ਬਹੁਤੀਆਂ ਸਰਪੰਚ ਔਰਤਾਂ ਦੇ ਪਤੀ ਹੀ ਕਰਦੇ ਨੇ ਅਸਲ ਸਰਪੰਚੀ

Women Sarpanch

ਪੰਜਾਬੀ ਯੂਨੀਵਰਸਿਟੀ ਦੀ ਖੋਜ ’ਚ ਆਇਆ ਸਾਹਮਣੇ, ਕਾਨੂੰਨ ਦੀ ਭਾਸ਼ਾ ਵਿਚਲਾ ਮੁਹਾਵਰਾ ਹੈ ਮਰਦ ਪੱਖੀ | Women Sarpanch

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤ ਦੇ ਪਿੰਡਾਂ ਵਿਚਲੀਆਂ ਸਰਪੰਚ ਔਰਤਾਂ (Women Sarpanch) ਦੇ ਪਤੀ ਹੀ ਅਸਲ ਵਿੱਚ ਸਰਪੰਚ ਹੁੰਦੇ ਹਨ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਮਰਦ ਦੇ ਮੁਕਾਬਲੇ ਹਾਲੇ ਵੀ ਕਮਜ਼ੋਰ ਹੈ ਹਰ ਥਾਂ ਔਰਤਾਂ ਨੂੰ ਸਮਾਜਿਕ, ਆਰਥਿਕ ਅਤੇ ਕਾਨੂੰਨੀ ਤੌਰ ’ਤੇ ਦੂਜਾ ਦਰਜਾ ਦਿੱਤਾ ਜਾਂਦਾ ਹੈ ਅਤੇ ਦੂਜੇ ਲਿੰਗ ਵਜੋਂ ਦੇਖਿਆ ਜਾਂਦਾ ਹੈ ਪਿੰਡਾਂ ਦੀਆਂ ਸਰਪੰਚ ਜਾਂ ਫਿਰ ਸ਼ਹਿਰਾਂ ਵਿੱਚ ਕੌਂਸਲਰ ਆਦਿ ਅਹੁਦਿਆਂ ’ਤੇ ਬਿਰਾਜਮਾਨ ਔਰਤਾਂ ਦੀ ਬਹੁਤੀ ਤਾਕਤ ਹਾਲੇ ਵੀ ਉਹ ਖੁਦ ਨਹੀਂ ਵਰਤ ਪਾਉਦੀਆਂ ਬਲਕਿ ਉਨ੍ਹਾਂ ਦੇ ਪਤੀ ਹੀ ਅਸਲ ਵਿੱਚ ਇਹ ਤਾਕਤ ਵਰਤਦੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵੱਲੋਂ ਮੈਕਕਿਨਨ ਦੇ ਦਬਦਬਾ ਦਿ੍ਰਸ਼ਟੀਕੋਣ ਦੇ ਸਿਧਾਂਤ ਦੇ ਵਿਸ਼ੇਸ਼ ਸੰਦਰਭ ਦੇ ਨਾਲ ਸਮਕਾਲੀ ਭਾਰਤ ਵਿੱਚ ਨਾਰੀਵਾਦੀ ਨਿਆਂ ਸ਼ਾਸਤਰ ਦੇ ਕੱਟੜਪੰਥੀ ਸਕੂਲ ਦਾ ਅਧਿਐਨ ਨਾਮਕ ਇੱਕ ਖੋਜ ਵਿੱਚ ਅਜਿਹੇ ਤੱਥ ਸਾਹਮਣੇ ਆਏ ਹਨ ਨਿਗਰਾਨ ਪ੍ਰੋ. ਵਰਿੰਦਰ ਕੌਸ਼ਿਕ ਅਧੀਨ ਖੋਜਾਰਥੀ ਮਨਪ੍ਰੀਤ ਕੌਰ ਵੱਲੋਂ ਕੀਤੀ ਇਸ ਖੋਜ ਵਿੱਚ ਸਾਹਮਣੇ ਆਇਆ ਕਿ ਔਰਤਾਂ ਨੂੰ ਕਾਨੂੰਨ ਵੱਲੋਂ ਦਿੱਤੀ ਗਈ ਬਰਾਬਰੀ ਵਾਲੀ ਸਥਿਤੀ ਹਾਲੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੈ।

