ਬਸਤੀਵਾਦੀ ਦੇਸ਼ਾਂ ਵੱਲੋਂ ਗੁਲਾਮ ਦੇਸ਼ਾਂ ਦੀ ਕੀਤੀ ਗਈ ਲੁੱਟ

ਬਸਤੀਵਾਦੀ ਦੇਸ਼ਾਂ ਵੱਲੋਂ ਗੁਲਾਮ ਦੇਸ਼ਾਂ ਦੀ ਕੀਤੀ ਗਈ ਲੁੱਟ

ਯੁੂਰਪੀਨ ਬਸਤੀਵਾਦੀ ਦੇਸ਼ਾਂ ਦਾ ਕਰੀਬ 300 ਸਾਲ ਸੰਸਾਰ ਦੇ 80% ਭਾਗ ’ਤੇ ਕਬਜ਼ਾ ਰਿਹਾ ਹੈ। ਪੂਰਾ ਦੱਖਣੀ ਅਮਰੀਕਾ ਅਤੇ ਅਫਰੀਕਾ, ਜਾਪਾਨ, ਇਰਾਨ, ਅਫਗਾਨਿਸਤਾਨ ਤੇ ਚੀਨ ਨੂੰ ਛੱਡ ਕੇ ਸਾਰਾ ਏਸ਼ੀਆ ਇਨ੍ਹਾਂ ਦੇ ਕਬਜ਼ੇ ਹੇਠ ਸੀ। ਲੱਖਾਂ ਦੀ ਗਿਣਤੀ ਵਿੱਚ ਹੀਰੇ, ਪ੍ਰਾਚੀਨ ਮੂਰਤੀਆਂ, ਪੇਂਟਿੰਗਾਂ, ਗਹਿਣੇ, ਹਥਿਆਰ ਅਤੇ ਹਾਥੀ ਦੰਦ ਆਦਿ ਤੋਂ ਬਣੇ ਨਾਯਾਬ ਨਮੂਨੇ ਇਨ੍ਹਾਂ ਦੇਸ਼ਾਂ ਤੋਂ ਜਿੱਤਣ ਤੋਂ ਬਾਅਦ ਕੀਤੀ ਲੁੱਟ, ਖੁਦਾਈ, ਨਿਸ਼ਾਨੀਆਂ ਤੇ ਵਿਗਿਆਨਕ ਨਿਰੀਖਣਾਂ ਦੇ ਨਾਂਅ ’ਤੇ ਯੂਰਪੀਨ ਦੇਸ਼ਾਂ ਦੇ ਖਜ਼ਾਨਿਆਂ ਵਿੱਚ ਜਮ੍ਹਾ ਹੋ ਚੁੱਕੇ ਹਨ। ਸਿਰਫ ਅਫਰੀਕਾ ਦੀਆਂ ਹੀ 50000 ਤੋਂ ਵੱਧ ਕਲਾਕਿ੍ਰਤਾਂ ਲੁੱਟੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਕਾਫੀ ਅਜਾਇਬਘਰਾਂ ਵਿੱਚ ਸੁਰੱਖਿਅਤ ਹਨ ਪਰ ਜ਼ਿਆਦਾਤਰ ਕਾਲੇ ਬਜ਼ਾਰ ਰਾਹੀਂ ਧਨਾਢ ਜਮ੍ਹਾਕਰਤਾਵਾਂ ਦੀਆਂ ਤਿਜ਼ੋਰੀਆਂ ਵਿੱਚ ਗਾਇਬ ਹੋ ਚੁੱਕੀਆਂ ਹਨ।

