ਜਵਾਨੀ ਨੂੰ ਹਥਿਆਰਾਂ ਨਹੀਂ, ਵਿਚਾਰਾਂ ਦੀ ਲੋੜ

ਜਵਾਨੀ ਨੂੰ ਹਥਿਆਰਾਂ ਨਹੀਂ, ਵਿਚਾਰਾਂ ਦੀ ਲੋੜ

ਨੌਜਵਾਨ ਪੀੜ੍ਹੀ ਇਸ ਸਮੇਂ ਜਿਨ੍ਹਾਂ ਹਾਲਾਤਾਂ ਵਿਚੋਂ ਦੀ ਲੰਘ ਰਹੀ ਹੈ, ਨੌਜਵਾਨਾਂ ਦੀ ਸੋਚ ਕਿਸ ਪਾਸੇ ਨੂੰ ਜਾ ਰਹੀ ਹੈ, ਇਸ ਦਾ ਸਬੂਤ ਆਏ ਦਿਨ ਨਸ਼ੇ ਅਤੇ ਗੋਲੀਆਂ ਚੱਲਣ ਨਾਲ ਹੋ ਰਹੀਆਂ ਮੌਤਾਂ ਹਨ। ਇਸ ਸਮੇਂ ਨੌਜਵਾਨ ਸਮਾਜ ਦੇ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਨੌਜਵਾਨਾਂ, ਜਿਨ੍ਹਾਂ ਵਿਚ ਖੇਡਾਂ ਵਿਚ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ, ਚੰਗੇ ਕੰਮ ਕਰਨ ਵਾਲੇ ਨਾ ਹੋ ਕੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਜਾਂ ਗੈਂਗਸਟਰਾਂ ਦੇ ਗਲਤ ਕੰਮਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਆਪਣਾ ਆਈਡਲ ਕਿਉਂ ਮੰਨ ਰਹੇ ਹਨ?

ਨੌਜਵਾਨ ਪੀੜ੍ਹੀ, ਜਿਹੜੀ ਕਿ ਗਲਤ ਰਸਤੇ ’ਤੇ ਪੈ ਗਈ ਹੈ, ਉਸ ਨੂੰ ਸਹੀ ਰਸਤੇ ’ਤੇ ਪਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ, ਜੇਕਰ ਕੰਮ ਨਾ ਹੋਇਆ ਤਾਂ ਹਾਲਾਤ ਕਾਬੂ ਤੋਂ ਬਾਹਰ ਤਾਂ ਹੋ ਹੀ ਰਹੇ ਹਨ ਫਿਰ ਕੁਝ ਕੀਤਾ ਨਹੀਂ ਜਾ ਸਕਦਾ। ਇਸ ਲਈ ਸਰਕਾਰਾਂ, ਪ੍ਰਸ਼ਾਸਨ, ਮਾਪਿਆਂ, ਯਾਰਾਂ, ਦੋਸਤਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।

ਕੀ ਹੋਣੀ ਚਾਹੀਦੀ ਹੈ ਸਰਕਾਰਾਂ ਦੀ ਭੂਮਿਕਾ?

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਰਕਾਰਾਂ ਕੀ ਕਰ ਰਹੀਆਂ ਹਨ ਅਤੇ ਹੋਰ ਕਿਹੜੇ ਯਤਨਾਂ ਦੀ ਹੋਰ ਲੋੜ ਹੈ। ਕਹਿਣ ਨੂੰ ਤਾਂ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਜਾਂ ਸੂਬਿਆਂ ਦੀਆਂ ਹੋਣ ਅਕਸਰ ਇਹੋ-ਜਿਹੇ ਬਿਆਨ ਦਿੰਦੀਆਂ ਹਨ ਕਿ ਉਹ ਨੌਜਵਾਨ ਪੀੜ੍ਹੀ ਲਈ ਯਤਨਸ਼ੀਲ ਹਨ ਪਰੰਤੂ ਸਕੀਮਾਂ ਸਿਰਫ ਲਾਂਚ ਹੀ ਹੁੰਦੀਆਂ ਹਨ ਪਰੰਤੂ ਉਨ੍ਹਾਂ ’ਤੇ ਪੂਰਨ ਤੌਰ ’ਤੇ ਕੰਮ ਨਹੀਂ ਹੁੰਦਾ।

