ਅਨੋਖੀ ਦੇਸ਼ ਭਗਤੀ

ਅਨੋਖੀ ਦੇਸ਼ ਭਗਤੀ

ਬੱਚਿਓ! ਬਹੁਤ ਪੁਰਾਣੀ ਗੱਲ ਹੈ। ਜਦੋਂ ਰਾਜੇ ਰਾਜ ਕਰਦੇ ਹੁੰਦੇ ਸਨ। ਉਸ ਸਮੇਂ ਕਿਸੇ ਰਾਜ ਵਿੱਚ ਰਾਜਾ ਕਰਮ ਸਿੰਘ ਰਾਜ ਕਰ ਰਿਹਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਆਪਣੀ ਪਰਜਾ ਦੇ ਸੁਖ ਅਤੇ ਖੁਸ਼ਹਾਲੀ ਲਈ ਬਹੁਤ ਕੁਝ ਕੀਤਾ। ਇਸ ਲਈ ਉਸ ਦਾ ਰਾਜ ਦਿਨੋ-ਦਿਨ ਵਧਦਾ ਜਾ ਰਿਹਾ ਸੀ। ਇਸ ਲਈ ਕਈ ਰਾਜੇ ਉਸਨੂੰ ਹਰਾ ਕੇ ਉਸਦੇ ਰਾਜ ਨੂੰ ਹੜੱਪਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਸਨ ਪਰ ਉਹ ਉਹਨਾਂ ਦੇ ਹਰ ਹਮਲੇ ਨੂੰ ਨਾਕਾਮ ਕਰਨ ਵਿੱਚ ਕਾਮਯਾਬ ਹੋ ਜਾਂਦਾ।

ਇੱਕ ਵਾਰ ਉਸਦੇ ਰਾਜ ਵਿੱਚ ਮੀਂਹ ਨਾ ਪਿਆ ਸੋਕਾ ਪੈਣ ਨਾਲ ਫਸਲ ਨਹੀਂ ਹੋਈ। ਰਾਜੇ ਨੇ ਆਪਣੀ ਜਨਤਾ ਲਈ ਆਪਣੇ ਅਨਾਜ ਅਤੇ ਧਨ ਦੇ ਖਜ਼ਾਨੇ ਖੋਲ੍ਹ ਦਿੱਤੇ। ਪਰਜਾ ਇਸ ਤੋਂ ਬਹੁਤ ਖੁਸ਼ ਹੋਈ। ਪਰੰਤੂ ਸੋਕੇ ਦੀ ਮਾਰ ਅਗਲੇ ਸਾਲ ਵੀ ਪੈ ਗਈ। ਇਸ ਤੋਂ ਇਲਾਵਾ ਦੁਸ਼ਮਣ ਦੇਸ਼ ਇਸ ਆਰਥਿਕ ਸੰਕਟ ਦਾ ਲਾਭ ਉਠਾਉਣ ਲਈ ਹੋਰ ਗੁਆਂਢੀ ਮੁਲਕਾਂ ਨਾਲ ਮਿਲ ਕੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਸਮੱਸਿਆ ਨੂੰ ਨਜਿੱਠਣ ਲਈ ਉਸ ਨੇ ਆਪਣੇ ਮੰਤਰੀਆਂ ਦੀ ਬੈਠਕ ਬੁਲਾਈ। ਜਿਸ ਵਿੱਚ ਮਿੱਤਰ ਰਾਜਾਂ ਤੋਂ ਸਹਿਯੋਗ ਲੈਣ ਦੀ ਸਹਿਮਤੀ ਹੋਈ।

