ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)

Punjabi Story

ਰਾਮੂ ਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ ਦੂਜੇ ਦੇ ਘਰ ਜਾਦੇ ਰਹਿੰਦੇ। ਇਸ ਵਾਰ ਸਕੂਲ ’ਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ ਰਾਜੂ ਨੂੰ ਹੱਥ ’ਚ ਗੁਲੇਲ ਫੜਕੇ ਪੰਛੀਆਂ ’ਤੇ ਨਿਸ਼ਾਨੇ ਲਾਉਂਦਿਆਂ ਵੇਖਿਆ। ਰਾਜੂ ਦੀ ਗੁਲੇਲ ’ਚੋਂ ਨਿਕਲੀ ਇੱਕ ਗੋਲੀ ਰੁੱਖ ’ਤੇ ਬੈਠੀ ਮੈਨਾ ਦੇ ਜਾ ਲੱਗੀ। ਮੈਨਾ ਤੜਫ਼ਦੀ ਹੋਈ ਧਰਤੀ ਉੱਪਰ ਆ ਡਿੱਗੀ ਅਤੇ ਕੁਝ ਦੇਰ ਬਾਅਦ ਹੀ ਉਹ ਮਰ ਗਈ। (Punjabi Story)

ਉਸਨੂੰ ਵੇਖਕੇ ਰਾਜੂ ਹੱਸਿਆ ਤੇ ਬੋਲਿਆ, ‘ਵੇਖਿਆ ਮੇਰਾ ਨਿਸ਼ਾਨਾ’ ਰਾਮੂ ਨੇ ਇਹ ਸਾਰਾ ਦਿ੍ਰਸ਼ ਆਪਣੀਆਂ ਅੱਖਾਂ ਨਾਲ ਵੇਖ ਲਿਆ ਸੀ। ਉਹ ਰਾਜੂ ਦੇ ਕੋਲ ਆ ਕੇ ਬੋਲਿਆ ‘ਦੋਸਤ ਇਹ ਤੂੰ ਕੀ ਕੀਤਾ, ਤੂੰ ਇਨ੍ਹਾਂ ਬੇਕਸੂਰ ਪੰਛੀਆਂ ਨੂੰ ਕਿਉਂ ਮਾਰ ਰਿਹੈ, ਇੰਨਾ ਨੇ ਤੇਰਾ ਕੀ ਵਿਗਾੜਿਆ ਹੈ, ਆ ਵੇਖ ਜਿਹੜੀ ਮੈਨਾ ਨੂੰ ਤੂੰ ਹੁਣੇ-ਹੁਣੇ ਮਾਰਿਆ ਹੈ, ਇਸ ਵਿਚਾਰੀ ਦੇ ਛੋਟੇ-ਛੋਟੇ ਬੱਚੇ ਇਸਨੂੰ ਘਰ ਉਡੀਕਦੇ ਹੋਣਗੇ।’ ਰਾਮੂ ਦੀ ਗੱਲ ਸੁਣਕੇ ਰਾਜੂ ਉੱਪਰ ਕੋਈ ਅਸਰ ਨਹੀਂ ਹੋਇਆ ਤੇ ਉਹ ਚਿੜੀਆਂ ਉੱਪਰ ਨਿਸ਼ਾਨੇ ਲਾਉਣ ਲੱਗ ਪਿਆ।

ਰਾਮੂ ਨੇ ਉਸਨੂੰ ਸਮਝਾਉਂਦਿਆਂ ਆਖਿਆ ‘ਰਾਜੂ ਪੰਛੀ ਸਾਡੇ ਮਿੱਤਰ ਹਨ, ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ, ਤੂੰ ਪੰਛੀਆਂ ਨੂੰ ਐਨਾ ਤੰਗ ਨਾ ਕਰਿਆ ਕਰ ਨਹੀ ਤਾਂ ਤੇਰੇ ਅਜਿਹੇ ਬੁਰੇ ਕਰਮਾਂ ਦਾ ਫ਼ਲ ਤੈਨੂੰ ਇੱਕ ਦਿਨ ਜਰੂਰ ਮਿਲੇਗਾ।’ ਪਰ ਰਾਜੂ ਸਮਝਣ ਵਾਲਾ ਨਹੀਂ ਸੀ ਉਹ ਪੰਛੀਆਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਉਂਦਾ ਰਿਹਾ। ਰਾਮੂ ਉਸਨੂੰ ਸਮਝਾਉਣ ਤੋਂ ਬਾਅਦ ਆਪਣੇ ਘਰ ਆ ਗਿਆ। ਕਈ ਦਿਨ ਬੀਤ ਗਏ ਛੁੱਟੀਆਂ ਖਤਮ ਹੋ ਚੁੱਕੀਆਂ ਸਨ ਪਰ ਰਾਜੂ ਨੇ ਸਕੂਲ ਜਾਣਾ ਸ਼ੁਰੂ ਨਹੀਂ ਸੀ ਕੀਤਾ।

