍ਹੀ ਛਾਂਦਾਰ। ਭਾਵੇਂ ਕੰਡਿਆਲੀ ਹੋਣ ਕਾਰਨ ਇਹਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਜਿੱਥੇ ਇਹ ਸੀ ਓਥੇ ਕੋਈ ਹੋਰ ਦਰੱਖਤ ਜਾਂ ਕਮਰਾ ਨਾ ਹੋਣ ਕਾਰਨ ਇਸਦੀ ਇੱਕ ਸਾਇਡ ਪਸ਼ੂ ਬੰਨੇ ਜਾਂਦੇ ਤੇ ਦੂਸਰੇ ਪਾਸੇ ਬਜ਼ੁਰਗਾਂ ਦੀ ਢਾਣੀ ਜੁੜਦੀ। ਇਹ ਢਾਣੀ ਤਾਸ਼ ਖੇਡਦੀ ਜਾਂ ਗੱਲਾਂ ਕਰਦੀ। ਬਾਬਿਆਂ ਦਾ ਤ੍ਰਿੰਝਣ 9 ਵਜੇ ਕਿੱਕਰ ਥੱਲੇ ਆ ਜੁੜਦਾ। 4 ਵਜੇ ਇਹ ਢਾਣੀ ਵਾਪਸ ਘਰਾਂ ਨੂੰ ਵਹੀਰਾਂ ਘੱਤਦੀ। ਬਾਬਾ ਪੂਰਨ, ਬਾਬਾ ਮਾਘੀ ਤੇ ਬਾਬਾ ਰਤਨਾ ਇਸ ਢਾਣੀ ਦੇ ਲੰਬੜਦਾਰ ਹੁੰਦੇ। ਮੇਰੇ ਪਿਤਾ ਜੀ ਇਸ ਢਾਣੀ ਵਿੱਚ ਐਤਵਾਰ ਨੂੰ ਸ਼ਾਮਿਲ ਹੁੰਦੇ।

ਪੂਰਨ ਤੇ ਮਾਘੀ ਬਾਬਾ ਪੁਰਾਣੀਆਂ ਘਟਨਾਵਾਂ ਨੂੰ ਇੰਨੇ ਰੌਚਕ ਤਰੀਕੇ ਨਾਲ ਪੇਸ਼ ਕਰਦੇ ਕਿ ਵੱਡੇ-ਵੱਡੇ ਇਤਿਹਾਸਕਾਰ ਇਹਨਾਂ ਦੇ ਸਨਮੁੱਖ ਬੌਣੇ ਲੱਗਦੇ। 1947 ਦੀ ਵੰਡ, ਜਿਸਨੂੰ ਇਹ ਹੱਲੇ-ਗੁੱਲੇ ਕਹਿੰਦੇ, ਇੰਜ ਪੇਸ਼ ਕਰਦੇ ਕਿ ਹਰ ਅੱਖ ਨਮ ਹੋ ਜਾਂਦੀ। ਬਾਬਾ ਪੂਰਨ ਦੱਸਦਾ, ”ਲਹੂ ਜਮ੍ਹਾ ਚਿੱਟਾ ਹੋ ਗਿਆ ਸੀ, ਗੂੜ੍ਹੀਆਂ ਸਾਂਝਾਂ ਨੂੰ ਨਫਰਤ ਦਾ ਦੈਂਤ ਨਿਗਲ ਗਿਆ, ਦਰਿੰਦਗੀ ਨੇ ਤਾਂਡਵਨਾਚ ਨੱਚਿਆ, ਲੁੱਟਾਂ-ਖੋਹਾਂ ਤਾਂ ਆਮ ਗੱਲ ਵੱਢ-ਟੁੱਕ ਬਹੁਤ ਹੋਈ, ਬੱਚੇ ਤੋਂ ਬੁੱਢੇ ਤੱਕ ਦੇ ਟੁਕੜੇ-ਟੁਕੜੇ ਇਹਨਾਂ ਅੱਖਾਂ ਨੇ ਦੇਖੇ ਇਸਤੋਂ ਵੀ ਦਰਦਨਾਕ ਕਾਰੇ ਹੋਏ।” ਸੁਣ ਹਰ ਅੱਖ ਨਮ ਹੋ ਜਾਂਦੀ। ਅੰਗਰੇਜ਼ਾਂ ਦੇ ਰਾਜ ਦੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਘਟਨਾਵਾਂ ਉਹਨਾਂ ਦੇ ਚੇਤਿਆਂ ਵਿੱਚ ਤਰੋਤਾਜ਼ਾ ਸਨ।

