ਪਰਮਜੀਤ ਗੁਲਸ਼ਨ ਢੀਂਡਸਾ ਖੇਮੇ ‘ਚ ਸ਼ਾਮਲ

ਬੀਬੀ ਨੇ ਬਾਦਲ ਪਰਿਵਾਰ ‘ਤੇ ਲਾਇਆ ਸਿਆਸੀ ਵਿਤਕਰੇ ਦਾ ਦੋਸ਼

ਬਠਿੰਡਾ, (ਸੁਖਜੀਤ ਮਾਨ) ਮੀਂਹ ਮਗਰੋਂ ਮੁੜ ਹੋਈ ਠੰਢ ਦੇ ਬਾਵਜ਼ੂਦ ਬਠਿੰਡਾ ਖੇਤਰ ‘ਚ ਅੱਜ ਸਿਆਸੀ ਪਾਰਾ ਚੜ੍ਹ ਗਿਆ ਸ੍ਰੋਮਣੀ ਅਕਾਲੀ ਦਲ (ਬ) ਤੋਂ ਬਰਖਾਸਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਬਾਦਲਾਂ ਨੂੰ ਉਨ੍ਹਾ ਦੇ ਗੜ੍ਹ ‘ਚ ਆ ਕੇ ਲਲਕਾਰਿਆ ਉਨ੍ਹਾਂ ਦੀ ਇਸ ਬਠਿੰਡਾ ਫੇਰੀ ਦੌਰਾਨ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਪਰਮਜੀਤ ਕੌਰ ਗੁਲਸ਼ਨ ਵੀ ਢੀਂਡਸਾ ਖੇਮੇ ‘ਚ ਸ਼ਾਮਲ ਹੋ ਗਏ ਬੀਬਾ ਗੁਲਸ਼ਨ ਨੇ ਬਾਦਲ ਦਲ ਨੂੰ ਨੌਕਰਾਂ ਵੱਲੋਂ ਚਲਾਈ ਜਾ ਰਹੀ ਪਾਰਟੀ ਕਰਾਰ ਦਿੱਤਾ

ਸ੍ਰ. ਢੀਂਡਸਾ ਨੇ ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਗਿੱਲਪੱਤੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ ਸ੍ਰੋਮਣੀ ਅਕਾਲੀ ਦਲ (ਬ)ਵਿੱਚ ਲੋਕਤੰਤਰ ਨਹੀਂ, ਸਗੋਂ ਪਰਿਵਾਰਵਾਦ ਭਾਰੂ ਹੈ  ਉਨ੍ਹਾਂ ਕਿਹਾ ਕਿ ਕੁਰਬਾਨੀਆਂ ਸਦਕਾ ਹੋਂਦ ‘ਚ ਆਇਆ ਅਕਾਲੀ ਦਲ ਅੱਜ ਇਕ ਵਿਅਕਤੀ ਦੇ ਹੱਥਾਂ ਵਿਚ ਸੁੰਗੜ ਗਿਆ ਹੈ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ‘ਚ ਕਮਾਨ ਰਹੀ ਉਦੋਂ ਤੱਕ ਸਭ ਠੀਕ ਸੀ ਪਰ ਸੁਖਬੀਰ ਬਾਦਲ ਤਾਨਾਸ਼ਾਹ ਦੀ ਤਰਾਂ ਕੰਮ ਕਰ ਰਿਹਾ ਹੈ

ਢੀਂਡਸਾ ਨੇ ਕਿਹਾ ਕਿ ਭਾਵੇਂ ਭਵਿੱਖ ‘ਚ ਉਹ ਖੁਦ ਚੋਣ ਨਹੀਂ ਲੜਨਗੇ ਪਰ ਹੋਰ ਧਿਰਾਂ ਨਾਲ ਰਲ ਕੇ ਐੱਸਜੀਪੀਸੀ ਚੋਣਾਂ ਲੜਨ ਤੇ ਜਿੱਤਣ ਦਾ ਮਾਹੌਲ ਬਣਾਉਣਗੇ ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਬਾਦਲਾਂ ਨੂੰ ਛੱਡ ਕੇ ਕਿਸੇ ਵੀ ਹਮਖ਼ਿਆਲੀ ਧਿਰ ਨਾਲ ਚੋਣ ਗੱਠਜੋੜ ਕੀਤਾ ਜਾ ਸਕਦਾ ਹੈ ਇਸ ਮੌਕੇ ਬੀਬਾ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਉਸ ਦੇ ਪਿਤਾ ਧੰਨਾ ਸਿੰਘ ਗੁਲਸ਼ਨ ਉਦੋਂ 9 ਸਾਲ ਦੇ ਸੀ ਜਦੋਂ ਜੈਤੋ ਦੇ ਮੋਰਚੇ ‘ਚ ਜ਼ੇਲ੍ਹ ਚਲੇ ਗਏ ਸਨ ਇਸ ਤੋਂ ਬਾਅਦ ਪਾਰਟੀ ਲਈ ਵੀ ਕਈ ਵਾਰ ਜ਼ੇਲ੍ਹਾਂ ਕੱਟੀਆਂ ਪਰ ਸ੍ਰੋਮਣੀ ਕਮੇਟੀ ਦੇ ਮਿਊਜ਼ੀਅਮ ‘ਚ ਉਨ੍ਹਾਂ ਦੀ ਫੋਟੋ ਨਹੀਂ ਲੱਗੀ ਇਸ ਲਈ ਉਹ ਕਈ ਵਾਰ ਦਫ਼ਤਰਾਂ ‘ਚ ਗਏ ਪਰ ਕੁੱਝ ਨਹੀਂ ਹੋਇਆ ਜਿਸਦਾ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਤਾਂ ਉਸ ਵੇਲੇ ਹੀ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਸੀ

ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ  (ਬ) ‘ਚ ਐਸਸੀ ਵਰਗ ਤੇ ਹੋਰ ਵਰਗਾਂ ਨਾਲ ਕਾਫੀ ਵਿਤਕਰਾ ਹੋਇਆ ਉਨ੍ਹਾਂ ਕਿਹਾ ਕਿ ਸਾਡੇ ਵਰਗਾਂ ‘ਚੋਂ ਕਿਤੇ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਲਾਇਆ ਬੀਬਾ ਗੁਲਸ਼ਨ ਨੇ ਕਿਹਾ ਕਿ ਦਰਸ਼ਨ ਸਿੰਘ ਕੋਟਫੱਤਾ ਨੂੰ ਕਈ ਥਾਈਂ ਬਦਲਿਆ ਗਿਆ

ਇਸ ਮੌਕੇ ਬੀਬਾ ਗੁਲਸ਼ਨ ਤੋਂ ਇਲਾਵਾ ਐਸ ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਅੰਗਰੇਜ ਸਿੰਘ ਦਿਉਣ, ਜਿਲਾ ਪ੍ਰੀਸਦ ਬਠਿੰਡਾ ਦੀ ਸਾਬਕਾ ਚੇਅਰਪਰਸਨ ਰਾਜਵਿੰਦਰ ਕੌਰ, ਜਿਲਾ ਪ੍ਰ੍ਰੀਸ਼ਦ ਦੇ ਸਾਬਕਾ ਮੈਂਬਰ ਸੁਖਮੰਦਰ ਸਿੰਘ ਭਾਗੀਬਾਂਦਰ, ਮੱਖਣ ਸਿੰਘ ਲਹਿਰਾ ਬੇਗਾ, ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਗੁਰਵਿੰਦਰ ਪਾਲ ਕੌਰ ਢਿੱਲੋਂ ਸਾਬਕਾ ਜਿਲਾ ਸਿੱਖਿਆ ਅਫਸਰ , ਇਸਤਰੀ ਵਿੰਗ ਦੀ ਸਰਕਲ ਪ੍ਰਧਾਨ ਪਰਮਜੀਤ ਕੌਰ, ਯੂਥ ਆਗੂ ਭੋਲਾ ਸਿੰਘ ਗਿੱਲਪੱਤੀ, ਪੰਜਾਬ ਦੇ ਸਾਬਕਾ ਸਹਾਇਕ ਐਡਵੋਕੇਟ ਜਨਰਲ ਸ਼ਿੰਦਰਪਾਲ ਸਿੰਘ ਬਰਾੜ,  ਜਿਲਾ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਸਰਬਜੀਤ ਸਿੰਘ ਡੂਮਵਾਲੀ ਨੇ ਵੀ ਆਪਣੇ ਸਾਥੀਆਂ ਸਮੇਤ  ਸੁਖਦੇਵ ਸਿੰਘ ਢੀਂਡਸਾ ਦੇ ਖੇਮੇ ਵਿੱਚ ਸਾਮਲ ਹੋਏ

ਜਿਕਰਯੋਗ ਹੈ ਕਿ ਬੀਬੀ ਗੁਲਸ਼ਨ ਲੋਕ ਸਭਾ ਹਲਕਾ ਬਠਿੰਡਾ ਅਤੇ ਫਰੀਦਕੋਟ ਤੋਂ ਲੋਕ ਸਭਾ ਚੋਣਾ ਜਿੱਤ ਚੁੱਕੇ ਹਨ ਪਿਛਲੇ ਕਈ ਦਿਨਾਂ ਤੋਂ ਕਿਆਸਅਰਾਈਆਂ ਚੱਲ ਰਹੀਆਂ ਸਨ ਕਿ ਬੀਬੀ ਗੁਲਸ਼ਨ ਬਾਦਲ ਪਰਿਵਾਰ ਤੋਂ ਨਰਾਜ਼ ਹਨ ਅਤੇ ਢੀਂਡਸਾ ਖੇਮੇ ‘ਚ ਸ਼ਾਮਲ ਹੋ ਸਕਦੇ ਹਨ ਬੀਬੀ ਵੱਲੋਂ ਬਾਦਲਾਂ ਨਾਲੋਂ ਨਾਤਾ ਤੋੜਨ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੀ ਸਿਆਸਤ ‘ਚ ਨਵੇਂ ਸਮੀਕਰਨ ਬਣਨ ਦੀ ਚਰਚਾ ਸ਼ੁਰੂ ਹੋ ਗਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।