ਅੱਜ ਜੇ ਕਿਸੇ ਵਸਤੂ ਦਾ ਪ੍ਰਾਪਤੀ ਸ੍ਰੋਤ ਸ਼ੱਕੀ ਹੋਵੇ ਤਾਂ ਅਜ਼ਾਇਬਘਰ ਉਸ ਨੂੰ ਪ੍ਰਦਰਸ਼ਨੀ ਵਾਸਤੇ ਨਹੀਂ ਰੱਖਦੇ, ਪਰ ਬਸਤੀਵਾਦੀ ਕਾਲ ਵਿੱਚ ਕਿਸੇ ਗੁਲਾਮ ਦੇਸ਼ ਤੋਂ ਪ੍ਰਾਪਤ ਅਨਮੋਲ ਵਸਤੂ ਨੂੰ ਰੱਖਣਾ ਸ਼ਾਨ ਦੀ ਗੱਲ ਸਮਝੀ ਜਾਂਦੀ ਸੀ। ਅਜਿਹੀਆਂ ਵਸਤੂਆਂ ਕਾਰਨ ਪੱਛਮੀ ਦੇਸ਼ਾਂ ਨੂੰ ਹਰ ਸਾਲ ਅਰਬਾਂ ਡਾਲਰ ਦਾ ਮੁਨਾਫਾ ਹੋ ਰਿਹਾ ਹੈ। ਹਰ ਸਾਲ ਲੱਖਾਂ ਸੈਲਾਨੀ, ਇਤਿਹਾਸਕਾਰ ਤੇ ਵਿਦਿਆਰਥੀ ਸਿਰਫ ਇਨ੍ਹਾਂ ਵਸਤੂਆਂ ਨੂੰ ਵੇਖਣ ਲਈ ਹੀ ਲੰਡਨ ਤੇ ਪੈਰਿਸ ਦੇ ਅਜ਼ਾਇਬਘਰਾਂ ਦੀ ਯਾਤਰਾ ਕਰਦੇ ਹਨ। ਭਾਰਤ ਤੋਂ ਵੀ ਬਿ੍ਰਟਿਸ਼ ਰਾਜ ਦੌਰਾਨ ਭਾਰੀ ਗਿਣਤੀ ਵਿੱਚ ਅਨਮੋਲ ਖਜ਼ਾਨਾ ਇੰਗਲੈਂਡ ਪਹੁੰਚਿਆ ਸੀ, ਜਿਸ ਵਿੱਚ ਕੁਝ ਪ੍ਰਮੁੱਖ ਵਸਤੂਆਂ

ਇਸ ਪ੍ਰਕਾਰ ਹਨ:-

ਕੋਹਿਨੂਰ ਹੀਰਾ- ਸੰਸਾਰ ਦਾ ਸਭ ਤੋਂ ਪ੍ਰਸਿੱਧ ਹੀਰਾ ਕੋਹਿਨੂਰ 1256 ਈਸਵੀ ਦੇ ਲਗਭਗ ਆਂਧਰਾ ਪ੍ਰਦੇਸ਼ ਦੇ ਗੰਟੂਰ ਜਿਲ੍ਹੇ ਦੀਆਂ ਕੋਲੂਰ ਹੀਰਾ ਖਾਣਾਂ ਵਿੱਚੋਂ ਹਿੰਦੂ ਕੈਕਾਤੀਆ ਵੰਸ਼ ਦੇ ਰਾਜ ਦੌਰਾਨ ਪ੍ਰਾਪਤ ਹੋਇਆ ਸੀ।100% ਪਾਰਦਰਸ਼ੀ ਤੇ ਉੱਚਤਮ ਕੁਆਲਟੀ ਦੇ ਇਸ ਹੀਰੇ ਦਾ ਖੁਦਾਈ ਵੇਲੇ ਭਾਰ 158.6 ਗ੍ਰਾਮ ਸੀ ਜੋ ਕਈ ਵਾਰ ਹੋਈ ਕਾਂਟ-ਛਾਂਟ ਕਾਰਨ ਇਸ ਵੇਲੇ ਸਿਰਫ 21.1204 ਗ੍ਰਾਮ ਰਹਿ ਗਿਆ ਹੈ। 1310 ਈਸਵੀ ਵਿੱਚ ਅਲਾਊਦੀਨ ਖਿਲਜੀ ਨੇ ਵਾਰੰਗਲ ’ਤੇ ਕਬਜ਼ਾ ਕੀਤਾ ਤਾਂ ਲੁੱਟ ਦੇ ਮਾਲ ਵਿੱਚ ਉਸ ਨੂੰ ਕੋਹਿਨੂਰ ਵੀ ਪ੍ਰਾਪਤ ਹੋਇਆ ਸੀ। ਇਸ ਤੋਂ ਬਾਅਦ ਇਹ ਦਿੱਲੀ ਸਲਤਨਤ ਦੇ ਵੱਖ-ਵੱਖ ਖਾਨਦਾਨਾਂ ਦੇ ਕਬਜ਼ੇ ਵਿੱਚੋਂ ਹੁੰਦਾ ਹੋਇਆ 1526 ਈ. ਨੂੰ ਬਾਬਰ ਦੇ ਹੱਥ ਲੱਗ ਗਿਆ। 1739 ਈ. ਵਿੱਚ ਇਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਦਿੱਲੀ ’ਤੇ ਕਬਜ਼ਾ ਕੀਤਾ ਤਾਂ ਖਰਬਾਂ ਦੇ ਹੋਰ ਖਜ਼ਾਨੇ ਸਮੇਤ ਕੋਹਿਨੂਰ ਵੀ ਉਸ ਦੇ ਕਬਜ਼ੇ ਵਿੱਚ ਆ ਗਿਆ। ਉਸ ਨੇ ਹੀ ਇਸ ਦਾ ਨਾਂਅ ਕੋਹਿਨੂਰ ਰੱਖਿਆ ਸੀ।