ਇਹ ਵੀ ਪੜ੍ਹੋ : ਚੋਰਾਂ ਨੇ ਇੱਕ ਘਰ ’ਚੋਂ 20 ਮਿੰਟਾਂ ’ਚ ਉਡਾਈ ਲੱਖਾਂ ਦੀ ਨਕਦੀ ਤੇ ਸੋਨਾ

ਮੇਰੇ ਪਿਤਾ ਜੀ ’47 ਦੇ ਪੰਜਾਬ ਯੂਨੀਵਰਸਿਟੀ ਤੋਂ ਦਸਵੀਂ ਪਾਸ ਸਨ। ਸੱਥ ਦੀ ਸ਼ੁਰੂਆਤ ਖਬਰਾਂ ਤੋਂ ਹੁੰਦੀ। ਮੋਟੀਆਂ-ਮੋਟੀਆਂ ਖਬਰਾਂ ਬਾਬੇ ਬੜੇ ਗੌਰ ਨਾਲ ਸੁਣਦੇ ਤੇ ਫਿਰ ਆਪਣੀ ਰਾਇ ਵੀ ਦਿੰਦੇ। ਖਾਸ ਗੱਲ ਐਤਵਾਰ ਦੀ ਹੁੰਦੀ। ਉਹਨਾਂ ਦਿਨਾਂ ਵਿੱਚ ਮੈਗਜ਼ੀਨ ਵਿੱਚ ਰਾਮ ਸਰੂਪ ਅਣਖੀ ਦਾ ਨਾਵਲ ‘ਸਲਫਾਸ’ ਕਿਸ਼ਤਵਾਰ ਛੱਪਦਾ ਸੀ। ਪਿਤਾ ਜੀ ਪੂਰੀ ਕਿਸ਼ਤ ਪੜ੍ਹਦੇ ਤੇ ਬਾਬੇ ਠੋਡੀ ਥੱਲੇ ਸੋਟੀ ਲਾ ਪੂਰੀ ਇਕਾਗਰਤਾ ਨਾਲ ਸੁਣਦੇ। ਉਹਨਾਂ ਨੂੰ ਲੱਗਦਾ ਇਹ ਕਹਾਣੀ ਉਹਨਾਂ ਦੀ ਖੁਦ ਦੀ ਹੈ। ਕਿਸ਼ਤ ਪੜ੍ਹਨ ਤੋਂ ਬਾਅਦ ਸਾਰੀ ਘਟਨਾ ‘ਤੇ ਪੂਰਾ ਵਿਚਾਰ-ਵਟਾਂਦਰਾ ਹੁੰਦਾ। ਐਤਵਾਰ ਨੂੰ ਛੁੱਟੀ ਹੋਣ ਕਾਰਨ ਮੈਂ ਵੀ ਬਾਬਿਆਂ ‘ਚ ਸ਼ਾਮਲ ਹੁੰਦਾ।

