ਕੱਦੂ-ਤੋਰੀਆਂ ਵੇਚ ਕੇ ਮੌਜਾਂ ਕਰ ਰਿਹੈ ਪਿੰਡ ਮੌਜੋ ਖੁਰਦ ਦਾ ਕਿਸਾਨ ਸੁਖਪਾਲ

Farmer

ਸਬਜ਼ੀਆਂ ਦੀ ਕਾਸ਼ਤ ਕਰਕੇ ਝੋਨੇ ਤੋਂ ਜ਼ਿਆਦਾ ਲੈ ਰਿਹਾ ਮੁਨਾਫ਼ਾ | Farmer

ਮਾਨਸਾ (ਸੁਖਜੀਤ ਮਾਨ)। ਬਲਾਕ ਭੀਖੀ ਦੇ ਪਿੰਡ ਮੌਜੋ ਖ਼ੁਰਦ ਦਾ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ (Farmer) ਦਸਵੀਂ ਪਾਸ ਹੈ ਉਹ 11 ਏਕੜ ਜ਼ਮੀਨ ’ਚ ਵਾਹੀ ਕਰਦਾ ਹੈ, ਜਿਸ ’ਚ 4 ਏਕੜ ਵਿਚ ਰਵਾਇਤੀ ਫਸਲਾਂ ਅਤੇ 7 ਏਕੜ ਵਿਚ ਸਬਜੀਆਂ ਦੀ ਖੇਤੀ ਕਰਦਾ ਹੈ। ਸਬਜ਼ੀਆਂ ਦੀ ਖੇਤੀ ਸੁਖਪਾਲ ਸਿੰਘ ਨੂੰ ਐਨੀਂ ਰਾਸ ਆਈ ਹੈ ਕਿ ਝੋਨੇ ਤੋਂ ਵੀ ਜ਼ਿਆਦਾ ਮੁਨਾਫਾ ਲੈ ਰਿਹਾ ਹੈ

ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਵੱਧ ਸਮੇਂ ਦੀਆਂ ਸਬਜੀਆਂ ਜਾਂ ਵੇਲਾਂ ਵਾਲੀਆਂ ਸਬਜੀਆਂ (ਕੱਦੂ, ਤੋਰੀ, ਖੀਰਾ, ਪੇਠਾ, ਸ਼ਿਮਲਾ ਮਿਰਚ, ਹਰੀ ਮਿਰਚ) ਦੀ ਬਿਜਾਈ ਨਵੰਬਰ ਵਿਚ ਕਰਨ ਉਪਰੰਤ 15 ਤੋਂ 20 ਦਿਨਾਂ ਦੇ ਬਾਅਦ ਲੋਅ ਟਰਨਲ ਨਾਲ ਢੱਕਣ ਦੇ ਬਾਅਦ ਖਾਲੀਆਂ ਦੇ ਖਾਲੀ ਪਏ 10 ਤੋਂ 12 ਫੁੱਟ ਦੇ ਫਾਸਲੇ ਵਿਚ ਘੱਟ ਸਮੇਂ ਦੀਆਂ ਸਬਜੀਆਂ (ਫੁੱਲ, ਗੋਭੀ, ਬੰਦ, ਗੋਭੀ, ਪਿਆਜ, ਮਟਰ ਅਤੇ ਮੂਲੀ ਆਦਿ) ਦੀ ਕਾਸ਼ਤ ਕੀਤੀ ਜਾਂਦੀ ਹੈ। ਜਨਵਰੀ ਦੇ ਅਖੀਰਲੇ ਹਫਤੇ ਜਾਂ ਫਰਵਰੀ ਦੇ ਪਹਿਲੇ ਹਫਤੇ ਵਿਚ ਇਹ ਸਬਜੀਆਂ ਆਪਣਾ ਝਾੜ ਦੇ ਦਿੰਦੀਆਂ ਹਨ, ਜਿਸ ਤੋਂ ਚੰਗੀ ਆਮਦਨ ਹੋ ਜਾਂਦੀ ਹੈ ਇਸਦੇ ਨਾਲ ਹੀ ਲੋਅ-ਟਰਨਲ ਨੂੰ ਉਤਾਰ ਕੇ ਵੇਲਾਂ ਵਿਛਾ ਦਿੱਤੀਆਂ ਜਾਂਦੀਆਂ ਹਨ ਅਤੇ ਜੁਲਾਈ ਅਤੇ ਅਖੀਰਲੇ ਜਾਂ ਅਗਸਤ ਦੇ ਪਹਿਲੇ ਹਫਤੇ ਤੱਕ ਇਨ੍ਹਾਂ ਸਬਜੀਆਂ ਤੋਂ ਚੰਗੀ ਆਮਦਨ ਹੋ ਜਾਂਦੀ ਹੈ।

ਪਿਛਲੇ 9 ਸਾਲ ਤੋਂ ਪਰਾਲੀ ਨਾ ਸਾੜ ਕੇ ਸਬਜ਼ੀਆਂ ਦੀ ਕਾਸ਼ਤ ’ਚ ਮਲਚਿੰਗ ਦੇ ਤੌਰ ’ਤੇ ਕਰ ਰਿਹੈ ਵਰਤੋਂ | Farmer