ਟਕਾਨੂੰਨ ਵਿਭਾਗ ਵੱਲੋਂ ਅਮਰੀਕੀ ਨਾਰੀਵਾਦੀ ਕੈਥਰੀਨ ਦੀਆਂ ਧਾਰਨਾਵਾਂ ਉੱਤੇ ਅਧਾਰਿਤ ਕੀਤੀ ਖੋਜ | Women Sarpanch

ਖੋਜਾਰਥੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਔਰਤ ਦੀ ਸਮਾਜ ਵਿੱਚ ਬਰਾਬਰੀ ਵਾਲ਼ੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਭਾਵੇਂ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਕਾਨੂੰਨ ਉਪਲੱਬਧ ਹਨ ਪਰ ਸਮਾਜ ਦੀ ਅਸਲ ਸਥਿਤੀ ਵਿੱਚ ਹਾਲੇ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਦਰਅਸਲ ਇਹ ਖੋਜ ਅਮਰੀਕਾ ਵਿੱਚ ਕੈਥਰੀਨ ਮੈਕਿਨਨ ਵੱਲੋਂ ਚਲਾਈ ਗਈ ਇੱਕ ਨਾਰੀਵਾਦੀ ਮੁਹਿੰਮ ਦੇ ਬਿਰਤਾਂਤ ’ਤੇ ਅਧਾਰਿਤ ਹੈ ਕੈਥਰੀਨ ਦੇ ਨਾਰੀਵਾਦੀ ਸਕੂਲ ਨੇ ਪਹਿਲੀ ਵਾਰ ਅਮਰੀਕਾ ਵਿੱਚ ਕਾਨੂੰਨ ਦੀ ਭਾਸ਼ਾ ਅਤੇ ਸਥਾਪਤੀ ਦੇ ਹੋਰ ਮਾਧਿਅਮਾਂ ਦੀ ਭਾਸ਼ਾ ’ਤੇ ਸੁਆਲ ਉਠਾਉਦਿਆਂ ਕਿਹਾ ਸੀ ਕਿ ਇਹ ਭਾਸ਼ਾ ਮਰਦ ਦੀ ਪ੍ਰਭੂਸੱਤਾ ਨੂੰ ਦਰਸਾਉਣ ਵਾਲੀ ਨਹੀਂ ਹੋਣੀ ਚਾਹੀਦੀ ਬਲਕਿ ਇਹ ਭਾਸ਼ਾ ਲਿੰਗਕ ਪੱਖੋਂ ਨਿਰਪੱਖਤਾ ਵਾਲ਼ੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਦੋਂ ਕਈ-ਕਈ ਕਿਲੋਮੀਟਰ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ

ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੋਜ ਅਧਿਐਨ ਰਾਹੀਂ ਕੈਥਰੀਨ ਦੇ ਇਸੇ ਸਿਧਾਂਤ ਨੂੰ ਵਿਆਖਿਆ ਦਿੱਤੀ ਅਤੇ ਭਾਰਤ ਦੀ ਮੌਜ਼ੂਦਾ ਸਥਿਤੀ ਵਿੱਚ ਇਸ ਨੂੰ ਲਾਗੂ ਕਰਕੇ ਸਿੱਟੇ ਕੱਢੇ ਖੋਜ ਵਿਧੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਖੋਜ-ਕਾਰਜ ਅਧੀਨ ਪੰਜਾਬ ਰਾਜ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਮਰਦ ਪ੍ਰਧਾਨਤਾ, ਪਿੱਤਰਸੱਤਾ ਆਦਿ ਸਮੱਸਿਆਵਾਂ ’ਤੇ ਅਨੁਭਵੀ ਅਧਿਐਨ ਕੀਤਾ ਗਿਆ ਹੈ ਇਸ ਨੂੰ ਛੇ ਭਾਗਾਂ ਵਿੱਚ ਵੰਡ ਕੇ ਕੁੱਲ 306 ਪ੍ਰਸ਼ਨਾਵਲੀਆਂ ਨੂੰ ਵੱਖ-ਵੱਖ ਵਰਗਾਂ ਨਾਲ਼ ਸਬੰਧਿਤ ਉੱਤਰਦਾਤਾਵਾਂ ਵੱਲੋਂ ਭਰਵਾਇਆ ਗਿਆ।

