ਹੈਰੋਇਨ ਦੀ ਵਧ ਰਹੀ ਤਸਕਰੀ ਚਿੰਤਾਜਨਕ

ਹੈਰੋਇਨ ਦੀ ਵਧ ਰਹੀ ਤਸਕਰੀ ਚਿੰਤਾਜਨਕ

ਪੰਜਾਬ ਪੁਲਿਸ ਨੇ ਬੀਤੇ ਦਿਨ ਦੋ ਵਿਅਕਤੀਆਂ ਤੋਂ 100 ਕਰੋੜ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ ਕੁਝ ਦਿਨ ਪਹਿਲਾਂ ਵੀ ਇੱਕ ਟੈਕਸੀ ਡਰਾਇਵਰ ਤੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਕੋਈ ਵਿਰਲਾ ਦਿਨ ਹੋਵੇਗਾ ਜਦੋਂ ਹੈਰੋਇਨ ਦੀ ਬਰਾਮਦਗੀ ਦੀ ਖਬਰ ਨਾ ਹੋਵੇ ਇਹ ਬੇਹੱਦ ਚਿੰਤਾਜਨਕ ਹੈ ਕਿਉਂਕਿ ਇਹ ਸਿਰਫ ਨਸ਼ਾ ਤਸਕਰੀ ਦਾ ਹੀ ਮਾਮਲਾ ਨਹੀਂ ਸਗੋਂ ਪਿਛਲੇ ਸਮੇਂ ’ਚ ਅੱਤਵਾਦੀਆਂ ਤੇ ਨਸ਼ਾ ਤਸਕਰੀ ਦਾ ਗਠਜੋੜ ਵੀ ਰਹਿ ਚੁੱਕਾ ਹੈ ਅੱਤਵਾਦ ਲਈ ਪੈਸਾ ਹਾਸਲ ਕਰਨ ਵਾਸਤੇ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਰਹੀ ਹੈ ਅਰਬਾਂ ਰੁਪਏ ਦੀ ਹੈਰੋਇਨ ਵੇਚੀ ਜਾਂਦੀ ਹੈ ਭਾਰਤ ਖਾਸਕਰ ਪੰਜਾਬ ਰਾਹੀਂ ਇਸ ਦੀ ਤਸਕਰੀ ਹੋ ਰਹੀ ਹੈ ਅਸਲ ’ਚ ਅਫਗਾਨਿਸਤਾਨ ਅਫੀਮ ਦਾ ਗੜ੍ਹ ਹੈ ਜਿੱਥੇ ਦੁਨੀਆ ਦੀ 90 ਫੀਸਦੀ ਅਫੀਮ ਤਿਆਰ ਹੁੰਦੀ ਹੈ

ਦੱਖਣੀ ਏਸ਼ੀਆ ’ਚ ਅਫਗਾਨਿਸਤਾਨ ਅਜਿਹਾ ਮੁਲਕ ਹੈ ਜਿੱਥੇ ਅੱਤਵਾਦ ਦਾ ਮਜ਼ਬੂਤ ਕਬਜਾ ਰਿਹਾ ਹੈ ਅਮਰੀਕੀ ਫੌਜਾਂ ਦੀ ਮੌਜੂਦਗੀ ਵਾਲੇ 20 ਸਾਲਾਂ ਦੌਰਾਨ ਵੀ ਹਿੰਸਾ ਤੇ ਹੈਰੋਇਨ ਦੀ ਤਸਕਰੀ ਦਾ ਦੌਰ ਜਾਰੀ ਰਿਹਾ ਹੁਣ ਫਿਰ ਉੱਥੇ ਤਾਲਿਬਾਨ ਦੀ ਹਕੂਮਤ ਆ ਗਈ ਹੈ ਜੇਕਰ ਨਸ਼ਾ ਤਸਕਰੀ ਤੇ ਅੱਤਵਾਦ ਦਾ ਨੈਟਵਰਕ ਬਣਿਆ ਰਿਹਾ ਤਾਂ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ ਕਾਫੀ ਗੱਲਾਂ ਅਫਗਾਨਿਸਤਾਨ ਦੇ ਹਾਲਾਤਾਂ ’ਤੇ ਵੀ ਨਿਰਭਰ ਕਰਨਗੀਆਂ ਬਾਕੀ ਨਸ਼ੇ ਦੀ ਸਭ ਤੋਂ ਵੱਧ ਮਾਰ ਦਾ ਸਾਹਮਣਾ ਵੀ ਪੰਜਾਬ ਕਰ ਰਿਹਾ ਹੈ ਰੋਜ਼ਾਨਾ ਹੀ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ ਭਾਵੇਂ ਪੁਲਿਸ ਹੈਰੋਇਨ ਦੀਆਂ ਖੇਪਾਂ ਬਰਾਮਦ ਕਰ ਰਹੀ ਹੈ ਪਰ ਇਸ ਨੈੱਟਵਰਕ ਨੂੰ ਖਤਮ ਕਰਨਾ ਸਿਰਫ ਪੰਜਾਬ ਪੁਲਿਸ ਦੇ ਵੱਸ ਦੀ ਗੱਲ ਨਹੀਂ ਹੈ