1747 ਈ. ਵਿੱਚ ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਕੋਹਿਨੂਰ ਉਸ ਦੇ ਜਰਨੈਲ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਵਿੱਚ ਆ ਗਿਆ ਤੇ ਅਬਦਾਲੀ ਦੀ ਮੌਤ ਤੋਂ ਬਾਅਦ ਉਸ ਦੇ ਵਾਰਿਸ ਸ਼ਾਹ ਸ਼ੁਜਾ ਨੂੰ ਮਿਲ ਗਿਆ। ਮਹਿਮੂਦ ਸ਼ਾਹ ਵੱਲੋਂ ਤਖਤਾ ਪਲਟ ਦੇਣ ਤੋਂ ਬਾਅਦ ਸ਼ਾਹ ਸ਼ੁਜਾ ਭੱਜ ਕੇ ਲਾਹੌਰ ਆ ਗਿਆ। ਉਸ ਦੀ ਮੱਦਦ ਕਰਨ ਬਦਲੇ 1813 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਉਸ ਤੋਂ ਲੈ ਲਿਆ। ਦੂਸਰੇ ਐਂਗਲੋ-ਸਿੱਖ ਯੁੱਧ ਤੋਂ ਬਾਅਦ 29 ਮਾਰਚ 1849 ਨੂੰ ਹੋਈ ਲਾਹੌਰ ਸੰਧੀ ਮੁਤਾਬਕ ਈਸਟ ਇੰਡੀਆ ਕੰਪਨੀ ਨੇ ਇਹ ਹੀਰਾ ਦਲੀਪ ਸਿੰਘ ਕੋਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ।

13 ਸਾਲ ਦੇ ਦਲੀਪ ਸਿੰਘ ਨੇ ਲੰਡਨ ਪਹੁੰਚ ਕੇ ਜੁਲਾਈ 1850 ਨੂੰ ਆਪਣੇ ਹੱਥੀਂ ਕੋਹਿਨੂਰ ਮਹਾਰਾਣੀ ਵਿਕਟੋਰੀਆ ਨੂੰ ਭੇਂਟ ਕਰ ਦਿੱਤਾ। ਇਹ ਹੁਣ ਪੱਕੇ ਤੌਰ ’ਤੇ ਟਾਵਰ ਆਫ ਲੰਡਨ ਅਜ਼ਾਇਬਘਰ ਵਿੱਚ ਪ੍ਰਦਰਸ਼ਿਤ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਇਸ ਹੀਰੇ ’ਤੇ ਦਾਅਵਾ ਕਰਦੇ ਹਨ, ਪਰ ਲੱਗਦਾ ਹੈ ਕਿ ਇਹ ਕਿਸੇ ਨੂੰ ਵੀ ਨਹੀਂ ਮਿਲਣਾ। ਕਿਉਂਕਿ ਇੰਗਲੈਂਡ ਮੁਤਾਬਿਕ ਇਹ ਲੁੱਟੀ ਹੋਈ ਵਸਤੂ ਨਹੀਂ ਹੈ, ਬਲਕਿ ਦਲੀਪ ਸਿੰਘ ਦੁਆਰਾ ਮਹਾਰਾਣੀ ਵਿਕਟੋਰੀਆ ਨੂੰ ਦਿੱਤਾ ਗਿਆ ਤੋਹਫਾ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ- ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ ਦੇ ਰੂਪ ਵਿੱਚ ਬਣਾਈ ਗਈ ਲੱਕੜ ਤੇ ਸੋਨੇ ਦੀ ਇਹ ਕੁਰਸੀ 1820 ਈਸਵੀ ਵਿੱਚ ਹਾਫਿਜ਼ ਮੁਹੰਮਦ ਮੁਲਤਾਨੀ ਨਾਮਕ ਕਾਰੀਗਰ ਵੱਲੋਂ ਤਿਆਰ ਕੀਤੀ ਗਈ ਸੀ। ਇਸ ਦਾ ਅਕਾਰ ਕਮਲ ਦੇ ਫੁੱਲ ਵਰਗਾ ਹੈ ਤੇ ਇਸ ’ਤੇ ਬਹੁਤ ਹੀ ਸ਼ਾਨਦਾਰ ਮੀਨਾਕਾਰੀ ਕੀਤੀ ਹੋਈ ਹੈ। ਇਸ ਨੂੰ ਵੀ ਈਸਟ ਇੰਡੀਆ ਕੰਪਨੀ 1849 ਈਸਵੀ ਵਿੱਚ ਇੰਗਲੈਂਡ ਲੈ ਗਈ ਸੀ ਤੇ ਹੁਣ ਇਹ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਵਿੱਚ ਪ੍ਰਦਰਸ਼ਿਤ ਹੈ।