ਭਾਰਤੀ ਸਮਾਜ ’ਚੋਂ ਅਜਿਹੀ ਸਮੱਸਿਆ ਖਤਮ ਕੀਤੀ ਜਾਵੇ : ਵਾਈਸ ਚਾਂਸਲਰ

ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੀ ਲੋੜ ਹੈ ਕਿ ਇਹ ਭਾਰਤੀ ਸਮਾਜ ਵਿੱਚੋਂ ਇਸ ਸਮੱਸਿਆ ਨੂੰ ਖ਼ਤਮ ਕੀਤਾ ਜਾਵੇ ਅਜਿਹਾ ਹੋਣ ਨਾਲ਼ ਹੀ ਇੱਕ ਅਗਾਂਹਵਧੂ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਇਸ ਮਕਸਦ ਹਿੱਤ ਯੂਨੀਵਰਸਿਟੀਆਂ ਜਿਹੇ ਖੋਜ ਖੇਤਰ ਦੇ ਅਦਾਰਿਆਂ ਨੂੰ ਅਜਿਹੇ ਖੋਜ ਕਾਰਜ ਸਾਹਮਣੇ ਲਿਆਉਣੇ ਚਾਹੀਦੇ ਹਨ ਜੋ ਖੋਜ ਉਪਰੰਤ ਤੱਥਾਂ ਦੇ ਅਧਾਰ ਉੱਤੇ ਸਮਾਜ ਦੀ ਸਹੀ ਤਸਵੀਰ ਪੇਸ਼ ਕਰ ਸਕਣ।

ਔਰਤਾਂ ਦੀ ਸਥਿਤੀ ’ਚ ਸੁਧਾਰ, ਪਰ ਅਜੇ ਬਹੁਤ ਕੁਝ ਕਰਨ ਦੀ ਲੋੜ : ਡਾ. ਕੌਸ਼ਿਕ

ਨਿਗਰਾਨ ਡਾ. ਵਰਿੰਦਰ ਕੌਸ਼ਿਕ ਨੇ ਦੱਸਿਆ ਕਿ ਮਹਿਲਾ ਸੰਗਠਨਾਂ ਅਤੇ ਨਾਰੀਵਾਦੀਆਂ ਆਦਿ ਦੇ ਯਤਨਾਂ ਨਾਲ ਭਾਰਤੀ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਉਨ੍ਹਾਂ ਦੱਸਿਆ ਕਿ ਜਿਵੇਂ ਧਾਰਾ 375, ਭਾਰਤੀ ਦੰਡਾਵਲੀ, 1860 ਤਹਿਤ ਔਰਤਾਂ ਨੂੰ ਜੀਵ-ਵਿਗਿਆਨਕ ਤੌਰ ’ਤੇ ਪੁਰਸ਼ਾਂ ਨਾਲੋਂ ਵੱਖਰਾ ਪਰਿਭਾਸ਼ਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਈ ਔਰਤ -ਮੁਖੀ ਫੈਸਲਿਆਂ ਦੀ ਮਹੱਤਤਾ ਨੂੰ ਵਿਧਾਨ ਪਾਲਿਕਾ ਵੱਲੋਂ ਸੀਮਿਤ ਕਰ ਦਿੱਤਾ ਗਿਆ ਹੈ ਉਦਾਹਰਨ ਵਜੋਂ ਮੁਹੰਮਦ ਅਹਿਮਦ ਖਾਨ ਬਨਾਮ ਸ਼ਾਹ ਬਾਨੋ ਬੇਗਾਮ (1985) ਦੇ ਨਿਰਣੇ ਦੀ ਮਹੱਤਤਾ ਨੂੰ ਮੁਸਲਿਮ ਔਰਤਾਂ ਦੇ ਤਲਾਕ ਦੇ ਅਧਿਕਾਰਾਂ ਦੀ ਸੁਰੱਖਿਆ 1986 ਪਾਸ ਕਰਕੇ ਘਟਾ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਔਰਤਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਧਿਰਾਂ ਨੂੰ ਪੁਰਸ਼ਾਂ ਦੇ ਦਬਦਬੇ ਦੀ ਪਛਾਣ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।