Health News Punjab: ਪੀਜੀਆਈ ਤੋਂ ਨਰਾਜ਼ ਹੋਈ ਪੰਜਾਬ ਸਰਕਾਰ, ਸਰਕਾਰੀ ਬੀਮਾ ਕਾਰਡ ’ਤੇ ਇਲਾਜ ਕਰਨ ਤੋਂ ਸਾਫ਼ ਇਨਕਾਰ 

ਕਈ ਵਾਰ ਪੱਤਰ ਲਿਖ ਚੁੱਕਿਆ ਐ ਸਿਹਤ ਵਿਭਾਗ, ਹੁਣ ਕੇਂਦਰ ਨੂੰ ਵੀ ਕੀਤੀ ਅਪੀਲ, ਨਾ ਤਾਂ ਪੀਜੀਆਈ ਕੋਈ ਦੇ ਰਿਹਾ ਐ ਜਵਾਬ, ਨਾ ਹੀ ਇਲਾਜ ਕਰਨ ਲਈ ਤਿਆਰ 

Ravinder Sharma Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦਾ ਸਿਹਤ ਵਿਭਾਗ ਇਸ ਸਮੇਂ ਪੀਜੀਆਈ ਚੰਡੀਗੜ੍ਹ ਤੋਂ ਖਾਸਾ ਨਰਾਜ਼ ਚੱਲ ਰਿਹਾ ਹੈ ਪੀਜੀਆਈ ਵੱਲੋਂ ਪੰਜਾਬ ਦੇ ਲੋਕਾਂ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਸਕੀਮ ’ਚ ਕਰਨ ਤੋਂ ਸਾਫ਼ ਇਨਕਾਰ ਕੀਤਾ ਹੋਇਆ ਹੈ। ਇਸ ਮਾਮਲੇ ’ਚ ਖ਼ੁਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੀਜੀਆਈ ਦੇ ਡਾਇਰੈਕਟਰ ਤੱਕ ਪਹੁੰਚ ਕੀਤੀ ਹੈ ਪਰ ਮਸਲਾ ਹੱਲ ਨਹੀਂ ਹੋਇਆ ਹੈ ਤੇ ਹੁਣ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੇ ਕੇਂਦਰੀ ਸਿਹਤ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਤਾਂ ਕਿ ਪੀਜੀਆਈ ਵਿਖੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਹੋ ਸਕੇ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਲਈ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਦੀ ਥਾਂ ’ਤੇ ਪੰਜਾਬ ਸਰਕਾਰ ਦੀ ਖ਼ੁਦ 10 ਲੱਖ ਰੁਪਏ ਤੱਕ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕੀਤਾ ਹੋਇਆ ਹੈ। ਪੰਜਾਬ ’ਚ ਇਸ ਨੂੰ ਲਾਗੂ ਕਰਨ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਚੰਡੀਗੜ੍ਹ ਵਿਖੇ ਸਥਿਤ ਪੀਜੀਆਈ ਨਾਲ ਵੀ ਸੰਪਰਕ ਕੀਤਾ ਗਿਆ ਤਾਂ ਕਿ ਉਨ੍ਹਾਂ ਨੂੰ ਆਪਣੇ ਪੈਨਲ ’ਤੇ ਲਿਆਂਦਾ ਜਾਵੇ। ਪੰਜਾਬ ਦੇ ਸਿਹਤ ਵਿਭਾਗ ਵੱਲੋਂ 3 ਤੋਂ 4 ਵਾਰ ਪੀਜੀਆਈ ਨਾਲ ਸੰਪਰਕ ਕਰਨ ਦੇ ਨਾਲ ਹੀ ਉਨ੍ਹਾਂ ਨਾਲ ਕਈ ਵਾਰ ਮੀਟਿੰਗ ਵੀ ਕੀਤੀ ਗਈ ਤੇ ਬਕਾਇਦਾ ਲਗਾਤਾਰ ਉਨ੍ਹਾਂ ਨੂੰ ਪੱਤਰ ਵੀ ਲਿਖੇ ਗਏ।