ਟੀਪੂ ਸੁਲਤਾਨ ਦੀ ਤਲਵਾਰ ਅਤੇ ਚਾਬੀ ਵਾਲਾ ਟਾਈਗਰ- ਟੀਪੂ ਸੁਲਤਾਨ ਆਧੁਨਿਕ ਕਰਨਾਟਕ ਅਤੇ ਕੇਰਲਾ ਦਾ ਸੁਲਤਾਨ ਸੀ ਤੇ ਅੰਗਰੇਜ਼ਾਂ ਦਾ ਕੱਟੜ ਵਿਰੋਧੀ ਸੀ। ਉਸ ਨੇ ਈਸਟ ਇੰਡੀਆ ਕੰਪਨੀ ਦੇ ਖਿਲਾਫ ਕਈ ਸਫਲਤਾ ਪੂਰਵਕ ਯੁੱਧ ਕੀਤੇ ਪਰ 4 ਮਈ 1799 ਈਸਵੀ ਨੂੰ ਸ੍ਰੀਰੰਗਾਪਟਨਮ ਦੀ ਜੰਗ ਵਿੱਚ ਮਾਰਿਆ ਗਿਆ। ਉਸ ਦੀ ਕਈ ਜੰਗਾਂ ਯੁੱਧਾਂ ਵਿੱਚ ਵਰਤੀ ਗਈ ਪ੍ਰਸਿੱਧ ਤਲਵਾਰ ਅਤੇ ਚਾਬੀ ਨਾਲ ਚੱਲਣ ਵਾਲਾ ਟਾਈਗਰ ਬਾਕੀ ਖਜ਼ਾਨੇ ਦੇ ਨਾਲ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ਈਸਟ ਇੰਡੀਆ ਕੰਪਨੀ ਵੱਲੋਂ ਇਹ ਤਲਵਾਰ ਜੰਗ ਜਿੱਤਣ ਵਾਲੇ ਜਨਰਲ ਬੇਅਰਡ ਨੂੰ ਭੇਂਟ ਕਰ ਦਿੱਤੀ ਗਈ।