ਫਿਰ ਸੈਨਾਪਤੀ ਨੇ ਰਾਜੇ ਨੂੰ ਦੱਸਿਆ ਕਿ ਲਗਭਗ ਦਸ ਹਜ਼ਾਰ ਸਾਬਕਾ ਫੌਜੀਆਂ ਦੀ ਇਹ ਇੱਛਾ ਹੈ ਕਿ ਦੇਸ਼ ਲਈ ਕੁਰਬਾਨੀ ਦੇਣ ਲਈ ਯੁੱਧ ਦੇ ਮੈਦਾਨ ਵਿੱਚ ਜਾ ਕੇ ਲੜਨਾ ਚਾਹੁੰਦੇ ਹਾਂ। ਪਰੰਤੂ ਰਾਜੇ ਨੇ ਐਨਾ ਵੱਡਾ ਨੁਕਸਾਨ ਕਰਵਾਉਣ ਤੋਂ ਨਾਂਹ ਕਰ ਦਿੱਤੀ। ਫਿਰ ਸਾਬਕਾ ਫੌਜੀਆਂ ਦਾ ਸਰਦਾਰ ਆ ਗਿਆ। ਉਸਨੇ ਰਾਜੇ ਨੂੰ ਦੱਸਿਆ ਕਿ ਉਹ ਸਾਰੇ ਬੁੱਢੇ ਨੇ ਮਰਨਾ ਤਾਂ ਹੈ ਹੀ, ਦੇਸ਼ ਲਈ ਮਰਨ ਦਾ ਮਾਣ ਹਾਸਲ ਕਰ ਲੈਣ ਦਿਓ! ਨਾਲੇ ਅਸੀਂ ਛਾਪਾ ਮਾਰ ਯੁੱਧ ਕਰਾਂਗੇ। ਮੌਕਾ ਪਾ ਕੇ ਹਮਲਾ ਕਰਕੇ ਭੱਜ ਜਾਇਆ ਕਰਾਂਗੇ। ਦੁਸ਼ਮਣ ਨੂੰ ਕਿਲੇ ’ਤੇ ਛੇਤੀ ਹਮਲਾ ਨਹੀਂ ਕਰਨ ਦਿੰਦੇ। ਇਸ ਨਾਲ ਤੁਹਾਨੂੰ ਸਮਾਂ ਮਿਲ ਜਾਵੇਗਾ ਯੁੱਧ ਲਈ ਤਿਆਰੀਆਂ ਦਾ। ਰਾਜੇ ਨੇ ਸਹਿਮਤੀ ਦੇ ਦਿੱਤੀ। ਸਾਬਕਾ ਫੌਜੀਆਂ ਦਾ ਜੱਥਾ ਕਿਲ੍ਹੇ ਤੋਂ ਬਾਹਰ ਚਲਾ ਗਿਆ।

ਦੇਸ਼ ਵਿੱਚ ਆਰਥਿਕ ਸੰਕਟ ਬਣਿਆ ਹੋਇਆ ਸੀ। ਜੋ ਵਧਦਾ ਹੀ ਜਾ ਰਿਹਾ ਸੀ। ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਵੀ ਬਹੁਤ ਸੀ। ਉਹਨਾਂ ਦੇ ਖਾਣੇ ਲਈ ਵੀ ਬਹੁਤ ਅਨਾਜ ਦੀ ਲੋੜ ਹੁੰਦੀ ਸੀ। ਰਾਜੇ ਨੇ ਆਪਣੇ ਮੰਤਰੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ। ਕਾਫੀ ਵਿਚਾਰ-ਚਰਚਾ ਤੋਂ ਬਾਅਦ ਉਹਨਾਂ ਵਿੱਚੋਂ ਆਮ ਕੈਦੀਆਂ ਦੀ ਰਿਹਾਈ ਅਤੇ ਖੂੰਖਾਰ ਕੈਦੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਫੈਸਲਾ ਕੀਤਾ ਗਿਆ।
ਦੁਸ਼ਮਣ ਦੇਸ਼ ਦੀਆਂ ਫੌਜਾਂ ਨੇ ਤਿੰਨ ਦਿਨ ਬਾਅਦ ਹਮਲਾ ਕਰਨਾ ਸੀ।

