ਯੋਗਤਾ ਦੀ ਹੱਦ

Students

ਯੋਗਤਾ ਦੀ ਹੱਦ

ਗ੍ਰੀਸ ਦੇ ਸਪਾਰਟ ਰਾਜ ’ਚ ਪਿਡਾਰਟਸ ਨਾਂਅ ਦਾ ਇੱਕ ਨੌਜਵਾਨ ਰਹਿੰਦਾ ਸੀ। ਬਚਪਨ ਤੋਂ ਹੀ ਉਸ ਨੂੰ ਪੜ੍ਹਨ ਤੇ ਨਵੀਆਂ ਚੀਜ਼ਾਂ ਸਿੱਖਣ ਦਾ ਬੜਾ ਸ਼ੌਂਕ ਸੀ। ਆਪਣੀ ਮਿਹਨਤ ਤੇ ਬੁੱਧੀ ਬਲ ਨਾਲ ਉਹ ਛੋਟੀ ਉਮਰੇ ਹੀ ਵੱਡਾ ਵਿਦਵਾਨ ਬਣ ਗਿਆ। ਇੱਕ ਵਾਰ ਉਸ ਨੂੰ ਪਤਾ ਲੱਗਾ ਕਿ ਰਾਜ ’ਚ ਪ੍ਰਸ਼ਾਸਨਿਕ ਕਾਰਜ ਕਰਨ ਲਈ ਤਿੰਨ ਸੌ ਅਹੁਦੇ ਖਾਲੀ ਹਨ। ਉਸ ਨੇ ਤੁਰੰਤ ਅਰਜ਼ੀ ਭੇਜ ਦਿੱਤੀ।

ਯੋਗ ਤਾਂ ਉਹ ਸੀ। ਉਸ ਦੀ ਇੰਟਰਵਿੳੂ ਵੀ ਤਸੱਲੀਬਖ਼ਸ਼ ਹੋਈ ਸੀ ਪਰ ਜਦੋਂ ਨਤੀਜਾ ਨਿੱਕਲਿਆ ਤਾਂ ਪਤਾ ਲੱਗਾ ਕਿ ਪਿਡਾਰਟਸ ਨੂੰ ਨੌਕਰੀ ਲਈ ਨਹੀਂ ਚੁਣਿਆ ਗਿਆ। ਜਦ ਉਸਦੇ ਦੋਸਤਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਸੋਚਿਆ ਕਿ ਇਸ ਨਾਲ ਪਿਡਾਰਟਸ ਬਹੁਤ ਦੁਖ਼ੀ ਹੋ ਗਿਆ ਹੋਵੇਗਾ ਇਸ ਲਈ ਉਹ ਸਭ ਮਿਲ ਕੇ ਉਸ ਨੂੰ ਦਿਲਾਸਾ ਦੇਣ ਉਸ ਦੇ ਘਰ ਪੁੱਜੇ। ਸਾਰੇ ਉਸ ਨੂੰ ਦਿਲਾਸਾ ਦੇ ਰਹੇ ਸਨ। ਪਿਡਾਰਟਸ ਨੇ ਮਿੱਤਰਾਂ ਦੀ ਗੱਲ ਸੁਣੀ ਤੇ ਹੱਸਦੇ ਹੋਏ ਕਹਿਣ ਲੱਗਾ,

‘‘ਮਿੱਤਰੋ! ਇਸ ’ਚ ਦੁਖ਼ੀ ਹੋਣ ਦੀ ਕੀ ਗੱਲ ਹੈ? ਮੈਨੂੰ ਤਾਂ ਇਹ ਜਾਣ ਕੇ ਖੁਸ਼ੀ ਹੋਈ ਕਿ ਆਪਣੇ ਰਾਜ ’ਚ ਮੇਰੇ ਨਾਲੋਂ ਵੱਧ ਯੋਗਤਾ ਵਾਲੇ ਤਿੰਨ ਸੌ ਮਨੁੱਖ ਹਨ। ਮੇਰਾ ਰਾਜ ਵਿਦਵਾਨਾਂ ਤੇ ਯੋਗ ਪੁਰਸ਼ਾਂ ਨਾਲ ਭਰਿਆ ਪਿਆ ਹੈ।’’ ਇਸ ਤੋਂ ਬਾਅਦ ਵੀ ਉਸ ਦੇ ਕਈ ਦੋਸਤ ਸ਼ਾਂਤ ਨਾ ਹੋਏ। ਉਹ ਕਹਿਣ ਲੱਗੇ ਕਿ ਜ਼ਰੂਰ ਕੋਈ ਗੜਬੜੀ ਹੋਈ ਹੈ, ਪਿਡਾਰਟਸ ਦੀ ਚੋਣ ਹੋਣੀ ਚਾਹੀਦੀ ਸੀ। ਪਿਟਾਰਟਸ ਨੇ ਕਿਹਾ, ‘‘ਇਸ ਸੰਸਾਰ ’ਚ ਅਨੇਕਾਂ ਯੋਗਤਾ ਭਰਪੂਰ ਲੋਕ ਪਏ ਹਨ। ਯੋਗਤਾ ਦੀ ਹੱਦ ਨਹੀਂ ਹੁੰਦੀ ਪਰ ਅਸੀਂ ਹੋਰਾਂ ਨੂੰ ਨੀਵਾਂ ਤੇ ਖੁਦ ਨੂੰ ਉੱਚਾ ਦਿਖਾਉਣ ਦਾ ਯਤਨ ਕਰਦੇ ਹਾਂ। ਇਸ ਲਈ ਸਾਨੂੰ ਸਬਰ ਰੱਖਣਾ ਚਾਹੀਦੈ ਪਰ ਅੱਗੇ ਵਧਣ ਦਾ ਯਤਨ ਵੀ ਕਰਦੇ ਰਹਿਣਾ ਚਾਹੀਦੈ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