Nasha Mukt Punjab Yatra: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਤੋਂ, ਜਾਣੋ ਕੀ ਕੁਝ ਰਹੇਗਾ ਖਾਸ?
Nasha Mukt Punjab Yatra: ਨਿਤਿਨ ਨਬੀਨ ਕਰਨਗੇ ਪਹਿਲੀ ਯਾਤਰਾ ਰਵਾਨਾ
Nasha Mukt Punjab Yatra: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਨਸ਼ੇ ਦੇ ਮੁੱਦੇ ਸਬੰਧੀ ਅੱਜ ਤੋਂ ਸਿਆਸੀ ਮਾਹੌਲ ਗਰਮਾਉਣ ਜਾ ਰਿਹਾ ਹੈ ਅੱਜ 18 ਸਤੰਬਰ ਤੋਂ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਹੋਣ ਜਾ ਰਹੀ ਹੈ । ਭਾਜਪਾ ਨੇ 13 ਦਿਨਾਂ ਦੇ ਇਸ ਪ੍ਰੋਗਰਾਮ ਨੂੰ ਸਿਰਫ਼ ਇੱਕ ਯਾਤਰਾ ਦੀ ਬਜਾਏ ਚਾਰ ਵੱਖ-ਵੱਖ ਰੂਟਾਂ ਰਾਹੀਂ ਪੂਰੇ ਪੰਜਾਬ ਨੂੰ ਛੂਹਣ ਵਾਲੀ ਮੁਹਿੰਮ ਵਜੋਂ ਤਿਆਰ ਕੀਤਾ ਹੈ। ਚਾਰੇ ਯਾਤਰਾਵਾਂ ਮਿਲ ਕੇ ਲਗਭਗ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਣਗੀਆਂ।
ਪਹਿਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ 18 ਸਤੰਬਰ ਨੂੰ ਪਠਾਨਕੋਟ ਜ਼ਿਲੇ੍ਹ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਮਾਧੋਪੁਰ ਦੇ ਏਕਤਾ ਸਥਲ ਤੋਂ ਸ਼ੁਰੂ ਹੋਵੇਗੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
Read Also ; ਨਸ਼ਾ ਪੀੜਤ ਪਰਿਵਾਰਾਂ ਦੀ ਪੁਕਾਰ, ਸਾਨੂੰ ਨਹੀਂ ਚਾਹੀਦੀਆਂ ਮੁਫ਼ਤ ਸਕੀਮਾਂ, ਨਸ਼ਾ ਤਸਕਰਾਂ ਨੂੰ ਬਚਾਉਣ ਦੀ ਥਾਂ ਕਾਰਵਾਈ ਕਰੇ ਸਰਕਾਰ
ਇਹ ਯਾਤਰਾ ਸੁਜਾਨਪੁਰ, ਪਠਾਨਕੋਟ, ਭੋਆ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਬਟਾਲਾ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉੱਤਰੀ, ਮਜੀਠਾ, ਜੰਡਿਆਲਾ, ਬਾਬਾ ਬਕਾਲਾ, ਤਰਨਤਾਰਨ, ਖਡੂਰ ਸਾਹਿਬ, ਖੇਮਕਰਨ, ਪੱਟੀ, ਫਿਰੋਜ਼ਪੁਰ ਸ਼ਹਿਰ, ਗੁਰੂਹਰਸਹਾਏ, ਫਿਰੋਜ਼ਪੁਰ ਦਿਹਾਤੀ, ਜ਼ੀਰਾ, ਸੁਲਤਾਨਪੁਰ ਲੋਧੀ, ਭੁਲੱਥ, ਨਕੋਦਰ, ਸ਼ਾਹਕੋਟ ਹੁੰਦੀ ਹੋਈ ਜਲੰਧਰ ਛਾਉਣੀ ਤੱਕ ਪਹੁੰਚੇਗੀ।