ਹੁਣ ਸੋਚਦਾ ਕਿ ਜੇ ਉਹ ਵਿਚਾਰ-ਵਟਾਂਦਰੇ ਨੋਟ ਕੀਤੇ ਹੁੰਦੇ ਤਾਂ ਪਤਾ ਨ੍ਹੀਂ ਕਿੰਨੇ ਨਾਵਲ ਕਹਾਣੀਆਂ ਦਾ ਮੈਟਰ ‘ਕੱਠਾ ਹੋ ਜਾਂਦਾ। ਕਿਸ਼ਤ ਨਾਲ ਜੁੜਦੀਆਂ ਹੋਰ ਘਟਨਾਵਾਂ ਦਾ ਜ਼ਿਕਰ ਵੀ ਜੁੜ ਜਾਂਦਾ। ਮੈਂ ਸੋਚਦਾ ਕਿ ਅਨਪੜ੍ਹ ਹੋਣ ਦੇ ਬਾਵਜ਼ੂਦ ਯਾਦਾਸ਼ਤ ਤਾਂ ਇਹਨਾਂ ਬਾਬਿਆਂ ਕੋਲ ਕਮਾਲ ਦੀ ਹੈ। ਧਿਆਨ ਨਾਲ ਸੁਣਨਾ ਉਹਨਾਂ ਦੀ ਜਗਿਆਸਾ ਦਾ ਪ੍ਰਮਾਣ ਹੁੰਦਾ। ਅੱਜ ਕਿਤਾਬਾਂ ‘ਤੇ ਹੁੰਦੀਆਂ ਗੋਸ਼ਟੀਆਂ ਇੱਕ-ਦੂਜੇ ਦੇ ਖੁਰਕ ਕਰਨ ਤੋਂ ਵੱਧ ਕੇ ਕੁਝ ਨਹੀਂ। ਇਹ ਬਾਬੇ ਮੈਨੂੰ ਅਸਲੀ ਪਾਠਕ ਲੱਗਦੇ।

ਇਹ ਵੀ ਪੜ੍ਹੋ : ਸੁਨਿਆਰੇ ਨੂੰ ਗੋਲੀ ਮਾਰ ਸੋਨਾ ਲੈ ਕੇ ਲੁਟੇਰੇ ਫਰਾਰ

ਫਿਰ ਇਹ ਬਾਬੇ ਤਾਸ਼ ਖੇਡਣਾ ਸ਼ੁਰੂ ਕਰਦੇ। ਸੀਪ ਦੀ ਬਾਜੀ ਲੱਗਦੀ। ਐਤਵਾਰ ਨੂੰ ਤਿੰਨ ਬਾਬੇ ਤੇ ਇੱਕ ਸੀਟ ਮੈਂ ਮੱਲ ਲੈਂਦਾ। ਇਹਨਾਂ ਦੇ ਦਿਮਾਗਾਂ ਨੂੰ ਦਾਦ ਦੇਣੀ ਬਣਦੀ। ਹੁਕਮ ਦੀ ਦੁੱਕੀ ਤੋਂ ਯੱਕੇ ਤੱਕ ਕਿਸ ਕੋਲ ਹੋ ਸਕਦਾ, ਇਹਨਾਂ ਨੂੰ ਪੂਰਾ ਧਿਆਨ ਹੁੰਦਾ। ਇਹ ਮੈਨੂੰ ਅਕਸਰ ਟੋਕਦੇ, ‘ਮਾਸਟਰਾ ਤੂੰ ਪੱਤਾ ਯਾਦ ਨ੍ਹੀਂ ਰੱਖਦਾ, ਇਹ ਪੱਤਾ ਕਿਉਂ ਸੁੱਟਿਆ, ਤੇਰੇ ਕਰਕੇ ਇਹਦੀ ਬੇਗੀ ਮੇਰੇ ਹੱਥੋਂ ਨਿੱਕਲ ਗਈ।’ ਮੈਂ ਕਹਿ ਦਿੰਦਾ ਕਿ ਮੈਂ ਤਾਂ ਦਿਲ ਨਾਲ ਖੇਡਦਾ, ਮਨੋਰੰਜਨ ਲਈ, ਦਿਮਾਗ ਮੈਂ ਘੱਟ ਹੀ ਵਰਤਦਾ। ਪਰ ਉਹ ਖੇਡ ‘ਚ ਪੂਰਾ ਦਿਮਾਗ ਵਰਤਦੇ, ਬਾਕੀ ਜੀਵਨ ਵਿੱਚ ਉਹ ਦਿਲ ਦੀ ਵਰਤੋਂ ਕਰਦੇ।

