ਪੰਜਾਬੀ ਸੱਭਿਆਚਾਰ ‘ਚ ਸਾਉਣ ਦਾ ਮਹੀਨਾ

ਪੰਜਾਬੀ ਸੱਭਿਆਚਾਰ ‘ਚ ਸਾਉਣ ਦਾ ਮਹੀਨਾ

ਪੰਜਾਬੀ ਲੋਕ ਜੀਵਨਸ਼ੈਲੀ ਵਿੱਚ ਹਰ ਰੁੱਤ ਅਤੇ ਮਹੀਨੇ ਦਾ ਆਪੋ-ਆਪਣਾ ਮਹੱਤਵ ਹੈ, ਪਰੰਤੂ ਸਾਉਣ ਦਾ ਮਹੀਨਾ ਪੰਜਾਬੀਆਂ ਦਾ ਹਰਮਨਪਿਆਰਾ ਮਹੀਨਾ ਹੈ। ਸਾਉਣ ਦਾ ਮਹੀਨਾ ਖ਼ੁਸ਼ੀਆਂ, ਚਾਵਾਂ, ਮੇਲਿਆਂ ਅਤੇ ਤਿਉਹਾਰਾਂ ਦਾ ਮਹੀਨਾ ਹੈ। ਸਾਉਣ ਨੂੰ ਸਾਰੇ ਮਹੀਨਿਆਂ ਦਾ ਸਰਦਾਰ ਮੰਨਿਆ ਜਾਂਦਾ ਹੈ। ਪੰਜਾਬੀ ਲੋਕ-ਜੀਵਨ ਵਿੱਚ ਸਾਉਣ ਦੇ ਮਹੀਨੇ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਜੇਠ-ਹਾੜ ਦੀਆਂ ਗਰਮੀਆਂ ਦੀ ਤਪਸ਼ ਅਤੇ ਲੋਅ ਤੋਂ ਬਾਅਦ ਆਏ ਮਹੀਨੇ ਸਾਉਣ ਦੇ ਮੀਹਾਂ ਦੀ ਬੌਛਾਰ ਪੰਜਾਬੀਆਂ ਅਤੇ ਪੰਜਾਬਣਾਂ ਨੂੰ ਅਨੋਖੀ ਠੰਢਕ ਅਤੇ ਖ਼ੁਸ਼ੀ ਦਿੰਦੀ ਹੈ। ਸਾਉਣ ਨੂੰ ਮੀਂਹ ਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਕਿਉਂਕਿ ਸਾਉਣ ਦੇ ਮਹੀਨੇ ਵਿੱਚ ਮੌਸਮ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਮਾਨਸੂਨ ਦੇ ਮੀਂਹ ਪੈਂਦੇ ਹਨ। ਚਾਰੇ ਪਾਸੇ ਹਰਿਆਲੀ ਹੋ ਜਾਂਦੀ ਹੈ। ਪਸ਼ੂ ਖੁੱਲ੍ਹਾ ਘਾਹ ਚਰਦੇ ਹਨ, ਪੰਛੀਆਂ ਦੀ ਚੀਂ-ਚੀਂ ਵਾਤਾਵਰਨ ਨੂੰ ਹੋਰ ਰੰਗੀਨ ਬਣਾਉਂਦੀ ਹੈ। ਹਰੇ-ਭਰੇ ਵਾਤਾਵਰਨ ਵਿੱਚ ਮੋਰ ਖ਼ੁਸ਼ੀ ਵਿੱਚ ਨੱਚਦੇ ਹਨ ਅਤੇ ਪੈਲਾਂ ਪਾਉਂਦੇ ਹਨ, ਜੋ ਬਹੁਤ ਹੀ ਸੋਹਣੇ ਲੱਗਦੇ ਹਨ।

