Patiala News: ਪਟਿਆਲਾ ਤੇ ਪਾਤੜਾਂ ਰੋਡ ਦੀ ਮਾੜੀ ਹਾਲਤ ਖਿਲਾਫ਼ ਪਿੰਡ ਵਾਸੀਆਂ ਵੱਲੋਂ ਧਰਨਾ
ਪਟਿਆਲਾ ਤੇ ਪਾਤੜਾਂ ਰੋਡ ਦੀ ਮਾੜੀ ਹਾਲਤ ਖਿਲਾਫ਼ ਪਿੰਡ ਵਾਸੀਆਂ ਵੱਲੋਂ ਧਰਨਾ
ਘੱਗਾ (ਵਿਸ਼ਾਲ ਕੁਮਾਰ ਗੋਇਲ)। ਪਟਿਆਲਾ-ਪਾਤੜਾਂ ਰੋਡ ਉਪਰ ਘੱਗਾ ’ਚ ਬ੍ਰਾਹਮਣ ਮਾਜਰਾ, ਬਰਾਸ, ਖੇੜੀ ਨਗ਼ਾਈਆਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਨਵੀਂ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ। ਧਰਨੇ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਇਹ ਸਥਾਨਕ ਕਸਬੇ ’ਚੋਂ ਲੰਘਦੀ ਸੜਕ ਨੂੰ ਬਣੇ ਹੋਏ ਕਰੀਬ 15 ਸਾਲ ਦਾ ਸਮਾਂ ਲੰਘ ਚੁੱਕਿਆ ਹੈ, ਪਰ ਲੰਮੇ ਸਮੇਂ ਤੋਂ ਸੜਕ ਦੀ ਹਾਲਤ ਬੇਹੱਦ ਖਰਾਬ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਟੋਏ ਪਏ ਹੋਣ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਪਿੰਡਾਂ ਦੇ ਲੋਕਾਂ ਲਈ ਰੋਜ਼ਾਨਾ ਆਵਾਜਾਈ ਮੁਸ਼ਕਲ ਬਣੀ ਹੋਈ ਹੈ। ਪਿੰਡਾਂ ਦੇ ਲੋਕਾਂ ਨੇ ਦੋਸ਼ ਲਾਇਆ ਕਿ 3 ਸਾਲ ਦੇ ਕਰੀਬ ਤੋਂ ਸੜਕ ਬਣਾਉਣ ਦੇ ਲਗਾਤਾਰ ਭਰੋਸੇ ਦਿੱਤੇ ਜਾ ਰਹੇ ਹਨ, ਪਰ ਅਜੇ ਤੱਕ ਜ਼ਮੀਨੀ ਪੱਧਰ ’ਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ। Patiala News
ਧਰਨਾਕਾਰੀਆਂ ਮੁਤਾਬਕ ਸੜਕ ਨੂੰ ਬਣਾਉਣ ਲਈ ਪ੍ਰਾਜੈਕਟ ਪਾਸ ਹੋਏ ਨੂੰ ਵੀ ਲਗਭਗ 1 ਸਾਲ ਹੋ ਚੁੱਕਿਆ ਹੈ, ਪਰ ਇਸ ਦੇ ਬਾਵਜੂਦ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਕਿਯੂ ਕਿਰਤੀ, ਭਾਕਿਯੂ ਆਜ਼ਾਦ ਸਮੇਤ ਹੋਰ ਕਿਸਾਨ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸੜਕ ਬਣਾਉਣ ਦਾ ਕੰਮ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। Patiala News
ਇਹ ਵੀ ਪੜ੍ਹੋ ; Panchayat Election 2026: 4 ਤੋਂ 15 ਨਵੰਬਰ ਤੱਕ ਸਕੂਲਾਂ ’ਚ ਦੀਵਾਲੀ ਦੀਆਂ ਛੁੱਟੀਆਂ, ਪਰ ਚੋਣਾਂ ’ਚ ਡਿਊਟੀਆਂ ਲੱਗਣ ਕਾਰਨ ਅਧਿਆਪਕ ਚਿੰਤਾ ’ਚ