ਉਸ ਸਮੇਂ ਤਾਂ ਮੈਨੂੰ ਇਹ ਗੱਲ ਸਮਝ ਨਹੀਂ ਆਈ ਪਰ ਅੱਜ ਆ ਗਈ ਕਿ ਉਸ ਸਮੇਂ ਰਿਸ਼ਤੇ ਕਿਉਂ ਹੰਢਣਸਾਰ ਸਨ, ਪੱਗਾਂ ਕਿਉਂ ਵੱਟਦੀਆਂ ਸਨ, ਯਾਰੀਆਂ ਕਿਉਂ ਨਿਭਦੀਆਂ ਸਨ? ਅੱਜ ਵੱਡੀ ਤਬਦੀਲੀ ਹੋ ਗਈ ਹੈ। ਖੇਡਾਂ ਮਨੋਰੰਜਨ ਲਈ ਬਣ ਗਈਆਂ। ਇਹਨਾਂ ਵਿੱਚ ਦਿਲਾਂ ਦੀ ਵਰਤੋਂ ਹੋਣ ਲੱਗੀ ਹੈ। ਆਮ ਜੀਵਨ ਵਿੱਚ ਦਿਮਾਗ ਵਰਤੇ ਜਾਣ ਲੱਗੇ ਹਨ। ਦਿਮਾਗ ਜਿੱਤਣ ਲਈ ਵਰਤਿਆ ਜਾਂਦਾ ਹੈ। ਹਾਰਨ ਲਈ ਦਿਲ ਹੈ। ਰਿਸ਼ਤੇ ਨਿਭਾਉਣ ਲਈ ਹਾਰਨਾ ਪੈਂਦਾ ਹੈ। ਦਿਮਾਗ ਲਾਭ ਦੇ ਧਰਾਤਲ ‘ਤੇ ਯਾਤਰਾ ਕਰਦਾ। ਅੱਜ ਸਭ ਲਾਭ ਦੇ ਧਰਾਤਲ ‘ਤੇ ਖੜ੍ਹ ਗਿਆ। ਸਮਾਜਿਕ ਉਥਲ-ਪੁਥਲ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ : ਸਲੇਮਸ਼ਾਹ ’ਚ ਚੱਲ ਰਹੇ ਖੇਤ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਨੂੰ ਪੁਲਿਸ ਨੇ ਬਲ ਪੂਰਵਕ ਚੁੁੱਕਿਆ

ਬਾਬਿਆਂ ਦੀਆਂ ਇਹ ਸੱਥਾਂ ਦੁੱਖ-ਸੁੱਖ ਦਾ ਸੰਚਾਰ ਕਰਦੀਆਂ। ਪਿੰਡ ਤੇ ਆਲੇ-ਦੁਆਲੇ ਦੇ ਦੁੱਖਾਂ-ਸੁੱਖਾਂ ਦਾ ਮੰਥਨ ਹੁੰਦਾ। ਕਿਸਦੇ ਵਿਆਹ, ਕਿਸਦੇ ਮਰਗਤ, ਕਿਸਨੇ ਗਲਤ ਕੰਮ ਕੀਤਾ ਆਦਿ ‘ਤੇ ਵਿਚਾਰ ਹੁੰਦੀ। ਸੋਚਦਾਂ ਕਿ ਇਹ ਬਾਬੇ ਇੱਕ ਪਰੰਪਰਾ ਨੂੰ ਜਨਮ ਦਿੰਦੇ ਕਿ ਖੁਸ਼ੀ-ਗਮੀ ਵਿੱਚ ਸ਼ਾਮਲ ਜਰੂਰ ਹੋਵੋ। ਇਹਨਾਂ ਦੀ ਦ੍ਰਿਸ਼ਟੀ ਕਮਾਲ ਦੀ ਹੁੰਦੀ। ਉਹ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ ਰੱਖਦੇ ਸਨ। ਰਿਸ਼ਤੇ ਇਹਨਾਂ ਰਾਹੀਂ ਸਿਰੇ ਚੜ੍ਹਦੇ ਤੇ ਚੋਣਾਂ ਇਹਨਾਂ ਰਾਹੀਂ ਜਿੱਤੀਆਂ ਜਾਂਦੀਆਂ।