ਸਾਉਣ ਦੇ ਮਹੀਨੇ ਵਿੱਚ ਕਈ ਮੇਲੇ ਅਤੇ ਤਿਉਹਾਰ ਵੀ ਮਨਾਏ ਜਾਂਦੇ ਹਨ। ਤੀਆਂ ਦਾ ਤਿਉਹਾਰ ਇੱਕ ਪ੍ਰਮੁੱਖ ਤਿਉਹਾਰ ਹੈ, ਜੋ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਉਣ ਦੀ ਪੁੰਨਿਆਂ ਤੱਕ ਤੇਰਾਂ ਦਿਨਾਂ ਤੱਕ ਚੱਲਦਾ ਰਹਿੰਦਾ ਹੈ। ਅਸਲ ਵਿੱਚ ਤੀਆਂ ਦਾ ਤਿਉਹਾਰ ਖੁੱਲ੍ਹ ਕੇ ਨੱਚਣ-ਟੱਪਣ, ਜੀਵਨ ਦੇ ਰੁਝੇਂਵਿਆਂ ਤੋਂ ਬੇਧਿਆਨੇ ਹੋ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਤੇ ਖ਼ੁਸ਼ੀਆਂ ਮਾਨਣ ਦਾ ਤਿਉਹਾਰ ਹੈ। ਵੱਡੇ ਬਜ਼ੁਰਗਾਂ ਅਤੇ ਤਜ਼ੁਰਬੇਕਾਰ ਲੋਕਾਂ ਨੇ ਇਹ ਸੋਚ ਕੇ ਇਹ ਤਿਉਹਾਰ ਬਣਾਏ ਕਿ ਉਂਝ ਤਾਂ ਪਿੰਡ ਦੀਆਂ ਕੁੜੀਆਂ ਵਿਆਹੇ ਜਾਣ ਤੋਂ ਬਾਅਦ ਇੱਕ-ਦੂਜੀ ਨੂੰ ਮਿਲ ਨਹੀਂ ਸਕਦੀਆਂ।

ਤੀਆਂ ਦੇ ਤਿਉਹਾਰ ਅਤੇ ਸਾਉਣ ਦੇ ਮਹੀਨੇ ਵਿੱਚ ਪਿੰਡ ਦੀਆਂ ਸਾਰੀਆਂ ਕੁੜੀਆਂ, ਪੇਕੇ ਘਰ ਆਉਣਗੀਆਂ ਤਾਂ ਆਪਣੀਆਂ ਸਹੇਲੀਆਂ ਨੂੰ ਮਿਲ ਲੈਣਗੀਆਂ। ਸਾਲ ਵਿੱਚ ਘੱਟੋ-ਘੱਟ ਇੱਕ ਦਿਨ ਤਾਂ ਕੁੜੀਆਂ ਆਪਸ ਵਿੱਚ ਮਿਲ ਸਕਣ ਅਤੇ ਆਪਣੇ ਦੁੱਖ-ਸੁਖ ਸਾਂਝੇ ਕਰ ਸਕਣ। ਇਹ ਸੋਚ ਕੇ ਸਿਆਣੇ ਲੋਕਾਂ ਨੇ ਤਿਉਹਾਰ ਬਣਾਏ, ਜੋ ਕਿ ਬਹੁਤ ਦੂਰਦਰਸ਼ੀ ਸੋਚ ਦਾ ਪ੍ਰਗਟਾਵਾ ਹੈ। ਸੋ ਤੀਆਂ ਕਾਰਨ ਸਾਰੀਆਂ ਵਿੱਛੜੀਆਂ ਹੋਈਆਂ ਸਹੇਲੀਆਂ ਫਿਰ ਤੋਂ ਇਕੱਠੀਆਂ ਹੋ ਜਾਂਦੀਆਂ ਹਨ, ਆਪਣੇ ਦੁੱਖ-ਸੁਖ ਸਾਂਝੇ ਕਰਦੀਆਂ ਹਨ ਅਤੇ ਨੱਚ-ਟੱਪ ਕੇ ਆਪਣੀਆਂ ਖ਼ੁਸ਼ੀਆਂ ਪ੍ਰਗਟਾਉਂਦੀਆਂ ਹਨ। ਸਾਉਣ ਦੇ ਮਹੀਨੇ ਅਤੇ ਤੀਆਂ ਦੇ ਦਿਨਾਂ ਵਿੱਚ ਖ਼ੁਸ਼ੀ ਵਿੱਚ ਲੋਕ ਖੀਰ ਅਤੇ ਪੂੜੇ ਬਣਾ ਕੇ ਖਾਂਦੇ ਹਨ। ਇਸ ਬਾਰੇ ਪੰਜਾਬੀ ਲੋਕ ਮਨਾਂ ਅਨੁਸਾਰ ਇੱਕ ਕਹਾਵਤ ਵੀ ਮਸ਼ਹੂਰ ਹੈ-

