Punjab Police Jobs: ਪੰਜਾਬ ਪੁਲਿਸ ’ਚ ਹੁਣ ASI ਦੀ ਹੋਵੇਗੀ ਭਰਤੀ, ਸਰਕਾਰ ਨੇ ਨੋਟੀਫੀਕੇਸ਼ਨ ਕੀਤਾ ਜਾਰੀ
ਨੌਜਵਾਨਾਂ ਕੋਲ ਸੁਨਹਿਰੀ ਮੌਕਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਪੁਲਿਸ ’ਚ ਸਿੱਧੇ ਸਬ-ਇੰਸਪੈਕਟਰ ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡਾ ਬਦਲਾਅ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਹੁਣ ਸਬ-ਇੰਸਪੈਕਟਰ ਦੀ ਬਜਾਏ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦਿਆਂ ’ਤੇ ਸਿੱਧੀ ਭਰਤੀ ਕਰੇਗੀ। ਇਸ ਸਬੰਧੀ ਸਰਕਾਰ ਵੱਲੋਂ ਪੰਜਾਬ ਪੁਲਿਸ ਰੂਲਜ਼, 1934 ’ਚ ਸੋਧ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ (ਦੂਜੀ ਸੋਧ) ਨਿਯਮ, 2026 ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਇਹ ਨਿਯਮ ਭਵਿੱਖ ’ਚ ਹੋਣ ਵਾਲੀਆਂ ਪੁਲਿਸ ਭਰਤੀਆਂ ’ਤੇ ਲਾਗੂ ਹੋਵੇਗਾ। ਪਹਿਲਾਂ ਸਬ-ਇੰਸਪੈਕਟਰ ਦੇ 50 ਫ਼ੀਸਦੀ ਤੱਕ ਅਹੁਦੇ ਸਿੱਧੀ ਭਰਤੀ ਰਾਹੀਂ ਭਰੇ ਜਾਂਦੇ ਸਨ। ਹੁਣ ਸਿੱਧੀ ਭਰਤੀ ਦਾ ਪ੍ਰਬੰਧ ਏਐਸਆਈ ਪੱਧਰ ’ਤੇ ਕੀਤਾ ਗਿਆ ਹੈ। ਸਰਕਾਰ ਵੱਲੋਂ ਵੱਖ-ਵੱਖ ਕੈਡਰਾਂ ’ਚ ਸਿੱਧੀ ਭਰਤੀ ਦਾ ਕੋਟਾ ਨਿਰਧਾਰਤ ਕੀਤਾ ਗਿਆ ਹੈ। ਇੰਟੈਲੀਜੈਂਸ, ਇਨਵੈਸਟੀਗੇਸ਼ਨ ਤੇ ਟੈਕਨੀਕਲ ਸਪੋਰਟ ਕੈਡਰ ’ਚ ਸਭ ਤੋਂ ਜ਼ਿਆਦਾ 30 ਫ਼ੀਸਦੀ ਕੋਟਾ ਰੱਖਿਆ ਗਿਆ ਹੈ। ਜਦਕਿ ਆਰਮਡ ਕੈਡਰ ’ਚ 10 ਫ਼ੀਸਦੀ ਏਐਸਆਈ ਦੀ ਸਿੱਧੀ ਭਰਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਯੈਲੋ ਅਲਰਟ, ਹਨ੍ਹੇਰੀ ਤੇ ਬਿਜਲੀ ਚਮਕਣ ਦੀ ਵੀ ਚੇਤਾਵਨੀ
ਸਿੱਧੀ ਭਰਤੀ ਰਾਹੀਂ ਭਰੇ ਜਾਣ ਵਾਲੇ ਕੁੱਲ ਅਹੁਦਿਆਂ ’ਚੋਂ 3 ਫ਼ੀਸਦੀ ਅਹੁਦੇ ਮੈਰਿਟ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਰਾਖਵੇਂ ਹੋਣਗੇ। ਇਹ ਭਰਤੀ ਵਿਭਾਗੀ ਨੀਤੀ ਅਨੁਸਾਰ ਕੀਤੀ ਜਾਵੇਗੀ। ਏਐਸਆਈ ਦੀ ਸਿੱਧੀ ਭਰਤੀ ਲਈ ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦਾ ਗ੍ਰੈਜੂਏਸ਼ਨ ਪਾਸ ਹੋਣਾ ਤੇ 10ਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜਿ੍ਹਆ ਹੋਣਾ ਲਾਜ਼ਮੀ ਹੋਵੇਗਾ। ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ ਗਏ ਐਸਆਈ ਤੇ ਏਐਸਆਈ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਹਰ ਪੁਲਿਸ ਰੇਂਜ ਵਿੱਚ ਸਬੰਧਤ ਡੀਆਈਜੀ ਵੱਲੋਂ ਸਿੱਧੀ ਭਰਤੀ ਹੋਏ ਸਾਰੇ ਐਸਆਈ ਤੇ ਏਐਸਆਈ ਦੀ ਅਪਡੇਟ ਸੂਚੀ ਸੰਭਾਲ ਕੇ ਰੱਖੀ ਜਾਵੇਗੀ। ਰੇਲਵੇ ਪੁਲਿਸ (ਜੀਆਰਪੀ) ’ਚ ਸਿੱਧੀ ਭਰਤੀ ਹੋਏ ਅਧਿਕਾਰੀਆਂ ਦਾ ਰਿਕਾਰਡ ਏਆਈਜੀ, ਜੀਆਰਪੀ ਕੋਲ ਰਹੇਗਾ। ਸਿੱਧੀ ਭਰਤੀ ਰਾਹੀਂ ਆਏ ਪੁਲਿਸ ਮੁਲਾਜ਼ਮਾਂ ਦੀ ਟ੍ਰੇਨਿੰਗ ਦੇ ਨੰਬਰ, ਸਰਵਿਸ ਬੁੱਕ, ਪੋਸਟਿੰਗ ਦਾ ਇਤਿਹਾਸ ਤੇ ਚਰਿੱਤਰ ਤਸਦੀਕ ਨਾਲ ਸਬੰਧਤ ਜਾਣਕਾਰੀ ਵੀ ਰਿਕਾਰਡ ’ਚ ਰੱਖੀ ਜਾਵੇਗੀ। Punjab Police Jobs