ਜਨਰਲ ਬੇਅਰਡ ਦੇ ਵਾਰਿਸਾਂ ਵੱਲੋਂ ਇਹ ਤਲਵਾਰ ਅਪਰੈਲ 2004 ਵਿੱਚ ਨੀਲਾਮ ਕਰ ਦਿੱਤੀ ਗਈ ਜਿਸ ਨੂੰ ਭਾਰਤ ਦੇ ਭਗੌੜੇ ਅਰਬਪਤੀ ਵਿਜੇ ਮਾਲਿਆ ਨੇ ਡੇਢ ਕਰੋੜ ਰੁਪਏ ਵਿੱਚ ਖਰੀਦ ਲਿਆ।
ਟੀਪੂ ਸੁਲਤਾਨ ਦਾ ਪ੍ਰਸਿੱਧ ਟਾਈਗਰ ਇੱਕ ਚਾਬੀ ਨਾਲ ਚੱਲਣ ਵਾਲਾ ਖਿਡੌਣਾ ਸੀ ਜਿਸ ਨੇ ਇੱਕ ਅੰਗਰੇਜ਼ ਸਿਪਾਹੀ ਦੀ ਗਰਦਨ ਆਪਣੇ ਮੂੰਹ ਵਿੱਚ ਦਬੋਚੀ ਹੋਈ ਹੈ। ਚਾਬੀ ਭਰਨ ’ਤੇ ਇਹ ਟਾਈਗਰ ਗੁਰਾਉਂਦਾ ਹੈ ਤੇ ਸਿਪਾਹੀ ਚੀਕਦਾ ਹੈ ਅਤੇ ਹੱਥ-ਪੈਰ ਮਾਰਦਾ ਹੈ। ਇਹ ਵੀ ਇਸ ਵੇਲੇ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਵਿੱਚ ਪ੍ਰਦਰਸ਼ਿਤ ਹੈ।

ਬਾਦਸ਼ਾਹ ਜਹਾਂਗੀਰ ਦਾ ਪਿਆਲਾ- ਜਹਾਂਗੀਰ ਖਾਣ-ਪੀਣ ਦਾ ਬਹੁਤ ਸ਼ੋਕੀਨ ਸੀ ਜਿਸ ਕਾਰਨ 1607 ਈਸਵੀ ਵਿੱਚ ਉਸ ਨੂੰ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਨੇ ਕਈ ਹੋਰ ਤੋਹਫਿਆਂ ਸਮੇਤ ਮਹਿੰਗੇ ਹਰੇ ਜੇਡ ਪੱਥਰ ਦਾ ਇਹ ਪਿਆਲਾ ਭੇਂਟ ਕੀਤਾ ਸੀ। ਇਸ ’ਤੇ ਲਿਖਿਆ ਹੋਇਆ ਹੈ ਕਿ ਇਹ ਪਿਆਲਾ ਬਾਦਸ਼ਾਹ ਜਹਾਂਗੀਰ ਲਈ ਤਿਆਰ ਕੀਤਾ ਗਿਆ ਹੈ ਤੇ ਇਸ ’ਤੇ ਫਾਰਸੀ ਵਿੱਚ ਸ਼ਾਇਰੀ ਵੀ ਉੱਕਰੀ ਹੋਈ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੱਚੀ ਮਾਰਾਮਾਰੀ ਦੌਰਾਨ ਇਹ ਪਿਆਲਾ ਕਿਸੇ ਤਰ੍ਹਾਂ ਡੱਚ (ਹਾਲੈਂਡ ਦੀ) ਈਸਟ ਇੰਡੀਆ ਕੰਪਨੀ ਦੇ ਇੱਕ ਅਧਿਕਾਰੀ ਨੇ ਚੋਰੀ ਕਰ ਲਿਆ ਤੇ ਅੱਜ-ਕੱਲ੍ਹ ਇਹ ਫਰਾਂਸ ਦੇ ਸੈਵਨ ਸਟਾਰ ਹੋਟਲ ਡੀ ਲਾ ਮੈਰੀਨ ਦੇ ਅਜਾਇਬਘਰ ਵਿੱਚ ਪ੍ਰਦਰਸ਼ਿਤ ਹੈ। ਇਸ ਹੋਟਲ ਦਾ ਮਾਲਕ ਕਤਰ ਦਾ ਸ਼ਾਹੀ ਪਰਿਵਾਰ ਹੈ।

ਸ਼ਾਹਜਹਾਂ ਦਾ ਤੀਰਅੰਦਾਜ਼ੀ ਵਾਲਾ ਛੱਲਾ- ਤੀਰ ਚਲਾਉਣ ਵੇਲੇ ਆਪਣੇ ਅੰਗੂਠੇ ਨੂੰ ਛਿੱਲੇ ਜਾਣ ਤੋਂ ਬਚਾਉਣ ਲਈ ਸ਼ਾਹ ਜਹਾਨ ਇਹ ਛੱਲਾ ਪਹਿਨਦਾ ਸੀ। ਕਰੀਬ ਚਾਰ ਤੋਲੇ (40 ਗ੍ਰਾਮ) ਦਾ ਇਹ ਛੱਲਾ 45 ਰੰਗ-ਬਿਰੰਗੇ ਬੇਸ਼ਕੀਮਤੀ ਹੀਰਿਆਂ ਨਾਲ ਮੜਿ੍ਹਆ ਹੋਇਆ ਹੈ। ਨਾਦਰ ਸ਼ਾਹ ਦੀ ਲੁੱਟ ਵੇਲੇ ਇਹ ਵੀ ਈਰਾਨ ਪਹੁੰਚ ਗਿਆ ਸੀ।