ਭਾਰਤ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ’ਤੇ ਕੋਈ ਨੀਤੀਆਂ ਘੜਨ ਤੇ ਲਾਗੂ ਕਰਨ ਦੀ ਜ਼ਰੂਰਤ ਹੈ ਹਜ਼ਾਰਾਂ ਕਿਲੋਮੀਟਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਕਾਰਨ ਨਸ਼ਾ ਤਸਕਰੀ ਰੋਕਣ ਲਈ ਮੁਸ਼ਤੈਦੀ ਵਰਤਣੀ ਆਪਣੇ-ਆਪ ’ਚ ਇੱਕ ਚੁਣੌਤੀ ਹੈ ਗੁਆਂਢੀ ਮੁਲਕ ਪਾਕਿਸਤਾਨ ’ਚ ਅੱਤਵਾਦੀ ਸੰਗਠਨ ਆਪਣੀਆਂ ਕਾਰਵਾਈਆਂ ਚਲਾ ਰਹੇ ਹਨ ਅਜਿਹੇ ਹਾਲਾਤਾਂ ’ਚ ਨਸ਼ਾ ਤਸਕਰੀ ਨੂੰ ਬਲ ਮਿਲ ਰਿਹਾ ਹੈ ਸਿਰਫ ਹੈਰੋਇਨ ਦੀ ਬਰਾਮਦਗੀ ਤੇ ਕੁਝ ਗ੍ਰਿਫਤਾਰੀਆਂ ਨਾਲ ਮਸਲਾ ਹੱਲ ਨਹੀਂ ਹੁੰਦਾ ਸਮੱਸਿਆ ਦੀ ਜੜ੍ਹ ਨੂੰ ਖਤਮ ਕਰਨਾ ਪਵੇਗਾ ਗ੍ਰਿਫਤਾਰ ਕੀਤੇ ਗਏ ਵਿਅਕਤੀ ਤਾਂ ਸਿਰਫ ਮੋਹਰੇ ਹੁੰਦੇ ਹਨ,

ਨਸ਼ਾ ਤਸਕਰੀ ਦੀਆਂ ਵੱਡੀਆਂ ਮੱਛੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਸੰਯੁਕਤ ਰਾਸ਼ਟਰ ਤੇ ਵਿਕਸਿਤ ਮੁਲਕਾਂ ਨੂੰ ਨਸ਼ਾ ਤਸਕਰੀ ਰੋਕਣ ਲਈ ਸਪੱਸ਼ਟ ਮਾਨਦੰਡ ਅਪਣਾਉਂਦਿਆਂ ਮਾਨਵਤਾ ਦੇ ਭਲੇ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਵੀ ਜਰੂੁਰੀ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ ਭ੍ਰਿਸ਼ਟ ਅਧਿਕਾਰੀਆਂ ਦੇ ਨਸ਼ਾ ਤਸਕਰੀ ’ਚ ਰਲੇ ਹੋਣ ਦੀ ਚਰਚਾ ਵੀ ਰਹਿ ਚੁੱਕੀ ਹੈ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਸਲ ਹੱਲ ਉਦੋਂ ਹੀ ਹੋਣਾ ਹੈ ਜਦੋਂ ਹੈਰੋਇਨ ਦੀ ਬਰਾਮਦਗੀ ਜ਼ੀਰੋ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