Punjabi Story

ਇੱਕ ਦਿਨ ਜਦੋਂ ਰਾਮੂ ਨੇ ਫ਼ੋਨ ਕਰਕੇ ਰਾਜੂ ਨੂੰ ਸਕੂਲ ਨਾ ਆਉਣ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਰਾਜੂ ਹਸਪਤਾਲ ’ਚ ਹੈ। ਰਾਮੂ ਰਾਜੂ ਦਾ ਪਤਾ ਲੈਣ ਲਈ ਹਸਪਤਾਲ ਗਿਆ। ਰਾਮੂ ਹਸਪਤਾਲ ਪਹੁੰਚਿਆ ਤਾਂ ਵੇਖਿਆ ਕਿ ਰਾਜੂ ਦਾ ਸਾਰਾ ਸਰੀਰ ਸੁੱਜਿਆ ਹੋਇਆ ਸੀ। ‘ਇਹ ਕੀ ਹੋਇਆ? ਰਾਮੂ ਨੇ ਰਾਜੂ ਨੂੰ ਪੁੱਛਿਆ। ਰਾਮੂ ਨੂੰ ਵੇਖਦਿਆਂ ਹੀ ਰਾਜੂ ਦੀਆਂ ਅੱਖਾਂ ’ਚ ਅੱਥਰੂ ਆ ਗਏ। ਉਹ ਕਮਜ਼ੋਰ ਜਿਹੀ ਅਵਾਜ਼ ਨਾਲ ਬੋਲਿਆ ‘ਸੱਚਮੁੱਚ ਰਾਮੂ ਹਰ ਗਲਤੀ ਦੀ ਸਜ਼ਾ ਜਰੂਰ ਮਿਲਦੀ ਹੈ, ਜੇ ਮੈਂ ਤੇਰਾ ਕਹਿਣਾ ਉਸੇ ਦਿਨ ਮੰਨ ਲੈਂਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ।’ ‘ਆਖਿਰ ਹੋਇਆ ਕੀ? ਰਾਮੂ ਨੇ ਪੁੱਛਿਆ।’

‘ਪਰਸੋ ਮੈਂ ਆਪਣੀ ਗੁਲੇਲ ਨਾਲ ਰੁੱਖ ਉੱਪਰ ਬੈਠੇ ਤੋਤੇ ’ਤੇ ਨਿਸ਼ਾਨਾ ਲਗਾ ਰਿਹਾ ਸੀ, ਤੋਤਾ ਤਾਂ ਉੱਡ ਗਿਆ ਪਰ ਮੇਰੀ ਗੁਲੇਲ ਦੀ ਗੋਲੀ ਪਿੱਛੇ ਲੱਗੇ ਮਧੂ ਮੱਖੀਆਂ ਦੇ ਛੱਤੇ ’ਚ ਜਾ ਲੱਗੀ ਤੇ ਸਾਰੀਆਂ ਮਧੂ ਮੱਖੀਆਂ ਨੇ ਮੇਰੇ ਉੱਪਰ ਹਮਲਾ ਬੋਲ ਦਿੱਤਾ, ਜਿਸ ਕਾਰਨ ਮੇਰੀ ਇਹ ਹਾਲਤ ਬਣ ਗਈ।’ ‘ਉਹ ਦੋਸਤ ਇਹ ਤਾਂ ਬਹੁਤ ਮਾੜਾ ਹੋਇਆ ਪਰ ਤੂੰ ਹੌਸਲਾ ਰੱਖ ਸਭ ਠੀਕ ਹੋ ਜਾਵੇਗਾ, ਪਰ ਤੂੰ ਅੱਜ ਤੋਂ ਬਾਅਦ ਆਪਣੀ ਗੁਲੇਲ ਨਾਲ ਪੰਛੀਆਂ ਦਾ ਸ਼ਿਕਾਰ ਕਰੇਗਾ।’ ਰਾਮੂ ਨੇ ਰਾਜੂ ਨੂੰ ਪੁੱਛਿਆ।

‘ਨਹੀਂ ਦੋਸਤ ਮੈਨੂੰ ਮੇਰੀ ਗਲਤੀ ਦੀ ਸਜ਼ਾ ਮਿਲ ਗਈ ਹੈ ਹਸਪਤਾਲ ਤੋਂ ਘਰ ਜਾ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਗੁਲੇਲ ਹੀ ਤੋੜਾਂਗਾ, ਅੱਜ ਤੋਂ ਬਾਅਦ ਮੈਂ ਕਦੇ ਵੀ ਬੇਕਸੂਰ ਪੰਛੀਆਂ ਨੂੰ ਨਹੀਂ ਮਾਰਾਂਗਾ।’ ਰਾਜੂ ਆਪਣੀ ਗਲਤੀ ’ਤੇ ਪਛਤਾਵਾ ਕਰਦਾ ਹੋਇਆ ਬੋਲਿਆ। ‘ਉਹ ਮੇਰੇ ਚੰਗੇ ਦੋਸਤ’ ਰਾਮੂ ਨੇ ਰਾਜੂ ਨੂੰ ਆਪਣੇ ਗਲ ਨਾਲ ਲਗਾ ਲਿਆ। ਠੀਕ ਹੋਣ ਤੋਂ ਬਾਅਦ ਘਰ ਜਾਂਦਿਆਂ ਹੀ ਰਾਜੂ ਨੇ ਆਪਣੀ ਗੁਲੇਲ ਤੋੜ ਦਿੱਤੀ। ਹੁਣ ਉਹ ਪੰਛੀਆਂ ਦੀ ਮੱਦਦ ਕਰਨ ਲੱਗ ਪਿਆ ਸੀ।

ਜਗਤਾਰ ਸਮਾਲਸਰ ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953