1741 ਈਸਵੀ ਵਿੱਚ ਰੂਸ ਨਾਲ ਈਰਾਨ ਦੀ ਹੋਈ ਸਰਹੱਦ ਸਬੰਧੀ ਇੱਕ ਸੰਧੀ ਦੌਰਾਨ ਤੋਹਫਿਆਂ ਦੇ ਆਦਾਨ-ਪ੍ਰਦਾਨ ਵੇਲੇ ਕੁਝ ਹੋਰ ਵਸਤੂਆਂ ਸਮੇਤ ਨਾਦਰ ਸ਼ਾਹ ਨੇ ਇਹ ਛੱਲਾ ਰੂਸ ਦੀ ਮਹਾਰਾਣੀ ਐਲਿਜ਼ਬੈਥ ਪੈਤਰੋਵਨਾ ਨੂੰ ਭੇਂਟ ਕਰ ਦਿੱਤਾ ਸੀ। ਅੱਜ ਕਲ੍ਹ ਇਹ ਸਟੇਟ ਹਰਮੀਟੇਜ਼ ਮਿਊਜ਼ੀਅਮ ਸੇਂਟ ਪੀਟਰਸਬਰਗ ਵਿਖੇ ਪ੍ਰਦਰਸ਼ਿਤ ਹੈ। ਸਮਰਾਟ ਰਜਿੰਦਰ ਚੋਲ ਦਾ ਹੁਕਮਨਾਮਾ- ਦੱਖਣੀ ਭਾਰਤ ਦੇ ਚੋਲ ਰਾਜਵੰਸ਼ ਦਾ ਮਹਾਨ ਸਮਰਾਟ ਰਜਿੰਦਰ ਚੋਲ (ਰਾਜ 1017 ਈਸਵੀ ਤੋਂ 1044 ਈਸਵੀ) ਇੱਕੋ-ਇੱਕ ਭਾਰਤੀ ਰਾਜਾ ਹੈ

ਜਿਸ ਨੇ ਭਾਰਤ ਦਾ ਰਾਜ ਸਮੁੰਦਰ ਤੋਂ ਪਾਰ ਸ੍ਰੀ ਲੰਕਾ, ਮਾਲਦੀਪ, ਮਲੇਸ਼ੀਆ, ਕੰਬੋਡੀਆ ਅਤੇ ਇੰਡੋਨੇਸ਼ੀਆ ਤੱਕ ਫੈਲਾਇਆ ਸੀ। ਉਸ ਵੱਲੋਂ ਆਪਣੇ ਪਿਤਾ ਰਾਜਰਾਜਾ ਮਹਾਨ ਦੀਆਂ ਜਿੱਤਾਂ ਤੇ ਆਪਣੀ ਵੰਸ਼ਾਵਲੀ ਬਾਰੇ ਜਾਰੀ ਕੀਤਾ ਗਿਆ ਹੁਕਮਨਾਮਾ ਇਸ ਵੇਲੇ ਹਾਲੈਂਡ ਦੀ ਲੀਡਨ ਯੂਨੀਵਰਸਿਟੀ ਦੇ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਹੈ। ਇਹ ਵੰਸ਼ਾਵਲੀ ਤਾਂਬੇ ਦੀਆਂ 21 ਪਲੇਟਾਂ ਉੱਪਰ ਉੱਕਰੀ ਹੋਈ ਹੈ ਤੇ ਕਰੀਬ 30 ਕਿੱਲੋ ਭਾਰੀ ਹੈ। ਇਹ 1703 ਈਸਵੀ ਵਿੱਚ ਇੱਕ ਇਸਾਈ ਧਰਮ ਗੁਰੂ ਵੱਲੋਂ ਹਾਲੈਂਡ ਦੇ ਰਾਜੇ ਨੂੰ ਭੇਂਟ ਕੀਤੀ ਗਈ ਸੀ। ਪਰ ਇਹ ਉਸ ਕੋਲ ਕਿਵੇਂ ਪਹੁੰਚੀ, ਇਸ ਸਬੰਧੀ ਪਤਾ ਨਹੀਂ ਲੱਗ ਸਕਿਆ।