ਪਰੰਤੂ ਹਮਲਾ ਪੰਦਰਾਂ ਦਿਨਾਂ ਬਾਅਦ ਹੋਇਆ। ਰਾਜੇ ਨੂੰ ਆਪਣੇ ਸਾਬਕਾ ਫੌਜੀਆਂ ਉੱਪਰ ਮਾਣ ਮਹਿਸੂਸ ਹੋ ਰਿਹਾ ਸੀ। ਜਿਨ੍ਹਾਂ ਨੇ ਹਮਲੇ ਨੂੰ ਬਾਰਾਂ ਦਿਨ ਰੋਕੀ ਰੱਖਿਆ। ਰਾਜੇ ਦੇ ਜਾਸੂਸਾਂ ਨੇ ਸੂਚਨਾ ਦਿੱਤੀ ਕਿ ਸਾਰੇ ਸਾਬਕਾ ਫੌਜੀਆਂ ਨੂੰ ਗੰਭੀਰ ਚੋਟਾਂ ਆਈਆਂ ਸਨ। ਉਹ ਜਾਨ ਬਚਾਉਣ ਲਈ ਅਲੱਗ-ਅਲੱਗ ਭੱਜ ਗਏ ਸੀ। ਕਿਸੇ ਦੀ ਕੋਈ ਖਬਰ ਨਹੀਂ ਮਿਲ ਰਹੀ। ਰਾਜਾ ਇਹ ਸੁਣ ਕੇ ਬਹੁਤ ਦੁਖੀ ਹੋਇਆ। ਉਸਨੇ ਫੌਜੀਆਂ ਦੇ ਪਰਿਵਾਰਾਂ ਦੀ ਮਾਲੀ ਮੱਦਦ ਕਰਨ ਦਾ ਐਲਾਨ ਕੀਤਾ। ਫਿਰ ਉਹ ਯੁੱਧ ਵਿੱਚ ਰੁੱਝ ਗਿਆ।

ਪੰਦਰਵੇਂ ਦਿਨ ਸ਼ਾਮ ਨੂੰ ਹਮਲਾ ਹੋ ਗਿਆ। ਲੜਾਈ ਸਾਰੀ ਰਾਤ ਚੱਲਦੀ ਰਹੀ। ਹਮਲਾ ਐਨਾ ਜਬਰਦਸਤ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਦੁਸ਼ਮਣ ਕਿਸੇ ਵੀ ਵੇਲੇ ਕਿਲੇ ਅੰਦਰ ਆ ਸਕਦਾ ਹੈ। ਰਾਜੇ ਦੇ ਹਜ਼ਾਰਾਂ ਸੈਨਿਕ ਸ਼ਹੀਦ ਹੋ ਗਏ ਸਨ ਕਿਉਂਕਿ ਜਦੋਂ ਦੁਸ਼ਮਣ ਦੀ ਤੋਪ ਦੇ ਗੋਲੇ ਕਿਲੇ ਦੀ ਕੋਈ ਦੀਵਾਰ ਢਾਹ ਦਿੰਦੇ ਤਾਂ ਰਾਜੇ ਦੇ ਸੈਨਿਕ ਮੁਰੰਮਤ ਕਰਨ ਲਈ ਜਾਂਦੇ। ਇਹ ਕੰਮ ਕਰਦੇ ਉਹ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ।

