Gurdaspur News: ਲੇਬਨਾਨ ਤੋਂ ਭਾਰਤ ਪਰਤਦੇ ਸਮੇਂ ਦੁਬਈ ਏਅਰਪੋਰਟ ਤੋਂ ਗੁਰਦਾਸਪੁਰ ਦਾ ਨੌਜਵਾਨ ਲਾਪਤਾ
ਘਟਨਾ ਤੋਂ ਬਾਅਦ ਪਰਿਵਾਰ ਗਹਿਰ ਚਿੰਤਾ ’ਚ
Gurdaspur News: ਗੁਰਦਾਸਪੁਰ (ਸੱਚ ਕਹੂੰ ਨਿਊਜ਼/ਹਿੰ.ਸ.)। ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਾਸੀ 35 ਸਾਲਾ ਭੁਪਿੰਦਰ ਸਿੰਘ ਦੇ ਲੇਬਨਾਨ ਤੋਂ ਭਾਰਤ ਪਰਤਦੇ ਸਮੇਂ ਦੁਬਈ ਏਅਰਪੋਰਟ ਤੋਂ ਰਹੱਸਮਈ ਹਾਲਾਤਾਂ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਰਿਵਾਰ ਗਹਿਰੀ ਚਿੰਤਾ ’ਚ ਹੈ ਤੇ ਭੁਪਿੰਦਰ ਸਿੰਘ ਦੀ ਭਾਲ ਲਈ ਸਬੰਧਤ ਅਧਿਕਾਰੀਆਂ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ। ਪਰਿਵਾਰ ਮੁਤਾਬਕ ਭੁਪਿੰਦਰ ਸਿੰਘ ਕਰੀਬ 12 ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ’ਚ ਲੇਬਨਾਨ ਗਿਆ ਸੀ। ਉੱਥੇ ਕੰਮ ਦੌਰਾਨ ਹੋਏ ਇੱਕ ਹਾਦਸੇ ’ਚ ਉਸਦੀ ਲੱਤ ਟੁੱਟ ਗਈ ਸੀ, ਜਿਸ ਕਾਰਨ ਉਸਨੂੰ ਚੱਲਣ-ਫਿਰਨ ’ਚ ਕਾਫ਼ੀ ਦਿੱਕਤ ਹੁੰਦੀ ਹੈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਭੁਪਿੰਦਰ ਸਿੰਘ ਮਾਨਸਿਕ ਤੌਰ ’ਤੇ ਵੀ ਠੀਕ ਨਹੀਂ ਹੈ। ਭੁਪਿੰਦਰ ਦੀ ਭੈਣ ਮਨਦੀਪ ਕੌਰ ਨੇ ਦੋਸ਼ ਲਾਇਆ ਕਿ ਕੰਪਨੀ ਵੱਲੋਂ ਉਸਦੀ ਢੁੱਕਵੀਂ ਦੇਖਭਾਲ ਨਹੀਂ ਕੀਤੀ ਗਈ ਤੇ ਉਸਨੂੰ ਵਹੀਲਚੇਅਰ ’ਤੇ ਹੀ ਲੇਬਨਾਨ ਏਅਰਪੋਰਟ ਤੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ। Gurdaspur News
ਪਰਿਵਾਰ ਅਨੁਸਾਰ ਭੁਪਿੰਦਰ ਸਿੰਘ 6 ਅਗਸਤ ਦੀ ਰਾਤ ਕਰੀਬ 11 ਵਜੇ ਲੇਬਨਾਨ ਤੋਂ ਦੁਬਈ ਹੁੰਦੇ ਹੋਏ ਭਾਰਤ ਲਈ ਰਵਾਨਾ ਹੋਇਆ ਸੀ। ਦੁਬਈ ਏਅਰਪੋਰਟ ’ਤੇ ਕਰੀਬ ਸੱਤ ਘੰਟਿਆਂ ਦੇ ਠਹਿਰਾਅ ਦੌਰਾਨ ਉਸਨੇ ਇੱਕ-ਦੋ ਵਾਰ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲ ਵੀ ਕੀਤੀ। ਗੱਲਬਾਤ ਦੌਰਾਨ ਭੁਪਿੰਦਰ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਉਸਦਾ ਪਾਸਪੋਰਟ ਗੁੰਮ ਹੋ ਗਿਆ ਹੈ। ਇਸ ਤੋਂ ਬਾਅਦ ਅਚਾਨਕ ਉਸਦਾ ਫੋਨ ਬੰਦ ਹੋ ਗਿਆ ਤੇ ਪਰਿਵਾਰ ਦਾ ਉਸ ਨਾਲ ਮੁੜ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਭੁਪਿੰਦਰ ਸਿੰਘ ਦਾ ਬੈਗ ਤੇ ਹੋਰ ਸਾਮਾਨ ਦਿੱਲੀ ਪਹੁੰਚ ਗਿਆ ਹੈ, ਪਰ ਭੁਪਿੰਦਰ ਖੁਦ ਉੱਥੇ ਮੌਜੂਦ ਨਹੀਂ ਸੀ। ਪੁੱਤਰ ਦੇ ਲਾਪਤਾ ਹੋਣ ਕਾਰਨ ਪਰਿਵਾਰ ਦੀ ਚਿੰਤਾ ਵਧ ਗਈ ਹੈ। ਪਰਿਵਾਰ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਸਮੇਤ ਦੁਬਈ ਤੇ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਭੁਪਿੰਦਰ ਸਿੰਘ ਦੀ ਤੁਰੰਤ ਭਾਲ ਕਰਕੇ ਉਸਨੂੰ ਸੁਰੱਖਿਅਤ ਪਰਿਵਾਰ ਕੋਲ ਪਹੁੰਚਾਇਆ ਜਾਵੇ। Gurdaspur News
ਇਹ ਵੀ ਪੜ੍ਹੋ : Jalandhar Police: ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਿਸ ਨੇ ਵਧਾਈ ਸੁਰੱਖਿਆ, ਥਾਂ-ਥਾਂ ਨਾਕਾਬੰਦੀ ਤੇ ਚੈਕਿੰਗ