ਉਪਰੋਕਤ ਵਸਤੂਆਂ ਤੋਂ ਇਲਾਵਾ ਕਈ ਹੋਰ ਅਨਮੋਲ ਚੀਜਾਂ ਜਿਵੇਂ ਸੁਲਤਾਨਗੰਜ (ਬਿਹਾਰ) ਅਤੇ ਅਮਰਾਵਤੀ (ਆਂਧਰਾਪ੍ਰਦੇਸ਼) ਤੋਂ ਮਿਲੀਆਂ ਮਹਾਤਮਾ ਬੁੱਧ ਦੀਆਂ ਸੰਗਮਰਮਰ ਦੀਆਂ ਮੂਰਤੀਆਂ ਤੇ ਗੋਆ ਤੋਂ ਮਿਲੀ ਈਸਾ ਮਸੀਹ ਦੀ ਹਾਥੀ ਦੰਦ ਦੀ ਮੂਰਤੀ (ਬਰਮਿੰਘਮ ਮਿਊਜ਼ੀਅਮ ਇੰਗਲੈਂਡ), ਛਤਰਪਤੀ ਸ਼ਿਵਾ ਜੀ, ਅਕਬਰ ਮਹਾਨ ਅਤੇ ਰਾਜਾ ਮਾਨ ਸਿੰਘ ਦੀਆਂ ਅਸਲੀ ਪੇਂਟਿੰਗਜ਼ (ਰਿਕਜ਼ ਮਿਊਜ਼ੀਅਮ ਐਮਸਟਰਡਮ ਹਾਲੈਂਡ) ਵਿਖੇ ਪ੍ਰਦਰਸ਼ਿਤ ਹਨ।

ਪੁਰਾਣੇ ਗੁਲਾਮ ਦੇਸ਼ਾਂ ਨੂੰ ਵੀ ਹੁਣ ਸਮਝ ਆ ਚੁੱਕੀ ਹੈ ਤੇ ਉਹ ਆਪਣੀ ਇਤਿਹਾਸਕ ਵਿਰਾਸਤ ਨੂੰ ਵਾਪਸ ਲੈਣ ਲਈ ਯਤਨਸ਼ੀਲ ਹਨ। ਪਿਛਲੇ ਕੁਝ ਸਾਲਾਂ ਵਿੱਚ ਭਾਰਤ (212 ਵਸਤੂਆਂ), ਨਾਈਜ਼ੀਰੀਆ, ਇੰਡੋਨੇਸ਼ੀਆ, ਤੁਰਕੀ, ਗੁਆਟੇਮਾਲਾ, ਸ੍ਰੀਲੰਕਾ, ਸੈਨੇਗਾਲ, ਨੇਪਾਲ, ਨਾਮੀਬੀਆ, ਯੂਕਰੇਨ, ਕੰਬੋਡੀਆ, ਈਥੋਪੀਆ ਅਤੇ ਥਾਈਲੈਂਡ ਆਦਿ ਆਪਣਾ ਕਾਫੀ ਸਾਰਾ ਬੇਸ਼ਕੀਮਤੀ ਖਜ਼ਾਨਾ ਸਾਬਕਾ ਬਸਤੀਵਾਦੀ ਦੇਸ਼ਾਂ ਤੋਂ ਵਾਪਸ ਹਾਸਲ ਕਰ ਚੁੱਕੇ ਹਨ। ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਉਪਰੋਕਤ ਤੋਂ ਇਲਾਵਾ ਹੋਰ ਵੀ ਇਤਿਹਾਸਕ ਵਸਤੂਆਂ ਬਸਤੀਵਾਦੀਆਂ ਤੋਂ ਵਾਪਸ ਲੈਣ ਲਈ ਯਤਨ ਕਰੇ।
ਪੰਡੋਰੀ ਸਿੱਧਵਾਂ
ਮੋ. 95011-00062

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