ਭਾਜਪਾ ਵੱਲੋਂ ਇਸ ਯਾਤਰਾ ਦੌਰਾਨ ਨਸ਼ਿਆਂ ਦੇ ਮੁੱਦੇ ’ਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕਰਨ, ਪਿੰਡ-ਪਿੰਡ ਅਤੇ ਘਰ-ਘਰ ਜਾਣ ਅਤੇ ਲੋਕਾਂ ਤੋਂ ਨਸ਼ਿਆਂ ਖ਼ਿਲਾਫ਼ ਸੰਕਲਪ ਪੱਤਰ ’ਤੇ ਦਸਤਖ਼ਤ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਪਾਰਟੀ ਨੇ ਪੀੜਤ ਪਰਿਵਾਰਾਂ ਦੀਆਂ ਕਹਾਣੀਆਂ ਨੂੰ ਵੀ ਮੁਹਿੰਮ ਦਾ ਵੱਡਾ ਹਿੱਸਾ ਬਣਾਇਆ ਹੈ।
ਇਸ ਤਰ੍ਹਾਂ 18 ਤੋਂ 30 ਸਤੰਬਰ ਤੱਕ ਪੰਜਾਬ ਦੀਆਂ ਸੜਕਾਂ ’ਤੇ ਨਸ਼ਿਆਂ ਦਾ ਮੁੱਦਾ ਲਗਾਤਾਰ ਕੇਂਦਰ ਵਿੱਚ ਰਹੇਗਾ। ਭਾਜਪਾ ਇਸ ਮੁਹਿੰਮ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਸ਼ਿਆਂ ਦੇ ਮੁੱਦੇ ’ਤੇ ਜਵਾਬ ਮੰਗਣ ਦੀ ਰਣਨੀਤੀ ਨਾਲ ਮੈਦਾਨ ਵਿੱਚ ਉੱਤਰ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਪਹਿਲਾਂ ਹੀ ਆਪਣੀ ਨਸ਼ਾ ਵਿਰੋਧੀ ਮੁਹਿੰਮ ਅਤੇ ਪੁਲਿਸ ਕਾਰਵਾਈ ਦੇ ਅੰਕੜੇ ਪੇਸ਼ ਕਰਦੀ ਰਹੀ ਹੈ। ਇਸ ਲਈ ਅਗਲੇ 13 ਦਿਨਾਂ ਦੌਰਾਨ ਯਾਤਰਾ ਸਿਰਫ਼ ਸੂਬੇ ਦੇ ਹਲਕਿਆਂ ਵਿੱਚੋਂ ਲੰਘਣ ਵਾਲਾ ਪ੍ਰੋਗਰਾਮ ਨਹੀਂ, ਸਗੋਂ ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਅਤੇ ਪੰਜਾਬ ਸਰਕਾਰ ਵਿਚਕਾਰ ਸਿੱਧੀ ਸਿਆਸੀ ਟੱਕਰ ਦਾ ਵੱਡਾ ਮੰਚ ਬਣਨ ਜਾ ਰਹੀ ਹੈ।
9 ਸਤੰਬਰ ਨੂੰ ਫਤਹਿਗੜ੍ਹ ਸਾਹਿਬ ਤੋਂ ਦੂਜੀ ਯਾਤਰਾ
ਦੂਜੀ ਯਾਤਰਾ 19 ਸਤੰਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਹ ਸਮਰਾਲਾ, ਪਾਇਲ, ਖੰਨਾ, ਅਮਲੋਹ, ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਡੇਰਾਬੱਸੀ, ਐੱਸਏਐੱਸ ਨਗਰ, ਖਰੜ, ਚਮਕੌਰ ਸਾਹਿਬ, ਰੋਪੜ, ਆਨੰਦਪੁਰ ਸਾਹਿਬ, ਗੜਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮ ਚੌਰਾਸੀ, ਦਸੂਹਾ, ਮੁਕੇਰੀਆਂ, ਉੜਮੁੜ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਫਗਵਾੜਾ ਰਾਹੀਂ ਜਲੰਧਰ ਪਹੁੰਚੇਗੀ। ਤੀਜੀ ਯਾਤਰਾ 20 ਸਤੰਬਰ ਨੂੰ ਫਾਜ਼ਿਲਕਾ ਦੇ ਸਾਦਿਕੀ ਸਰਹੱਦ ਸਥਿਤ ਆਸਫ਼ ਵਾਲਾ 1971 ਜੰਗੀ ਯਾਦਗਾਰ ਤੋਂ ਸ਼ੁਰੂ ਹੋਵੇਗੀ। ਇਹ ਫਾਜ਼ਿਲਕਾ, ਬੱਲੂਆਣਾ, ਅਬੋਹਰ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਜੈਤੋ, ਕੋਟਕਪੂਰਾ, ਫਰੀਦਕੋਟ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ, ਜਗਰਾਉਂ, ਰਾਏਕੋਟ, ਦਾਖਾ, ਮਲੇਰਕੋਟਲਾ, ਅਮਰਗੜ, ਗਿੱਲ, ਸਾਹਨੇਵਾਲ ਅਤੇ ਲੁਧਿਆਣਾ ਸ਼ਹਿਰੀ ਹਲਕਿਆਂ ਰਾਹੀਂ ਅੱਗੇ ਵਧੇਗੀ। ਚੌਥੀ ਯਾਤਰਾ 21 ਸਤੰਬਰ ਨੂੰ ਤਲਵੰਡੀ ਸਾਬੋ ਦੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗੀ। ਇਹ ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭਦੌੜ, ਬਰਨਾਲਾ, ਮਹਿਲ ਕਲਾਂ, ਧੂਰੀ, ਸੰਗਰੂਰ, ਸੁਨਾਮ, ਦਿੜਬਾ, ਲਹਿਰਾਗਾਗਾ, ਸ਼ੁਤਰਾਣਾ, ਨਾਭਾ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸਨੌਰ ਅਤੇ ਰਾਜਪੁਰਾ ਸਮੇਤ ਕਈ ਹਲਕਿਆਂ ਵਿੱਚੋਂ ਲੰਘੇਗੀ।
30 ਸਤੰਬਰ ਨੂੰ ਜਲੰਧਰ ’ਚ ਹੋਵੇਗਾ ਵੱਡਾ ਇਕੱਠ
ਚਾਰੇ ਯਾਤਰਾਵਾਂ ਦਾ ਅੰਤਿਮ ਪੜਾਅ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ, ਜਿੱਥੇ ਭਾਜਪਾ ਵੱਲੋਂ ਵੱਡੀ ਰੈਲੀ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਸਮਾਪਤੀ ਸਮਾਗਮ ਵਿੱਚ ਸ਼ਮੂਲੀਅਤ ਦਾ ਪ੍ਰੋਗਰਾਮ ਦੱਸਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਪ੍ਰੋਗਰਾਮ ਪੰਜਾਬ ਵਿੱਚ ਆਉਣ ਦਾ ਬਣ ਸਕਦਾ ਹੈ, ਪਰ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਭਾਜਪਾ ਨੇ ਯਾਤਰਾ ਦੇ ਵੱਖ-ਵੱਖ ਪੜਾਵਾਂ ਵਿੱਚ ਕੌਮੀ ਪੱਧਰ ਦੇ ਆਗੂਆਂ ਦੀ ਸ਼ਮੂਲੀਅਤ ਵੀ ਤੈਅ ਕੀਤੀ ਹੈ। ਭਾਜਪਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਅਰਜੁਨ ਰਾਮ ਮੇਘਵਾਲ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਹੋਰ ਸੀਨੀਅਰ ਆਗੂ ਵੀ ਵੱਖ-ਵੱਖ ਪੜਾਵਾਂ ਵਿੱਚ ਯਾਤਰਾ ਨਾਲ ਜੁੜਨਗੇ।