ਗਿਆਸਪੁਰਾ ’ਚ ਜ਼ਹਿਰੀਲਾ ਧੂੰਆਂ ਫੈਲਣ ਨਾਲ ਕਈ ਲੋਕਾਂ ਦੀ ਹਾਲਤ ਵਿਗੜੀ

ਕੂੜੇ ਨੂੰ ਅੱਗ ਲੱਗਣ ਕਾਰਨ ਸੁਆਹ ਹੋਇਆ ਕੂੜਾ।

ਅੱਖਾਂ ਚ ਜਲਨ ਦੇ ਨਾਲ ਨਾਲ ਸਾਹ ਲੈਣ ਵਿੱਚ ਆਈ ਦਿੱਕਤ | Toxic Smoke

ਲੁਧਿਆਣਾ , (ਰਘਬੀਰ ਸਿੰਘ)। ਪਹਿਲਾਂ ਗਿਆਸਪੁਰਾ ’ਚ ਸੀਵਰੇਜ (Toxic Smoke) ’ਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਵਿਅਕਤੀਆਂ ਦੀ ਮੌਤ ਤੋਂ ਸ਼ਾਇਦ ਪ੍ਰਸ਼ਾਸਨ ਨੇ ਸਬਕ ਨਹੀਂ ਸਿੱਖਿਆ। ਅੱਜ ਫਿਰ ਗਿਆਸਪੁਰਾ ਵਿੱਚ ਕੂੜਾ ਡੰਪ ’ਚ ਲੱਗੀ ਅੱਗ ਤੋਂ ਅਚਾਨਕ ਜ਼ਹਿਰੀਲਾ ਧੂੰਆਂ ਨਿਕਲਣ ਲੱਗਾ। ਜਿਸ ਕਾਰਨ ਆਸ-ਪਾਸ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਦੀ ਸਿਹਤ ਵਿਗੜਨ ਲੱਗੀ ਹੈ। ਦੇਰ ਰਾਤ ਲੱਗੀ ਇਸ ਅੱਗ ’ਚ ਕਈ ਲੋਕਾਂ ਦੀ ਹਾਲਤ ਖਰਾਬ ਹੋ ਗਈ, ਜਿਸ ਕਾਰਨ ਲੋਕ ਮੂੰਹ ’ਤੇ ਕੱਪੜੇ ਪਾ ਕੇ ਘਰਾਂ ’ਚੋਂ ਬਾਹਰ ਆ ਗਏ

ਇਹ ਵੀ ਪੜ੍ਹੋ : ਪੰਜਾਬ ’ਚ ਵਧਣ ਲੱਗੀ ਗਰਮੀ, ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚਿਆ

ਸਭ ਤੋਂ ਪਹਿਲਾਂ ਲੋਕਾਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕੁਝ ਲੋਕ ਬੇਹੋਸ਼ੀ ਦੀ ਹਾਲਤ ’ਚ ਪਹੁੰਚ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ। ਲੋਕਾਂ ਦਾ ਦੋਸ਼ ਹੈ ਕਿ ਸੂਚਨਾ ਮਿਲਣ ’ਤੇ ਫਾਇਰ ਬਿ੍ਰਗੇਡ ਕਈ ਘੰਟੇ ਦੇਰੀ ਨਾਲ ਮੌਕੇ ’ਤੇ ਪਹੁੰਚੀ। ਇਲਾਕੇ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਉਹ ਡਾਬਾ-ਗਿਆਸਪੁਰਾ ਸਥਿਤ ਸਰਕਾਰੀ ਫਲੈਟ ਵਿੱਚ ਰਹਿੰਦੇ ਹਨ। ਫਲੈਟਾਂ ਦੇ ਪਿੱਛੇ ਸਰਕਾਰੀ ਥਾਂ ’ਤੇ ਕੂੜਾ ਡੰਪ ਹੈ, ਜਿੱਥੇ ਰੋਜਾਨਾ ਟਨਾਂ ਕੂੜਾ ਸੁੱਟਿਆ ਜਾਂਦਾ ਹੈ। ਕੁਝ ਲੋਕ ਕੂੜੇ ਨੂੰ ਅੱਗ ਲਗਾ ਦਿੰਦੇ ਹਨ, ਜਿਸ ਕਾਰਨ ਉੱਥੋਂ ਅਕਸਰ ਧੂੰਆਂ ਨਿਕਲਦਾ ਹੈ, ਪਰ ਉਨ੍ਹਾਂ ਦਾ ਕਦੇ ਨੁਕਸਾਨ ਨਹੀਂ ਹੋਇਆ। ਪਰ ਇਸ ਵਾਰ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਕੂੜੇ ਨੂੰ ਅੱਗ ਲਗਾ ਦਿੱਤੀ । ਕੂੜੇ ਤੋਂ ਨਿਕਲਦਾ ਧੂੰਆਂ ਉਥੇ ਮੌਜ਼ੂਦ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ, ਜੋ ਇੰਨਾ ਜ਼ਹਿਰੀਲਾ ਸੀ ਕਿ ਘਰਾਂ ਦੇ ਅੰਦਰ ਬੈਠੇ ਲੋਕਾਂ ਦਾ ਦਮ ਘੁੱਟਣ ਲੱਗਾ। ਕਈ ਲੋਕਾਂ ਦੀ ਸਿਹਤ ਵਿਗੜ ਗਈ ਸੀ। ਇਲਾਕੇ ਵਿੱਚ ਹਾਹਾਕਾਰ ਮੱਚ ਗਈ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਫਾਇਰ ਬਿ੍ਰਗੇਡ ਘੰਟੇ ਲੇਟ ਪੁੱਜੀੇ

