Crime News: ਬੰਦ ਪਏ ਮਕਾਨ ’ਚੋਂ ਨੌਜਵਾਨ ਦੀ ਲਾਸ਼ ਬਰਾਮਦ, ਦੋਸਤ ਖਿਲਾਫ਼ ਕੇਸ ਦਰਜ
ਲਾਸ਼ ਮਿਲਣ ਕਾਰਨ ਪਿੰਡ ’ਚ ਫੈਲੀ ਸਨਸਨੀ
ਬਰਨਾਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਜ਼ਿਲ੍ਹਾ ਬਰਨਾਲਾ ਦੇ ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਹਮੀਦੀ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਬੰਦ ਪਏ ਮਕਾਨ ’ਚੋਂ 20 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ’ਚ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਮੋਗਾ ਦੇ ਪਿੰਡ ਬਾਸੀ ਨੰਗਲ ਵਾਸੀ ਸਗਨਦੀਪ ਸਿੰਘ ਵਜੋਂ ਹੋਈ ਹੈ, ਜੋ ਪਿਛਲੇ ਕੁਝ ਸਮੇਂ ਤੋਂ ਆਪਣੇ ਨਾਨਕੇ ਪਿੰਡ ਹਮੀਦੀ ’ਚ ਰਹਿ ਰਿਹਾ ਸੀ ਤੇ ਨੇੜਲੇ ਪਿੰਡ ਕਰਮਗੜ੍ਹ ਦੇ ਇੱਕ ਸੈਲੂਨ ’ਚ ਕੰਮ ਕਰਦਾ ਸੀ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਮ੍ਰਿਤਕ ਦੇ ਦੋਸਤ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਸਗਨਦੀਪ ਸਿੰਘ ਮੰਗਲਵਾਰ ਦੁਪਹਿਰ ਪਰਿਵਾਰ ਨੂੰ ਮੇਲਾ ਵੇਖਣ ਜਾਣ ਦੀ ਗੱਲ ਕਹਿ ਕੇ ਆਪਣੇ ਮੋਟਰਸਾਈਕਲ ’ਤੇ ਘਰੋਂ ਨਿਕਲਿਆ ਸੀ। ਦੇਰ ਰਾਤ ਤੱਕ ਵਾਪਸ ਨਾ ਆਉਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਅਗਲੇ ਦਿਨ ਸਵੇਰੇ ਪਿੰਡ ਦੇ ਇੱਕ ਸੁੰਨਸਾਨ ਤੇ ਬੰਦ ਪਏ ਮਕਾਨ ਦੇ ਬਾਹਰ ਉਸ ਦਾ ਮੋਟਰਸਾਈਕਲ ਖੜ੍ਹਾ ਮਿਲਿਆ।
ਜਦੋਂ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਸਗਨਦੀਪ ਦੀ ਲਾਸ਼ ਪਈ ਹੋਈ ਸੀ। ਘਟਨਾ ਤੋਂ ਬਾਅਦ ਮ੍ਰਿਤਕ ਦੇ ਮਾਮਾ ਰਣਧੀਰ ਸਿੰਘ ਧੀਰਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਸਗਨਦੀਪ ਆਪਣੇ ਦੋਸਤ ਰਣਵੀਰ ਸਿੰਘ ਦੇ ਸੰਪਰਕ ’ਚ ਆਉਣ ਤੋਂ ਬਾਅਦ ਗਲਤ ਸੰਗਤ ’ਚ ਪੈ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਜਿਸ ਲਈ ਉਸ ਦਾ ਦੋਸਤ ਜ਼ਿੰਮੇਵਾਰ ਹੈ। ਪਰਿਵਾਰ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਠੁੱਲੀਵਾਲ ਪੁਲਿਸ ਨੇ ਮੁਲਜ਼ਮ ਰਣਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਅੰਤਿਮ ਸਸਕਾਰ ਲਈ ਸੌਂਪ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੇ ਫੋਰੈਂਸਿਕ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਇਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Barnala News
ਇਹ ਵੀ ਪੜ੍ਹੋ : Pratapgarh News: ਮੀਂਹ ਦੌਰਾਨ ਘਰ ਡਿੱਗਿਆ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