ਇਸ ਤੋਂ ਬਾਅਦ ਵੀ ਪੀਜੀਆਈ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਆਇਆ ਹੈ ਤੇ ਪੀਜੀਆਈ ਵੱਲੋਂ ਸਿਰਫ਼ ਇੰਨਾ ਹੀ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਨਵੀਂ ਸਕੀਮ ’ਚ ਉਧਾਰ ਇਲਾਜ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੇਂਦਰੀ ਸਿਹਤ ਵਿਭਾਗ ਤੋਂ ਇਜਾਜ਼ਤ ਲੈਣੀ ਪਏਗੀ, ਉਸ ਤੋਂ ਬਾਅਦ ਹੀ ਪੀਜੀਆਈ ’ਚ ਇਲਾਜ ਸ਼ੁਰੂ ਹੋ ਸਕਦਾ ਹੈ। ਨਿਯਮਾਂ ਤਹਿਤ ਪੰਜਾਬ ਸਰਕਾਰ ਦੇ ਪੈਨਲ ’ਚ ਜਿਹੜਾ ਵੀ ਸਰਕਾਰੀ ਜਾਂ ਫਿਰ ਗੈਰ ਹਸਪਤਾਲ ਨਹੀਂ ਹੁੰਦਾ ਹੈ, ਉਨ੍ਹਾਂ ਥਾਵਾਂ ’ਤੇ ਮੁੱਖ ਮੰਤਰੀ ਸਿਹਤ ਬੀਮਾ ਦੇ ਤਹਿਤ ਇਲਾਜ ਨਹੀਂ ਹੁੰਦਾ ਹੈ।

ਪੀਜੀਆਈ ਵੱਲੋਂ ਪੰਜਾਬ ਸਰਕਾਰ ਦੀ ਇਸ ਬੇਨਤੀ ਤੇ ਪੰਜਾਬ ਸਰਕਾਰ ਦੇ ਪੈਨਲ ਵਿੱਚ ਦਰਜ਼ ਹੋਣ ਲਈ ਕੇਂਦਰੀ ਸਿਹਤ ਵਿਭਾਗ ਤੱਕ ਪਹੁੰਚ ਕੀਤੀ ਹੋਈ ਹੈ ਪਰ ਕੇਂਦਰੀ ਸਿਹਤ ਵਿਭਾਗ ਵੱਲੋਂ ਹਰੀ ਝੰਡੀ ਨਾ ਆਉਣ ਕਰਕੇ ਹੁਣ ਤੱਕ ਇਸ ਮਾਮਲੇ ’ਚ ਕੁਝ ਵੀ ਨਹੀਂ ਹੋ ਸਕਿਆ, ਜਦੋਂ ਕਿ ਦੂਜੇ ਪਾਸੇ ਪੀਜੀਆਈ ’ਚ ਇਲਾਜ ਕਰਵਾਉਣ ਲਈ ਆਉਣ ਵਾਲੇ ਪੰਜਾਬ ਦੇ ਹਜ਼ਾਰਾਂ ਮਰੀਜ਼ਾਂ ਨੂੰ ਮੁਸ਼ਕਿਲ ਦੇ ਦੌਰ ’ਚੋਂ ਗੁਜ਼ਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦਾ ਇਲਾਜ਼ ਮੁਫ਼ਤ ਹੋਣ ਦੀ ਥਾਂ ’ਤੇ ਉਨ੍ਹਾਂ ਨੂੰ ਖ਼ੁਦ ਦੀ ਜੇਬ ’ਚੋਂ ਪੈਸੇ ਦੇਣੇ ਪੈ ਰਹੇ ਹਨ। 