ਅਗਲੀ ਸਵੇਰ ਲੜਾਈ ਰੁਕ ਗਈ। ਦੁਸ਼ਮਣ ਪਿੱਛੇ ਹਟ ਗਿਆ। ਰਾਜੇ ਨੂੰ ਅੰਦਾਜ਼ਾ ਸੀ ਕਿ ਹਮਲਾ ਰਾਤ ਨੂੰ ਹੋ ਸਕਦਾ ਹੈ। ਜਦ ਹਮਲਾ ਰਾਤ ਨੂੰ ਵੀ ਨਾ ਹੋਇਆ ਤਾਂ ਉਸ ਨੇ ਜਾਸੂਸਾਂ ਨੂੰ ਭੇਜਿਆ। ਰਾਜੇ ਨੂੰ ਪਤਾ ਲੱਗਾ ਕਿ ਦੁਸ਼ਮਣ ਦੀ ਫੌਜ ਭੁੱਖੀ ਹੋਣ ਕਰਕੇ ਨਹੀਂ ਲੜ ਰਹੀ। ਫੌਜ ਦਾ ਖਾਣਾ ਕੋਈ ਲੁੱਟ ਕੇ ਲੈ ਗਿਆ। ਹੁਣ ਦੁਸ਼ਮਣ ਆਪਣੇ ਦੇਸ਼ ਤੋਂ ਮੱਦਦ ਆਉਣ ਤੋਂ ਬਾਅਦ ਹਮਲਾ ਕਰੇਗਾ। ਹੁਣ ਰਾਜਾ ਕਰਮ ਸਿੰਘ ਯੁੱਧ ਦੇ ਮੈਦਾਨ ਵਿੱਚ ਆਪ ਆਪਣੀ ਫੌਜ ਨਾਲ ਨਿੱਕਲ ਪਿਆ। ਦੁਸ਼ਮਣ ਦੀ ਫੌਜ ਰਾਤ ਨੂੰ ਆਰਾਮ ਕਰ ਰਹੀ ਸੀ। ਹਮਲੇ ਦਾ ਸਾਹਮਣਾ ਨਾ ਕਰ ਸਕੀ। ਕੁਝ ਭੱਜ ਗਏ ਕੁਝ ਮਾਰੇ ਗਏ। ਦੁਸ਼ਮਣ ਦੀ ਕਰਾਰੀ ਹਾਰ ਹੋਈ। ਰਾਜਾ ਆਪਣੇ ਦੇਸ਼ ਵਿੱਚ ਆ ਕੇ ਖੁਸ਼ੀ ਖੁਸ਼ੀ ਰਹਿਣ ਲੱਗਾ।
ਕਈ ਮਹੀਨੇ ਬੀਤ ਗਏ। ਕੁਝ ਸਾਬਕਾ ਫੌਜੀ ਵਾਪਸ ਆ ਗਏ।

ਰਾਜੇ ਨੇ ਦਰਬਾਰ ਵਿੱਚ ਉਹਨਾਂ ਦਾ ਸਨਮਾਨ ਕੀਤਾ ਅਤੇ ਆਪਣੇ ਦਰਬਾਰ ਵਿੱਚ ਚੰਗੀਆਂ ਨੌਕਰੀਆਂ ਦਿੱਤੀਆਂ। ਰਾਜੇ ਨੇ ਕਿਹਾ ਕਿ ਤੁਹਾਡੇ ਕਾਰਨ ਅਸੀਂ ਯੁੱਧ ਜਿੱਤ ਸਕੇ ਹਾਂ। ਪਰੰਤੂ ਫੌਜੀਆਂ ਨੇ ਕਿਹਾ ਕਿ ਇਨਾਮ ਦੇ ਹੱਕਦਾਰ ਕੇਵਲ ਅਸੀਂ ਨਹੀਂ। ਉਹ ਕੈਦੀ ਵੀ ਹਨ ਜਿਨ੍ਹਾਂ ਨੂੰ ਤੁਸੀਂ ਦੇਸ਼ ਨਿਕਾਲਾ ਦੇ ਦਿੱਤਾ ਸੀ। ਉਹ ਦੁਸ਼ਮਣ ਦੇਸ਼ ਦਾ ਵਾਰ-ਵਾਰ ਖਾਣਾ ਲੁੱਟਦੇ ਰਹੇ। ਭੁੱਖੀ ਦੁਸ਼ਮਣ ਸੈਨਾ ਕਦ ਤੱਕ ਲੜਦੀ। ਰਾਜੇ ਨੂੰ ਇਹ ਸੁਣ ਕੇ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਬਹੁਤ ਹੋਈ। ਉਹ ਅਤੇ ਉਸ ਦੇ ਮੰਤਰੀ ਕੈਦੀਆਂ ਦੀ ਅਨੋਖੀ ਦੇਸ਼ ਭਗਤੀ ’ਤੇ ਮਾਣ ਮਹਿਸੂਸ ਕਰ ਰਹੇ ਸਨ। ਰਾਜੇ ਨੇ ਉਹਨਾਂ ਕੈਦੀਆਂ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ ਜੋ ਕਿਲੇ ਤੋਂ ਬਾਹਰ ਦੁਸ਼ਮਣ ਤੋਂ ਦੇਸ਼ ਦੀ ਰੱਖਿਆ ਕਰੇਗੀ। ਹੁਣ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗੇ।
ਸੁਖਦੀਪ ਸਿੰਘ ਗਿੱਲ, ਮਾਨਸਾ।
ਮੋ: 94174-51887

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।