ਧੂੰਏਂ ਨਾਲ ਵਿਗੜੀ ਤਬੀਅਤ ਕਾਰਨ ਬੇਹੋਸ਼ ਹੋਇਆ ਵਿਅਕਤੀ ਅਤੇ ਮੂੰਹ ’ਤੇ ਕੱਪੜਾ ਬੰਨੀ ਲੋਕ ਘਰਾਂ ’ਚੋਂ ਬਾਹਰ ਜਾਂਦੇ ਹੋਏ

ਉਦੋਂ ਤੱਕ ਪੂਰੇ ਇਲਾਕੇ ਦੇ ਲੋਕ ਮੂੰਹ ’ਤੇ ਰੁਮਾਲ ਜਾਂ ਕੱਪੜੇ ਬੰਨ੍ਹ ਕੇ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨ ’ਚ ਆ ਚੁੱਕੇ ਸਨ। ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਮਾਰਨ ’ਤੇ ਤੁਲੇ ਹੋਏ ਹਨ। ਉਹ ਕਈ ਵਾਰ ਕਹਿ ਚੁੱਕੇ ਹਨ ਕਿ ਇਸ ਕੂੜਾ ਡੰਪ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਸ਼ਿਫਟ ਕੀਤਾ ਜਾਵੇ। ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ ਉਨ੍ਹਾਂ ਦੱਸਿਆ ਕਿ ਇਸ ਕੂੜੇ ਦੇ ਡੰਪ ਬਾਰੇ ਨਗਰ ਨਿਗਮ ਅਤੇ ਹਲਕਾ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਕਹਿ ਚੁੱਕੇ ਹਨ ਪਰ ਅਜੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਬਾਰੇ ਫੋਨ ’ਤੇ ਜਦੋਂ ਵਿਧਾਇਕ ਛੀਨਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀਏ ਨੇ ਦੱਸਿਆ ਕਿ ਉਹ ਇਥੋਂ ਕਈ ਵਾਰ ਕੂੜਾ ਚੁਕਵਾ ਚੁੱਕੇ ਹਨ ਪਰ ਲੋਕ ਚੋਰੀ ਛੁਪੇ ਕੂੜਾ ਸੁੱਟ ਦਿੰਦੇ ਹਨ ਅਤੇ ਸ਼ਰਾਰਤੀ ਅਨਸਰ ਇਸ ਨੂੰ ਅੱਗ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਇਸ ਜਗ੍ਹਾ ’ਤੇ ਪਾਰਕ ਬਣਾਉਣ ਦੀ ਤਜਵੀਜ਼ ਚੱਲ ਰਹੀ ਹੈ। ਇਸ ਬਾਰੇ ਸਵੇਰੇ ਨਗਰ ਨਿਗਮ ਦਾ ਕੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।