Independence Day: ਆਜ਼ਾਦੀ ਦਾ 79ਵਾਂ ਜਾਂ 80ਵਾਂ ਸਾਲ... ਇਸ ਵਾਰ ਕਿੰਨ੍ਹਵਾਂ ਅਜ਼ਾਦੀ ਦਿਹਾੜਾ ਮਨਾ ਰਿਹੈ ਦੇਸ਼? ਦੂਰ ਕਰੋ ਦਿਮਾਗ ਦੀ ਉਲਝਣ
Independence Day: ਇੱਕ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਉਲਝਣ ਪੈਦਾ ਕਰ ਦਿੰਦਾ ਹੈ ਕਿ ਇਸ ਵਾਰ ਅਸੀਂ ਕਿਹੜਾ ਆਜ਼ਾਦੀ ਦਿਵਸ ਮਨਾ ਰਹੇ ਹਾਂ ?
Independence Day: ਹਰ ਸਾਲ 15 ਅਗਸਤ ਨੂੰ ਭਾਰਤ ਇੱਕ ਨਵੇਂ ਉਤਸ਼ਾਹ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ। ਲਾਲ ਕਿਲੇ ਤੋਂ ਲੈ ਕੇ ਪਿੰਡ ਦੀ ਸੱਥ ਤੱਕ, ਤਿਰੰਗੇ ਦਾ ਮਾਣ ਤੇ ਗੌਰਵ ਆਪਣੀ ਪੂਰੀ ਆਭਾ ਨਾਲ ਲਹਿਰਾਉਂਦਾ ਹੈ। ਇਹ ਦਿਨ ਸਿਰਫ ਇੱਕ ਕੌਮੀ ਤਿਉਹਾਰ ਨਹੀਂ, ਸਗੋਂ ਉਨ੍ਹਾਂ ਲੱਖਾਂ ਸ਼ਹੀਦਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਸਾਨੂੰ ਇਹ ਅਨਮੋਲ ਆਜ਼ਾਦੀ ਦਿਵਾਈ।
ਜਿਵੇਂ-ਜਿਵੇਂ ਸਾਲ ਬੀਤਦੇ ਹਨ, ਇੱਕ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਉਲਝਣ ਪੈਦਾ ਕਰ ਦਿੰਦਾ ਹੈ ਕਿ ਇਸ ਵਾਰ ਅਸੀਂ ਕਿਹੜਾ ਆਜ਼ਾਦੀ ਦਿਵਸ ਮਨਾ ਰਹੇ ਹਾਂ ? ਆਓ, ਅਸੀਂ ਤੁਹਾਨੂੰ ਆਸਾਨ ਭਾਸ਼ਾ ’ਚ ਇਸ ਸਵਾਲ ਦਾ ਸਹੀ ਜਵਾਬ ਦਿੰਦੇ ਹਾਂ।
ਤੁਹਾਡੇ ਦਿਮਾਗ ਦੀ ਸਭ ਤੋਂ ਵੱਡੀ ਉਲਝਣ
ਜ਼ਿਆਦਾਤਰ ਲੋਕ ਇਹ ਗਲਤੀ ਕਰਦੇ ਹਨ ਕਿ ਉਹ ਮੌਜ਼ੂਦਾ ਸਾਲ (2026) ’ਚੋਂ 1947 ਨੂੰ ਘਟਾ ਕੇ ਸਿੱਧਾ ਆਜ਼ਾਦੀ ਦਿਵਸ ਦੀ ਗਿਣਤੀ ਕੱਢ ਲੈਂਦੇ ਹਨ। ਇਸ ਗਣਨਾ ਅਨੁਸਾਰ, 2026 - 1947 = 79 ਹੁੰਦਾ ਹੈ, ਅਤੇ ਉਹ ਇਸ ਨੂੰ 79ਵਾਂ ਆਜ਼ਾਦੀ ਦਿਵਸ ਸਮਝ ਲੈਂਦੇ ਹਨ, ਪਰ ਇਹ ਤਰੀਕਾ ਸਹੀ ਨਹੀਂ ਹੈ।
ਜੀ ਹਾਂ, ਕਿਸੇ ਵੀ ਵਰ੍ਹੇਗੰਢ ਜਾਂ ਦਿਵਸ ਦੀ ਗਿਣਤੀ ਉਸ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੁੰਦੀ ਹੈ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਇਸੇ ਦਿਨ ਅਸੀਂ ਆਪਣਾ ਪਹਿਲਾ ਆਜ਼ਾਦੀ ਦਿਵਸ ਮਨਾਇਆ। ਇਹ ਸਾਡੀ ਆਜ਼ਾਦੀ ਦੀ ਸ਼ੁਰੂਆਤ ਸੀ, ਪਹਿਲਾ ਕਦਮ ਸੀ।
ਇਸ ਦੇ ਬਿਲਕੁਲ ਇੱਕ ਸਾਲ ਬਾਅਦ, 15 ਅਗਸਤ 1948 ਨੂੰ ਅਸੀਂ ਦੂਜਾ ਆਜ਼ਾਦੀ ਦਿਵਸ ਮਨਾਇਆ। ਇਸ ਦਿਨ ਸਾਡੀ ਆਜ਼ਾਦੀ ਨੂੰ ਇੱਕ ਸਾਲ ਪੂਰਾ ਹੋ ਚੁੱਕਾ ਸੀ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਾਲ 2025 ’ਚ ਦੇਸ਼ ਨੇ ਆਜ਼ਾਦੀ ਦੇ 78 ਸਾਲ ਪੂਰੇ ਹੋਣ ’ਤੇ 79ਵਾਂ ਆਜ਼ਾਦੀ ਦਿਵਸ ਮਨਾਇਆ ਸੀ।
79ਵਾਂ ਜਾਂ 80ਵਾਂ ਆਜ਼ਾਦੀ ਦਿਵਸ?
ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਤੁਸੀਂ ਆਪਣਾ ਪਹਿਲਾ ਜਨਮ ਦਿਨ ਉਸ ਵੇਲੇ ਮਨਾਉਂਦੇ ਹੋ ਜਦੋਂ ਤੁਸੀਂ ਇੱਕ ਸਾਲ ਦੇ ਹੋ ਜਾਂਦੇ ਹੋ, ਨਾ ਕਿ ਜਨਮ ਵਾਲੇ ਦਿਨ। ਜਨਮ ਦਾ ਦਿਨ ਤੁਹਾਡਾ ਪਹਿਲਾ ਦਿਨ ਹੁੰਦਾ ਹੈ, ਪਰ ਪਹਿਲਾ ਜਨਮ ਦਿਨ ਸਾਲ ਪੂਰਾ ਹੋਣ ’ਤੇ ਆਉਂਦਾ ਹੈ। ਬਿਲਕੁਲ ਇਸੇ ਤਰ੍ਹਾਂ, 15 ਅਗਸਤ 1947 ਭਾਰਤ ਦੀ ਆਜ਼ਾਦੀ ਦਾ ਪਹਿਲਾ ਦਿਨ ਸੀ ਅਤੇ 15 ਅਗਸਤ 2026 ਨੂੰ ਅਸੀਂ ਆਜ਼ਾਦੀ ਦੇ 79 ਸਾਲ ਪੂਰੇ ਕਰ ਰਹੇ ਹਾਂ ਜਿਸ ਦਾ ਮਤਲਬ ਹੈ ਕਿ ਇਹ ਸਾਡਾ 80ਵਾਂ ਆਜ਼ਾਦੀ ਦਿਵਸ ਹੋਵੇਗਾ।
ਉਜਾੜੇ ਤੋਂ ਤਰੱਕੀ ਵੱਲ ਵਧਦੇ ਕਦਮ
ਸਾਡਾ 80ਵਾਂ ਆਜ਼ਾਦੀ ਦਿਵਸ ਸਿਰਫ ਇੱਕ ਗਿਣਤੀ ਨਹੀਂ ਹੈ, ਸਗੋਂ ਇਹ ਪਿਛਲੇ 79 ਸਾਲਾਂ ਦੇ ਸਫਰ ਦੀ ਕਹਾਣੀ ਹੈ। ਇਹ ਕਹਾਣੀ ਉਸ ਨਵਜਾਤ ਰਾਸ਼ਟਰ ਦੀ ਹੈ, ਜਿਸ ਨੇ ਵੰਡ ਦਾ ਸੰਤਾਪ ਹੰਢਾਇਆ ਤੇ ਫਿਰ ਵੀ ਇੱਕ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ। ਇਹ ਕਹਾਣੀ ਕਿਸਾਨੀ ਤੋਂ ਲੈ ਕੇ ਪੁਲਾੜ ਤੱਕ ਦੀ ਤਰੱਕੀ ਦੀ ਹੈ, ਜਿੱਥੇ ਅਸੀਂ ਉਜਾੜੇ ਤੋਂ ਤਰੱਕੀ ਤੱਕ ਦਾ ਸਫਰ ਤੈਅ ਕੀਤਾ।
ਇਹ ਦਿਨ ਸਾਨੂੰ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੇ ਅਹਿੰਸਕ ਅੰਦੋਲਨ ਤੋਂ ਲੈ ਕੇ ਸ. ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀਆਂ ਦੀ ਬਾਹਦੁਰੀ ਦੀਆਂ ਕਹਾਣੀਆਂ ਤੱਕ, ਹਰ ਰਸਤੇ ’ਤੇ ਆਪਣੀ ਜਾਨ ਦੀ ਬਾਜ਼ੀ ਲਾਈ। ਇਹ ਦਿਨ ਸਾਨੂੰ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਦੂਰਦਰਸ਼ਤਾ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦਾ ਸੁਪਨਾ ਦੇਖਿਆ ਸੀ।
Read Also : ਬਲਾਕ ਮਲੋਟ ਦੀ ਸਾਧ-ਸੰਗਤ ਨੇ ਬੂਟੇ ਲਾ ਕੇ ਮਨਾਇਆ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