ਇੱਕ ਮਿੱਤਰ ਸਾਂਝੀ ਸੱਥ ਲਾਇਬਰੇਰੀ ਸ਼ੁਰੂ ਕਰਦਾ। ਮੈਨੂੰ ਸੱਦਾ ਪੱਤਰ ਦਿੰਦਾ। ਮੈਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਾ। ਇਸ ਸੱਥ ਲਾਇਬਰੇਰੀ ਬਾਰੇ ਗੱਲ ਚਲਦੀ ਹੈ। ਦੱਸਿਆ ਜਾਂਦਾ ਕਿ ਕਿਤਾਬਾਂ ਨਾਲ ਭਰੀ ਬੱਸ ਹਰ ਐਤਵਾਰ ਇੱਕ ਪਿੰਡ ਵਿੱਚ ਰੁਕੇਗੀ। ਜਾਗ੍ਰਤੀ ਲਈ ਹਰ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਕਿਤਾਬਾਂ ਨਾਲ ਜੁੜਨਗੇ। ਨਾਲ ਕੋਈ ਚੇਤਨ ਬੰਦਾ ਕਿਤਾਬਾਂ ਅਤੇ ਸਮਾਜਿਕ ਮਸਲਿਆਂ ਦੀ ਗੱਲ ਕਰੇਗਾ। ਲੋਕ ਪੱਖੀ ਕਿਤਾਬਾਂ ਦੇ ਸਾਰ ਤੱਤ ਤਿਆਰ ਕਰਨ ਦਾ ਸੁਝਾਅ ਵੀ ਦਿੱਤਾ ਗਿਆ।

ਹਾਜ਼ਰ ਲੇਖਕਾਂ ਨੇ ਸੁਝਾਅ ਪੇਸ਼ ਕੀਤੇ। ਮੇਰੀ ਰਾਇ ਸੀ ਕਿ ਬਜ਼ੁਰਗਾਂ ਦੇ ਵਿਚਾਰ ਕਿਤਾਬਾਂ ਤੇ ਸਮਾਜਿਕ ਮਸਲਿਆਂ ‘ਤੇ ਜਰੂਰ ਲਏ ਜਾਣ। ਇਹ ਸੋਚਦਿਆਂ ਤੇ ਗੱਲ ਕਰਦਿਆਂ ਮੇਰਾ ਧਿਆਨ ਖੰਡਿਤ ਹੋ ਗਿਆ। ਮੇਰੇ ਸਾਹਮਣੇ ਤੁਰੰਤ ਪਹਾੜੀ ਕਿੱਕਰ ਤੇ ਥੱਲੇ ਬੈਠੇ ਬਾਬੇ ਘੁੰਮਣ ਲੱਗੇ। ਪਿਤਾ ਜੀ ਤੇ ਬਾਬਿਆਂ ਨੂੰ ਰੁਖਸਤ ਹੋਇਆਂ ਬਹੁਤ ਸਮਾਂ ਹੋ ਗਿਆ। ਪਿੱਛੇ ਜਿਹੇ ਪਹਾੜੀ ਕਿੱਕਰ ਵੀ ਵੱਢ ਦਿੱਤੀ ਗਈ। ਉਸ ਦਿਨ ਮਹਿਸੂਸ ਹੋਇਆ ਜਿਵੇਂ ਸਾਂਝਾਂ ਤੇ ਯਾਦਾਂ ‘ਤੇ ਆਰੀ ਫਿਰੀ ਹੋਵੇ। ਕਿੱਕਰ ਕਿੰਨੀਆਂ ਯਾਦਾਂ ਦਾ ਸਰਮਾਇਆ ਸਾਂਭੀ ਬੈਠੀ ਸੀ। ਕਿਤਾਬਾਂ ਨਾਲ ਭਰੀ ਬੱਸ ਦਾ ਪਿੰਡਾਂ ਦੀਆਂ ਸੱਥਾਂ ‘ਚ ਜਾਣਾ ਇੰਝ ਲੱਗਾ ਜਿਵੇਂ ਬਾਬੇ ਬੈਠੇ ਹੋਣ ਤੇ ਪਿਤਾ ਜੀ ‘ਸਲਫਾਸ’ ਪੜ੍ਹ ਰਹੇ ਹੋਣ। ਸਕੂਨ ਦਾ ਬੁੱਲਾ ਮੇਰੇ ਦਿਲ ਵੱਲ ਵਗ ਰਿਹਾ ਸੀ।