ਸਾਉਣ ਖੀਰ ਨਾ ਖਾਧੀਆ,
ਤਾਂ ਕਿਉ ਜੰਮਿਓਂ ਅਪਰਾਧੀਆ।

ਸਾਉਣ ਦੇ ਮਹੀਨੇ ਵਿੱਚ ਆਉਣ ਵਾਲਾ ਇੱਕ ਹੋਰ ਤਿਉਹਾਰ ‘ਰੱਖੜੀ ਦਾ ਤਿਉਹਾਰ’ ਹੈ। ਜੋ ਕਿ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਪਰ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ-ਭੈਣਾਂ ਨੂੰ ਕੀਮਤੀ ਤੋਹਫ਼ੇ ਦਿੰਦੇ ਹਨ। ਇੱਕ ਪੁਰਾਤਨ ਲੋਕ ਵਿਸ਼ਵਾਸ ਅਨੁਸਾਰ ਪੁਰਾਣੇ ਸਮਿਆਂ ਵਿੱਚ ਜਦੋਂ ਵੀਰ ਆਪਣੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾ ਕੇ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਤਾਂ ਉਨ੍ਹਾਂ ਦੇ ਗੁੱਟ ਉੱਪਰ ਭੈਣਾਂ ਦੁਆਰਾ ਬੰਨ੍ਹੀ ਗਈ ਰੱਖੜੀ ਅਸੀਸਾਂ ਦੇ ਰੂਪ ਵਿੱਚ ਉਨ੍ਹਾਂ ਦੀ ਰੱਖਿਆ ਕਰਦੀ ਸੀ। ਇਸ ਪ੍ਰਕਾਰ ਰੱਖੜੀ ਭੈਣਾਂ ਅਤੇ ਭਰਾਵਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ, ਜੋ ਉਹਨਾਂ ਦੇ ਪਿਆਰ ਨੂੰ ਹੋਰ ਵੀ ਵਧਾਉਂਦਾ ਹੈ।

ਸਾਉਣ ਦੇ ਮਹੀਨੇ ਵਿੱਚ ਸਾਰੀਆਂ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ, ਤੀਆਂ ਅਤੇ ਤ੍ਰਿੰਝਣਾਂ ਵਿੱਚ ਇਕੱਠੀਆਂ ਹੋ ਕੇ ਗੀਤਾਂ ਅਤੇ ਬੋਲੀਆਂ ਰਾਹੀਂ ਆਪਣੀਆਂ ਭਾਵਨਾਵਾਂ ਅਤੇ ਦੁੱਖ-ਸੁਖ ਸਾਂਝੇ ਕਰਦੀਆਂ ਹਨ। ਤੀਆਂ ਵਿੱਚ ਪਿੱਪਲਾਂ ਉੱਪਰ ਪੀਂਘਾਂ ਪਾਈਆਂ ਜਾਂਦੀਆਂ ਹਨ ਅਤੇ ਕੁੜੀਆਂ ਬੋਲੀਆਂ ਪਾਉਂਦੀਆਂ, ਨੱਚਦੀਆਂ-ਕੁੱਦਦੀਆਂ ਅਤੇ ਪੀਂਘਾਂ ਝੂਟਦੀਆਂ ਹਨ, ਜੋ ਉਨ੍ਹਾਂ ਨੂੰ ਵੱਖਰੀ ਹੀ ਖ਼ੁਸ਼ੀ ਦਿੰਦਾ ਹੈ। ਸਾਉਣ ਮਹੀਨੇ ਨਾਲ ਸਬੰਧਿਤ ਬਹੁਤ ਸਾਰੀਆਂ ਬੋਲੀਆਂ ਅਤੇ ਲੋਕ-ਗੀਤ ਹਨ, ਜਿੰਨ੍ਹਾਂ ਰਾਹੀਂ ਗਾ ਕੇ ਕੁੜੀਆਂ ਆਪਣੇ ਚਾਅ- ਮਲ੍ਹਾਰ ਅਤੇ ਭਾਵਨਾਵਾਂ ਪ੍ਰਗਟਾਉਂਦੀਆਂ ਹਨ-

