ਮੁਲਾਜਮ ਮੰਗਾਂ ਲਈ ਤੀਜੇ ਦਿਨ ਵੀ 51 ਮੈਂਬਰਜ ਭੁੱਖ ਹੜਤਾਲ ’ਤੇ ਬੈਠੇ

ਵੱਖ-ਵੱਖ ਵਿਭਾਗਾਂ ਵਿੱਚੋਂ ਵੀ ਮੁਲਾਜਮ ਜੱਥਿਆਂ ਦੇ ਰੂਪ ਵਿੱਚ ਮਾਰਚ ਕਰਦੇ ਹੋਏ ਭੁੱਖ ਹੜਤਾਲ ਕੈਂਪ ’ਚ ਪੁੱਜੇ : ਆਗੂ

ਪਟਿਆਲਾ, (ਨਰਿੰਦਰ ਸਿੰਘ ਬਠੋਈ (ਸੱਚ ਕਹੂੰ))। ਸਾਂਝੇ ਫਰੰਟ ਦੇ ਸੱਦੇ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਜਿਲ੍ਹਾ ਸ਼ਾਖਾ ਪਟਿਆਲਾ ਵੱਲੋਂ ਤੀਸਰੇ ਦਿਨ ਵੀ ਮਿੰਨੀ ਸਕੱਤਰੇਤ ਦੇ ਨਿਰਮਾਣ ਭਵਨ ਅੱਗੇ ਆਪਣੇ 51 ਮੈਂਬਰਜ ਭੁੱਖ ਹੜਤਾਲ ’ਤੇ ਬਿਠਾਏ ਅਤੇ ਰੈਲੀ ਕਰਕੇ ਪੰਜਾਬ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕੀਤਾ। ਇਸ ਦੌਰਾਨ ਜਲ ਸਰੋਤ ਵਿਭਾਗ ਦੇ ਮੁਲਾਜਮ ਸਾਥੀ ਭਾਖੜਾ ਮੇਨ ਲਾਈਨ ਸਰਕਲ ਵਿਖੇ ਵਿਭਾਗ ਦੇ ਪੁਨਰਗਠਨ ਵਿਰੁੱਧ ਰੈਲੀ ਕਰਕੇ ਵੱਡੀ ਗਿਣਤੀ ਵਿੱਚ ਰੋਸ ਮਾਰਚ ਕਰਕੇ ਸ਼ਾਮਲ ਹੋਏ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਵਿੱਚ ਵੀ ਮੁਲਾਜਮ ਜੱਥਿਆਂ ਦੇ ਰੂਪ ਵਿੱਚ ਮਾਰਚ ਕਰਦੇ ਹੋਏ ਭੁੱਖ ਹੜਤਾਲੀ ਕੈਂਪ ਵਿੱਚ ਪੁੱਜੇ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਦੀ ਮਿਤੀ ਵਿੱਚ ਤਬਦੀਲੀ ਕਰਨ ਤੇ ਬਜਟ 8 ਮਾਰਚ ਨੂੰ ਪੇਸ਼ ਕਰਨ ਤੇ ਮੁਲਾਜਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ, ਕੰਟਰੈਕਟ, ਆਊਟ ਸੋਰਸ ਸਮੇਤ ਡੇਲੀਵੇਜਿਜ ਪਾਰਟ ਟਾਈਮ ਕਰਮੀਆਂ ਨੂੰ ਰੈਗੂਲਰ ਕਰਨ ਦੀ ਵਿਵਸਥਾਵਾਂ ਨਾ ਕੀਤੀਆਂ ਤਾਂ ਤੀਜਾ ਅਤੇ ਚੌਥਾ ਦਰਜਾ ਮੁਲਾਜਮ ਤੇ ਪੈਨਸ਼ਨਰ ਅਤੇ ਸਮੁੱਚਾ ਕੱਚਾ ਕਰਮਚਾਰੀ ਪਟਿਆਲਾ ਦੀ ਆਵਾਜਾਈ ਠੱਪ ਕਰਕੇ ਅਰਥੀ ਫੂਕ ਮੁਜਾਹਰੇ ਕਰੇਗਾ ਜੋ 10 ਮਾਰਚ ਤੱਕ ਜਾਰੀ ਰੱਖਿਆ ਜਾਵੇਗਾ।

ਰੈਲੀ ਦੌਰਾਨ ਸਮੁੱਚੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਜਮ ਮੰਗਾਂ ਅਤੇ ਵੱਖ ਵੱਖ ਵਿਭਾਗਾਂ ਦਾ ਪੁਨਰਗਠਨ ਕਰਕੇ ਖਤਮ ਕੀਤੀਆਂ ਜਾ ਰਹੀਆਂ ਲੱਖਾਂ ਅਸਾਮੀਆਂ ਨੂੰ ਬਚਾਉਣ ਅਤੇ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨ ਲਈ ਆਪਣੀ ਜਮੀਰ ਦੀ ਅਵਾਜ ਅਤੇ ਪਰਿਵਾਰਕ ਭਵਿੱਖ ਲਈ ਜਿਵੇਂ ਕਿਸਾਨ ਅਤੇ ਮਜਦੂਰ ਅੰਦੋਲਨ ਕਰ ਰਹੇ ਹਨ, ਸੰਘਰਸ਼ਾਂ ਵਿੱਚ ਸ਼ਾਮਿਲ ਹੋਣ।

ਰੈਲੀ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਮੁਲਾਜਮ ਮੰਗਾਂ ਸਬੰਧੀ ਵਿਰੋਧੀ ਧਿਰ ਵੱਲੋਂ ਕੀਤੇ ‘ਵਾਕ ਆਊਟ’ ਨੂੰ ‘ਦੇਰ ਆਏ ਦਰੁੱਸਤ ਆਏ ਕਿਹਾ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਖੁਸ਼ਵਿੰਦਰ ਕਪਿਲਾ, ਗੁਰਮੀਤ ਸਿੰਘ ਵਾਲੀਆ, ਅਮਰ ਬਹਾਦਰ ਸਿੰਘ ਬਾਠ, ਕੁਲਵੰਤ ਸਿੰਘ, ਜਗਮੋਹਨ ਨੋ ਲੱਖਾ, ਸੂਰਜਪਾਲ ਯਾਦਵ, ਮਾਧੋ ਲਾਲ, ਰਾਮ ਕਿ੍ਰਸ਼ਨ, ਸਵਰਨ ਸਿੰਘ ਬੱਗਾ, ਰਾਮ ਲਾਲ ਰਾਮਾ, ਪਿ੍ਰਤਮ ਚੰਦ ਠਾਕੁਰ, ਬਲਬੀਰ ਸਿੰਘ, ਕਰਨੈਲ ਚੰਦ,ਕਾਕਾ ਸਿੰਘ ਰਾਮ ਪ੍ਰਸਾਦ ਸਹੋਤਾ, ਪ੍ਰਕਾਸ਼ ਸਿੰਘ ਲੁਬਾਣਾ, ਕੁਲਦੀਪ ਸਿੰਘ ਰਾਇਵਾਲ, ਅਮਰਨਾਥ ਨਰੜੂ, ਇੰਦਰਪਾਲ ਸਿੰਘ, ਉਪਨੈਨ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.