ਆਯੂਸ਼ਮਾਨ ’ਚ ਹੋ ਰਿਹਾ ਐ ਇਲਾਜ, ਨਵੀਂ ਸਕੀਮ ’ਤੇ ਚੱਲ ਰਿਹਾ ਐ ਕੰਮ : ਡਾਇਰੈਕਟਰ ਪੀਜੀਆਈ 

ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਡਾ. ਵਿਵੇਕ ਲਾਲ ਨੇ ਕਿਹਾ ਕਿ ਪੀਜੀਆਈ ’ਚ ਹੁਣ ਵੀ ਪੰਜਾਬ ਤੋਂ ਆਉਣ ਵਾਲੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਜੇਕਰ ਪੀਜੀਆਈ ’ਚ 100 ਮਰੀਜ਼ ਰੋਜ਼ਾਨਾ ਆਉਂਦੇ ਹਨ ਤਾਂ ਉਨ੍ਹਾਂ ’ਚੋਂ 50 ਮਰੀਜ਼ ਪੰਜਾਬ ’ਚੋਂ ਆ ਰਹੇ ਹਨ। ਉਨ੍ਹਾਂ ਦਾ ਇਲਾਜ਼ ਆਯੂਸ਼ਮਾਨ ਭਾਰਤ ਤਹਿਤ ਮੁਫ਼ਤ ਕੀਤਾ ਜਾ ਰਿਹਾ ਹੈ। ਹੁਣ ਜਿਹੜੀ ਨਵੀਂ ਯੂਨੀਵਰਸਲ ਬੀਮਾ ਸਕੀਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਉਸ ਲਈ ਵਾਧੂ ਮੈਨ ਪਾਵਰ ਦੀ ਜ਼ਰੂਰਤ ਹੈ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਵੀ ਹੁੰਦੀ ਹੈ। ਉਸ ਬਾਰੇ ਪੰਜਾਬ ਦੇ ਸਿਹਤ ਵਿਭਾਗ ਨਾਲ ਮੀਟਿੰਗ ਹੋ ਗਈ ਹੈ ਤੇ ਕੇਂਦਰੀ ਸਿਹਤ ਵਿਭਾਗ ’ਚ ਇਸ ਸਬੰਧੀ ਤਜਵੀਜ਼ ਵੀ ਬਣਾ ਕੇ ਭੇਜੀ ਗਈ ਸੀ, ਜਿਹੜੀ ਕਿ ਲਗਭਗ ਮਨਜ਼ੂਰ ਹੋ ਗਈ ਹੈ ਅਤੇ ਜਲਦ ਹੀ ਇਸ ਮਾਮਲੇ ’ਚ ਕਾਰਵਾਈ ਹੋ ਜਾਏਗੀ।

ਕਈ ਵਾਰ ਲਿਖਿਆ ਪੱਤਰ, ਨਹੀਂ ਆਇਆ ਕੋਈ ਜਵਾਬ : ਡਾ. ਬਲਬੀਰ ਸਿੰਘ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੀਜੀਆਈ ਤੋਂ ਲੈ ਕੇ ਕੇਂਦਰੀ ਸਿਹਤ ਵਿਭਾਗ ਨੂੰ ਕਈ ਵਾਰ ਪੱਤਰ ਲਿਖ ਕੇ ਦੇਖ ਲਿਆ ਗਿਆ ਹੈ ਪਰ ਇਸ ਮਾਮਲੇ ਦਾ ਹੱਲ਼ ਨਹੀਂ ਕੱਢਿਆ ਜਾ ਰਿਹਾ ਹੈ, ਸਗੋਂ ਇਸ ਦਾ ਜਵਾਬ ਤੱਕ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ’ਚ ਮਰੀਜ਼ਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਹੈ ਤੇ ਮਰੀਜ਼ਾਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨੂੰ ਜਲਦ ਹੱਲ ਕੀਤਾ ਜਾਵੇ।

About The Author

Related Posts