ਆਇਆ ਮਹੀਨਾ ਸਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ।
ਪਿੱਪਲੀਂ ਪੀਂਘਾਂ ਪਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ।

ਸਾਉਣ ਦੇ ਮਹੀਨੇ ਵਿੱਚ ਪੇਕਿਆਂ ਵੱਲੋਂ ਆਪਣੀਆਂ ਧੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈ ਜਿਸ ਵਿੱਚ ਲੀੜੇ-ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਹੁੰਦੀਆਂ ਹਨ। ਸਾਉਣ ਦੇ ਮਹੀਨੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਥਾਂ-ਥਾਂ ਮੇਲੇ ਲੱਗਦੇ ਹਨ, ਪਹਿਲਵਾਨਾਂ ਦੇ ਘੋਲ ਹੁੰਦੇ ਹਨ ਅਤੇ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਢੋਲ ਦੇ ਡਗੇ ‘ਤੇ ਪੈਂਦੇ ਭੰਗੜੇ ਦੀ ਰੌਂਅ ਵਿੱਚ ਲੋਕ ਨੱਚ ਉੱਠਦੇ ਹਨ ਅਤੇ ਮੋਰਾਂ ਵਾਂਗ ਪੈਲਾਂ ਪਾਉਂਦੇ ਹਨ। ਪਰੰਤੂ ਅੱਜ-ਕੱਲ੍ਹ ਬਹੁਤ ਸਾਰੇ ਰਸਮ-ਰਿਵਾਜ਼ ਸਮੇਂ ਅਨੁਸਾਰ ਖ਼ਤਮ ਹੁੰਦੇ ਜਾ ਰਹੇ ਹਨ। ਪੰਜਾਬੀ ਸੱਭਿਆਚਾਰ ਉੱਪਰ ਪਏ ਪੱਛਮੀ ਪ੍ਰਭਾਵਾਂ ਸਦਕਾ ਤੀਆਂ ਦੇ ਪਿੜ ਅਲੋਪ ਹੋ ਗਏ ਹਨ, ਰਸਮ-ਰਿਵਾਜ਼ ਖ਼ਤਮ ਹੋ ਰਹੇ ਹਨ, ਆਪਸੀ ਪਿਆਰ ਮਿਲਵਰਤਣ ਘਟਦਾ ਜਾ ਰਿਹਾ ਹੈ।

ਲੋਕ ਖਪਤੀ ਸੱਭਿਆਚਾਰ ਅਤੇ ਮਸ਼ੀਨੀਕਰਨ ਦੀ ਦੌੜ ਵਿੱਚ ਮਸ਼ੀਨ ਬਣਦੇ ਜਾ ਰਹੇ ਹਨ। ਅੱਜ ਮਨੁੱਖ ਪ੍ਰਕਿਰਤੀ ਤੋਂ ਟੁੱਟ ਕੇ ਅਤੇ ਆਪਸੀ ਭਾਈਚਾਰੇ ਨੂੰ ਭੁਲਾ ਕੇ ਪੈਸੇ ਦੀ ਹੋੜ ਕਾਰਨ ਚਿੰਤਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ। ਸਾਨੂੰ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਦੀ ਅਮੀਰੀ ਨੂੰ ਪਛਾਣੀਏ ਤੇ ਆਪਸੀ ਮਿਲਵਰਤਣ ਅਤੇ ਭਾਈਚਾਰੇ ਨੂੰ ਫਿਰ ਤੋਂ ਸੁਰਜੀਤ ਕਰਕੇ ਤਿਉਹਾਰਾਂ ਮੇਲਿਆਂ ਤੇ ਆਪਣੇ ਅਮੀਰ ਸੱਭਿਆਚਾਰ ਦੀ ਹੋਂਦ ਨੂੰ ਪਛਾਣੀਏ।
ਜੇ.ਬੀ.ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਤਾਰੂਆਣਾ,
ਸਰਸਾ (ਹਰਿਆਣਾ)

ਅਮਰਜੀਤ ਸਿੰਘ ਗਦਰਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