ਹਿੰਸਕ ਘਟਨਾਵਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ : ਮੁੱਖ ਮੰਤਰੀ

Violent, Incidents, Tolerated, Chief Minister

ਕਾਂਗਰਸੀ ਕੌਂਸਲਰ ਦੇ ਭਰਾਵਾਂ ਦੀ ਗੁੰਡਾਗਰਦੀ ਖਿਲਾਫ਼ ਪ੍ਰਸ਼ਾਸਨ ਹੋਇਆ ਸਖ਼ਤ

ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 29 ਤੋਂ ਕਾਂਗਰਸੀ ਕੌਂਸਲਰ ਦੇ ਭਰਾਵਾਂ ਤੇ ਉਸ ਦੀ ਮਾਂ ਵੱਲੋਂ ਮਿਲ ਕੇ ਇੱਕ ਔਰਤ ਨੂੰ ਘਰੋਂ ਕੱਢ ਕੇ ਬੁਰੀ ਤਰ੍ਹਾਂ ਨਾਲ ਕੀਤੀ ਗਈ ਕੁੱਟਮਾਰ ਦੀ ਘਟਨਾ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਸਖ਼ਤ ਨਿਖੇਧੀ ਕੀਤੀ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਘਟਨਾ ‘ਤੇ ਕੀਤੇ ‘ਟਵੀਟ’ ‘ਚ ਆਖਿਆ ਹੈ ਕਿ ‘ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਤੇ ਅਜਿਹੀਆਂ ਹਿੰਸਕ ਘਟਨਾਵਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜਿਕਰਯੋਗ ਹੈ ਕਿ ਸਥਾਨਕ ਵਾਰਡ ਨੰਬਰ 29 ‘ਚ ਵਾਪਰੀ ਇਸ ਘਟਨਾ ਦੀ ਪੀੜਤ ਔਰਤ ਨੂੰ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਕਾਂਗਰਸੀ ਐੱਮਸੀ ਸਮੇਤ 10 ਵਿਅਕਤੀਆਂ ‘ਤੇ ਮਾਮਲਾ ਦਰਜ ਕਰਦੇ ਹੋਏ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਰਹਿੰਦੇ ਚਾਰ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਅੱਜ ਸਵੇਰ ਤੋਂ ਵੱਖ- ਵੱਖ ਜੱਥੇਬੰਦੀਆਂ ਵੱਲੋਂ ਪੀੜਤ ਔਰਤ ਦਾ ਹਾਲ ਪੁੱਛਣ ਤੇ ਪਰਿਵਾਰ ਨਾਲ ਹਮਦਰਦੀ ਜਿਤਾਉਣ ਵਾਲਿਆਂ ਦਾ ਸਿਲਸਿਲਾ ਜਾਰੀ ਰਿਹਾ ਦੂਜੇ ਪਾਸੇ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਕਰੜੇ ਪ੍ਰਬੰਧ ਕੀਤੇ ਗਏ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਨਵਿੰਦਰਬੀਰ ਸਿੰਘ ਐੱਸਪੀ ਦੀ ਅਗਵਾਈ ਵਿੱਚ ਮਹਿਲਾ ਪੁਲਿਸ ਸਮੇਤ ਦੋ ਦਰਜਨ ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਦੋਸ਼ੀ ਧਿਰ ਵੱਲੋਂ ਪੀੜਤ ਦੇ ਪਰਿਵਾਰ ਵਾਲਿਆਂ ਨੂੰ ਰਾਜੀਨਾਵੇ ਲਈ ਧਮਕਾਇਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਇਸ ਸਾਰੀ ਘਟਨਾ ਬਾਰੇ ਅੱਜ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਵੱਲੋਂ ਵਟਸਅੱਪ ਜਰੀਏ ਆਪਣੀ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਪੂਰਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਤੇ ਮੁਲਜ਼ਮਾਂ ਲਈ ਕਰੜੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ

ਇਸ ਬਾਰੇ ਮਨਵਿੰਦਰਬੀਰ ਸਿੰਘ ਐੱਸਪੀ ਨੇ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਨਾਲ ਇਸ ਮਾਮਲੇ ਨੂੰ ਖੰਗਾਲ ਰਹੀ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ 6 ਮੁਲਜ਼ਮ ਗ੍ਰਿਫਤਾਰ ਕਰ ਲਏ ਹਨ ਤੇ ਬਾਕੀ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ। ਅੱਜ ਪੀੜਤ ਪਰਿਵਾਰ ਨਾਲ ਮਿਲਣ ਲਈ ਸਥਾਨਕ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਵਿਧਾਇਕ ਅਮਨ ਅਰੋੜਾ, ਮੈਡਮ ਕਿਰਨਪ੍ਰੀਤ ਕੌਰ ਧਾਮੀ ਮੈਂਬਰ ਮਹਿਲਾ ਕਮਿਸ਼ਨ ਪੰਜਾਬ, ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਸਤਿਕਾਰ ਕਮੇਟੀ ਦੇ ਆਗੂ ਪਹੁੰਚੇ। ਇਸ ਸਮੇਂ ਸਥਿਤੀ ਥੋੜ੍ਹੇ ਸਮੇਂ ਲਈ ਤਣਾਅ ਪੂਰਨ ਹੋ ਗਈ ਜਦ ਕਥਿਤ ਮੁਲਜ਼ਮਾਂ ਦਾ ਮੈਡੀਕਲ ਚੈਕਅੱਪ ਕਰਵਾਉਣ ਉਪਰੰਤ ਜਦ ਪੁਲਿਸ ਉਨ੍ਹਾਂ ਨੂੰ ਲੈ ਕੇ ਵਾਪਸ ਜਾਣ ਲੱਗੀ ਤਾਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਉਕਤ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।