ਚਾਹੇ ਉਹ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡਾਂ ਦੀਆਂ ਕਿੱਟਾਂ, ਗਰਾਊਂਡ ਮੁਹੱਈਆ ਕਰਵਾਉਣ ਦੀ ਗੱਲ ਹੋਵੇ, ਨੌਜਵਾਨਾਂ ਨੂੰ ਆਪਣਾ ਕੰਮ ਖੋਲ੍ਹਣ ਲਈ ਲੋਨ ਮੁਹੱਈਆ ਕਰਵਾਉਣ ਦੀਆਂ ਸਕੀਮਾਂ ਹੋਣ, ਬੱਚਿਆਂ ਨੂੰ ਪੜ੍ਹਾਈ ਸਮੇਤ ਹੋਰ ਸਕੀਮਾਂ ਜਾਂ ਜਾਣਕਾਰੀਆਂ ਨੌਜਵਾਨਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚਦੀਆਂ। ਜੇਕਰ ਕੋਈ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਦੀ ਗੱਲ ਕਰਦਾ ਹੈ ਤਾਂ ਜਰੂਰਤਮੰਦਾਂ ਨੂੰ ਸਕੀਮਾਂ ਦਾ ਲਾਭ ਨਾ ਦੇ ਕੇ ਸਿਫਾਰਿਸ਼ਾਂ ਵਾਲੇ ਇਸ ਦਾ ਲਾਭ ਲੈ ਜਾਂਦੇ ਹਨ। ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕਾਗਜ਼ੀ-ਪੱਤਰੀ ਕੰਮ ਪੂਰਾ ਕਰ ਲਿਆ ਜਾਂਦਾ ਹੈ ਪਰੰਤੂ ਉਸ ’ਤੇ ਪੂਰੀ ਨਜ਼ਰ ਨਹੀਂ ਰੱਖੀ ਜਾਂਦੀ।

ਇਹ ਨਹੀਂ ਹੈ ਕਿ ਸਰਕਾਰਾਂ ਫੰਡ ਨਹੀਂ ਭੇਜਦੀਆਂ ਪਰੰਤੂ ਜਿੱਥੇ ਫੰਡਾਂ ਦੀ ਵਰਤੋਂ ਹੋਣੀ ਚਾਹੀਦੀ ਹੈ ਉੁਥੇ ਹੁੰਦੀ ਨਹੀਂ। ਇਸ ਲਈ ਰਾਜਨੀਤੀ ਨੂੰ ਛੱਡ ਕੇ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਹੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿਖਾਈ ਜਾ ਸਕਦੀ ਹੈ। ਸਰਕਾਰ ਨੂੰ ਇੱਕ ਹੋਰ ਅਹਿਮ ਕੰਮ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਉਹ ਹੈ ਸੋਸ਼ਲ ਮੀਡੀਆ ਦੇ ਹਥਿਆਰਾਂ ਤੇ ਹੋਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾ ਰਹੇ ਦੁਰਪ੍ਰਯੋਗ ’ਤੇ ਪੂਰੀ ਤਰ੍ਹਾਂ ਰੋਕ ਲਾਉਣੀ ਬਹੁਤ ਜਰੂਰੀ ਹੈ।

ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਤੇ ਨੌਜਵਾਨਾਂ ਉੱਪਰ ਸਖ਼ਤ ਨਿਗ੍ਹਾ ਰੱਖਦੇ ਹੋਏ ਸਖ਼ਤ ਰੂਪ ਅਖਤਿਆਰ ਕਰਨਾ ਹੋਵੇਗਾ ਗੱਲਾਂ ਨਾਲ ਨਹੀਂ। ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਅਸ਼ਲੀਲ ਸਾਈਟਾਂ ’ਤੇ ਪਾਬੰਦੀ ਜਰੂਰ ਲਾਈ ਗਈ ਹੈ ਪਰੰਤੂ ਫਿਰ ਵੀ ਖੁੱਲ੍ਹੇਆਮ ਸਾਈਟਾਂ ਚੱਲਦੀਆਂ ਹਨ। ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਹੋਰਨਾਂ ਸੋਸ਼ਲ ਸਾਈਟਾਂ ’ਤੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਫਸਾ ਲਿਆ ਜਾਂਦਾ ਹੈ ਫਿਰ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।

ਪਰਿਵਾਰ ਕਿਵੇਂ ਦੇਣ ਆਪਣਾ ਯੋਗਦਾਨ?

ਜਦੋਂ ਵੀ ਕੋਈ ਨੌਜਵਾਨ ਕੁੜੀ ਜਾਂ ਮੁੰਡਾ ਭਟਕ ਜਾਂਦਾ ਹੈ ਤਾਂ ਉਸਨੂੰ ਇੱਕ ਸਹਾਰੇ ਦੀ ਲੋੜ ਹੁੰਦੀ ਹੈ। ਉਸ ਦੇ ਸਭ ਤੋਂ ਕਰੀਬੀ ਉਸਦੇ ਪਰਿਵਾਰਕ ਮੈਂਬਰ, ਜਿਸ ਵਿਚ ਮਾਤਾ-ਪਿਤਾ, ਭੈਣ-ਭਰਾ, ਭਰਜਾਈਆਂ ਆਦਿ ਸਮੇਤ ਹੋਰ ਰਿਸ਼ਤੇਦਾਰ ਸ਼ਾਮਲ ਹਨ, ਜੋ ਬਚਪਨ ਤੋਂ ਲੈ ਕੇ ਜਵਾਨੀ ਤੱਕ ਇਕ ਸਾਏ ਦੀ ਤਰ੍ਹਾਂ ਨਾਲ ਹੋ ਕੇ ਉਸਦੇ ਬਾਰੇ ਜਾਣਦੇ ਹੁੰਦੇ ਹਨ। ਨੌਜਵਾਨਾਂ ਮੁੰਡਾ ਜਾਂ ਕੁੜੀ ਆਪਣੇ ਸਹੀ ਰਸਤੇ ਤੋਂ ਗਲਤ ਦਿਸ਼ਾ ਵੱਲ ਨੂੰ ਭਟਕ ਕੇ ਹੋਰ ਪਾਸੇ ਨੂੰ ਚੱਲ ਪਏ ਹਨ, ਇਸ ਦੀ ਸੂਚਨਾ ਪਹਿਲਾਂ ਬੱਚਿਆਂ ਦੇ ਮਾਤਾ ਤੇ ਪਿਤਾ ਨੂੰ ਹੁੰਦੀ ਹੈ।

ਉਸ ਵੇਲੇ ਉਨ੍ਹਾਂ ਦਾ ਕੀ ਫਰਜ਼ ਬਣਦਾ ਹੈ ਕਿ ਉਸਨੂੰ ਪਿਆਰ ਨਾਲ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬੱਚਿਆਂ ਨੂੰ ਸਮਾਂ ਦਿੱਤਾ ਜਾਵੇ। ਅੱਜ-ਕੱਲ੍ਹ ਹੋ ਕੀ ਰਿਹਾ ਹੈ ਮਾਤਾ-ਪਿਤਾ ਦੋਵੇਂ ਹੀ ਕੰਮ ਕਰਦੇ ਹਨ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ। ਇਹ ਸਹੀ ਹੈ ਕਿ ਅੱਜ-ਕੱਲ੍ਹ ਮਹਿੰਗਾਈ ਦੇ ਇਸ ਯੁੱਗ ਵਿਚ ਨਹੀਂ ਸਰਦਾ ਪਰੰਤੂ ਜੇਕਰ ਜਿਨ੍ਹਾਂ ਵਾਸਤੇ ਕੀਤਾ ਜਾ ਰਿਹਾ ਹੈ ਉਹੀ ਵਿਗੜ ਗਏ ਜਾਂ ਆਪੇ ਤੋਂ ਬਾਹਰ ਹੋ ਗਏ ਫਿਰ ਉਸ ਕਮਾਈ ਦਾ ਵੀ ਕੀ ਲਾਭ। ਇਸ ਲਈ ਮਾਤਾ-ਪਿਤਾ ਨੂੰ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ।

ਦੂਸਰੀ ਗਲਤੀ ਜੋ ਮਾਤਾ-ਪਿਤਾ ਵੱਲੋਂ ਜਾਂ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਉਹ ਹੈ ਕਿ ਨੌਜਵਾਨਾਂ ਨੂੰ ਸਮਝਾਉਣ ਲਈ ਕੁੱਟ-ਮਾਰ ਕੀਤੀ ਜਾਂਦੀ ਹੈ, ਜੋ ਕਿ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ ਸਗੋਂ ਇਸ ਦੇ ਨਾਲ ਨੌਜਵਾਨ ਹੋਰ ਅੱਗੇ ਗਲਤ ਰਸਤੇ ’ਤੇ ਤੇਜ਼ੀ ਨਾਲ ਜਾਂਦਾ ਹੈ ਫਿਰ ਉਹ ਆਪੇ ਤੋਂ ਬਾਹਰ ਹੋ ਕੇ ਖੁਦਕੁਸ਼ੀ ਜਾਂ ਕਤਲ ਤੱਕ ਪਹੁੰਚ ਜਾਂਦਾ ਹੈ। ਇਸ ਦੇ ਨਾਲ ਹੀ ਭਰਾਵਾਂ ਤੇ ਘਰ ਦੇ ਹੋਰ ਮੈਂਬਰਾਂ ਨੂੰ ਵੀ ਇਸ ਗੱਲ ਬਹੁਤ ਖਾਸ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਅਕਸਰ ਇੱਕ ਗੀਤ ਬਹੁਤ ਚੱਲਦਾ ਹੈ ਕਿ ਭਾਈ ਮਾਰਦੇ ਭਾਈ ਹੀ ਗਲ ਲਾਉਂਦੇ ਕੁੱਲ ਚੀਜ਼ ਮੁੱਲ ਵਿਕਦੀ…। ਇਸ ਲਈ ਪਰਿਵਾਰ ਨੂੰ ਗੁਣਾਂ ਦੀ ਮੁੱਢਲੀ ਇਕਾਈ ਮੰਨਿਆ ਜਾਂਦਾ ਹੈ
ਚਿੱਪੜਾ, ਹੁਸ਼ਿਆਰਪੁਰ।
ਮੋ. 78148-00439
ਮਨਪ੍ਰੀਤ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