Nepal Landslide: ਨੇਪਾਲ ਦੇ ਰੋਲਪਾ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ 10 ਮੌਤਾਂ, 3 ਲਾਪਤਾ
ਪੁਲਿਸ ਮੁਤਾਬਕ 5 ਲਾਸ਼ਾਂ ਬਰਾਮਦ
ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਨੇਪਾਲ ਦੇ ਰੋਲਪਾ ਜ਼ਿਲ੍ਹੇ ਦੇ ਥਬਾੜ ਪਿੰਡ ਨਗਰਪਾਲਿਕਾ, ਉਵਾ ਕੋਟਲਬਾਰ ’ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 10 ਮੌਤਾਂ ਹੋ ਗਈਆਂ ਹਨ। ਪੁਲਿਸ ਅਨੁਸਾਰ, ਮੌਕੇ ’ਤੇ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਤੇਜ਼ ਹੜ੍ਹ ਦੇ ਪਾਣੀ ’ਚ ਪੰਜ ਹੋਰ ਲੋਕ ਵਹਿ ਗਏ। ਮ੍ਰਿਤਕਾਂ ’ਚ ਇੱਕ 5 ਸਾਲਾ ਬੱਚਾ ਤੇ ਇੱਕ 85 ਸਾਲਾ ਵਿਅਕਤੀ ਸ਼ਾਮਲ ਹਨ। ਕੋਟਲਬਾਰ ਪਿੰਡ ਦੇ ਉੱਪਰਲੇ ਹਿੱਸੇ ’ਚ ਵੱਡੀ ਜ਼ਮੀਨ ਖਿਸਕਣ ਦੀ ਘਟਨਾ ਕਾਰਨ 11 ਘਰ ਮਲਬੇ ਹੇਠ ਦੱਬ ਗਏ। ਦੱਸਿਆ ਜਾ ਰਿਹਾ ਹੈ ਕਿ ਵਿਆਪਕ ਜਾਨੀ ਨੁਕਸਾਨ ਹੋਇਆ ਹੈ। ਤਿੰਨ ਲੋਕ ਅਜੇ ਵੀ ਲਾਪਤਾ ਹਨ, ਤੇ ਉਨ੍ਹਾਂ ਦੀ ਭਾਲ ਜਾਰੀ ਹੈ। 22 ਸਾਲਾ ਹਿਮਾਲ ਪੁਨ ਮਗਰ ਤੇ 25 ਸਾਲਾ ਸੰਜੇ ਘਰਤੀ ਮਲਬੇ ਹੇਠ ਆ ਕੇ ਜ਼ਖਮੀ ਹੋ ਗਏ। ਉਨ੍ਹਾਂ ਨੇ ਰਾਤ ਨੂੰ ਪੁਲਿਸ ਐਮਰਜੈਂਸੀ ਨੰਬਰ 100 ’ਤੇ ਫੋਨ ਕਰਕੇ ਘਟਨਾ ਦੀ ਰਿਪੋਰਟ ਕੀਤੀ। ਦੋਵਾਂ ਦਾ ਬੁਟਵਲ ’ਚ ਇਲਾਜ ਚੱਲ ਰਿਹਾ ਹੈ। Nepal Landslide
ਘਟਨਾ ਸਥਾਨ ਤੋਂ 18 ਸਾਲਾ ਸ਼ਾਂਤੀ ਪੁਨ ਮਗਰ, 60 ਸਾਲਾ ਕਮਲ ਬਹਾਦੁਰ ਪੁਨ ਮਗਰ, 80 ਸਾਲਾ ਮਨਰਖੀ ਪੁਨ ਮਗਰ, 75 ਸਾਲਾ ਡਲ ਬਹਾਦੁਰ ਪੁਨ ਮਗਰ ਤੇ 85 ਸਾਲਾ ਹਸਤਕਲਾ ਰੋਕਾ ਮਗਰ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪੁਲਿਸ ਦਫ਼ਤਰ ਦੇ ਸੂਚਨਾ ਅਧਿਕਾਰੀ ਪੁਲਿਸ ਇੰਸਪੈਕਟਰ ਕ੍ਰਿਸ਼ਨਾ ਸ਼੍ਰੇਸ਼ਠ ਅਨੁਸਾਰ, ਰੋਲਪਾ ’ਚ ਲੁੰਗਰੀ ਨਦੀ ਤੇ ਪਿਊਥਾਨ ’ਚ ਮਾਡੀ ਨਦੀ ਦੇ ਵੱਖ-ਵੱਖ ਸਥਾਨਾਂ ਤੋਂ ਪੰਜ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪਿਊਠਾਨ ’ਚ ਮਿਲੀਆਂ ਲਾਸ਼ਾਂ ਦੀ ਪਛਾਣ 38 ਸਾਲਾ ਜੂਨ ਕੁਮਾਰੀ ਪੁਨ ਮਗਰ, 5 ਸਾਲਾ ਅਸ਼ੋਕ ਪੁਨ ਮਗਰ, 80 ਸਾਲਾ ਬਲਬਹਾਦੁਰ ਪੁਨ ਮਗਰ, 66 ਸਾਲਾ ਮਨੀ ਪੁਨ ਮਗਰ ਤੇ 34 ਸਾਲਾ ਮਹਿੰਦਰ ਘਰਤੀ ਵਜੋਂ ਹੋਈ ਹੈ। ਪੁਲਿਸ ਇੰਸਪੈਕਟਰ ਸ਼੍ਰੇਸ਼ਠ ਨੇ ਦੱਸਿਆ ਕਿ ਮਲਬੇ ਹੇਠ ਨੌਂ ਘਰ, ਇੱਕ ਦੁਕਾਨ, ਦੋ ਗੋਠ ਤੇ ਇੱਕ ਚਰਚ ਪੂਰੀ ਤਰ੍ਹਾਂ ਦੱਬ ਗਏ ਹਨ। ਮੌਕੇ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। Nepal Landslide
ਇਹ ਵੀ ਪੜ੍ਹੋ : Assam Floods: ਅਸਾਮ ’ਚ ਹੜ੍ਹਾਂ ਦੀ ਮਾਰ ਥੋੜ੍ਹੀ ਘੱਟ ਹੋਈ, 370 ਪਿੰਡਾਂ ਦੇ 77,542 ਨਾਗਰਿਕ ਪ੍ਰਭਾਵਿਤ