ਸੁਖਪਾਲ ਸਿੰਘ ਪਿਛਲੇ 9 ਸਾਲ ਤੋਂ ਪਰਾਲੀ ਦੀ ਸੰਭਾਲ ਕਰਦੇ ਹੋਏ ਸਬਜੀਆਂ ਦੀ ਕਾਸ਼ਤ ਵਿਚ ਮਲਚਿੰਗ ਦੇ ਤੌਰ ਵਰਤੋਂ ਕਰ ਰਿਹਾ ਹੈ। ਇਸ ਵਿਧੀ ਨਾਲ ਉਸ ਦੀ ਜ਼ਮੀਨ ਦੀ ਉਪਜਾਉ ਸਕਤੀ ਵਿਚ ਸੁਧਾਰ ਆਇਆ ਹੈ, ਉਥੇ ਫਸਲ ਦੇ ਝਾੜ ਅਤੇ ਗੁਣਵੱਤਾ ਵਿਚ ਵਾਧਾ ਹੋਇਆ ਹੈ। ਕਿਸਾਨ ਨੇ ਦੱਸਿਆ ਕਿ ਮਲਚਿੰਗ ਕਰਨ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਅਤੇ ਸਿੰਚਾਈ ਕਰਨ ਦੀਆਂ ਗਿਣਤੀਆਂ ਵਿਚ ਵੀ ਕਮੀ ਆਉਂਦੀ ਹੈ।

ਕਿਸਾਨ ਨੇ ਦੱਸਿਆ ਕਿ ਪਾਣੀ ਬਚਾਉਣ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਤਕਨੀਕ 3-4 ਸਾਲ ਤੋਂ ਖੇਤੀਬਾੜੀ ਵਿਭਾਗ ਬਲਾਕ ਭੀਖੀ ਦੇ ਮਾਹਿਰਾਂ ਦੀ ਯੋਗ ਅਗਵਾਈ ਹੇਠ ਕਰ ਰਿਹਾ ਹੈ।ਉਸ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆ ਆਖਿਆ ਕਿ ਜੇਕਰ ਹੌਂਸਲੇ ਤੇ ਜਜਬੇ ਨਾਲ ਕਰੀਏ ਤਾਂ ਖੇਤੀ ਜਿਹਾ ਕੋਈ ਧੰਦਾ ਨਹੀਂ। ਕਿਸਾਨ ਨੇ ਬਾਗਬਾਨੀ ਵਿਭਾਗ ਪਾਸੋਂ ਤਕਨੀਕੀ ਜਾਣਕਾਰੀ ਦੇ ਨਾਲ ਨਾਲ ਹਾਈਬ੍ਰੈਡ ਬੀਜਾਂ, ਲੋਅ ਟਨਲ ਅਤੇ ਆਨ ਫਾਰਮ ਕੋਲਡ ਰੂਮ ਬਣਾਉਣ ਲਈ ਆਰ.ਕੇ.ਵੀ.ਵਾਈ. ਸਕੀਮ ਅਧੀਨ ਵਿੱਤੀ ਸਹਾਇਤਾ ਵੀ ਪ੍ਰਾਪਤ ਕੀਤੀ ਹੈ, ਜਿਸ ਨਾਲ ਉਸ ਦਾ ਬਾਗਬਾਨੀ ਫਸਲਾਂ ਦੀ ਖੇਤੀ ਕਰਨ ਵਿਚ ਰੁਝਾਨ ਵਧਿਆ ਹੈ।

Farmer

ਮੇਨ ਰੋਡ ’ਤੇ ਖੁਦ ਹੀ ਕਰਦਾ ਹੈ ਮੰਡੀਕਰਨ

ਕਿਸਾਨ ਸੁਖਪਾਲ ਸਿੰਘ ਵੱਲੋਂ ਸਬਜ਼ੀਆਂ ਦਾ ਮੰਡੀਕਰਨ ਵੀ ਖੁਦ ਮੇਨ ਰੋਡ ਉੱਪਰ ਕਿਸਾਨ ਹੱਟ ਬਣਾਕੇ ਕੀਤਾ ਜਾਂਦਾ ਹੈ। ਸਬਜੀਆਂ ਦੇ ਨਾਲ-ਨਾਲ ਸਬਜੀਆਂ ਦੀ ਹਾਈਟੈਕ ਨਰਸਰੀ ਵਿਚ ਪਿਆਜ ਦੀ ਪਨੀਰੀ ਅਤੇ ਸਬਜੀਆਂ ਦੀ ਪਨੀਰੀ ਤਿਆਰ ਕਰਕੇ ਆਪਣੀ ਹੱਟ ਉੱਪਰ ਹੀ ਵਿਕਰੀ ਕੀਤੀ ਜਾਂਦੀ ਹੈ, ਜਿਸ ਤੋਂ ਚੰਗਾ ਮੁਨਾਫਾ ਹੁੰਦਾ ਹੈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਵੱਲੋਂ ਆਰਗੈਨਿਕ ਫਾਰਮਿੰਗ ਵਿੱਚ ਬਿਨਾਂ ਰੇਹ-ਸਪਰੇਹ ਤੋਂ ਸਬਜੀਆਂ ਦੀ ਖੇਤੀ ਦੇ ਨਾਲ-ਨਾਲ ਤੰਦਰੁਸਤ ਸਰੀਰ ਲਈ ਵਧੀਆ ਆਹਾਰ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ।