Blood Donation Camp: ਥੈਲੇਸੀਮੀਆ ਪੀੜਤ ਬੱਚਿਆਂ ਤੇ ਲੋੜਵੰਦ ਮਰੀਜ਼ਾਂ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦਾ ਉਪਰਾਲਾ, 43 ਯੂਨਿਟ ਖੂਨਦਾਨ
ਸਿਵਲ ਹਸਪਤਾਲ ਲੁਧਿਆਣਾ ਵਿਖੇ ਲਾਇਆ ਖੂਨਦਾਨ ਕੈਂਪ, ਸੇਵਾਦਾਰਾਂ ਨੇ ਉਤਸ਼ਾਹ ਨਾਲ ਕੀਤਾ ਖੂਨਦਾਨ
ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ/ਰਘਵੀਰ ਸਿੰਘ)। ਮਨੁੱਖਤਾ ਦੀ ਸੇਵਾ ਤੇ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਇਸ ਕੈਂਪ ਦੌਰਾਨ ਕਮੇਟੀ ਦੇ ਸੇਵਾਦਾਰਾਂ ਵੱਲੋਂ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦਿਆਂ ਕੁੱਲ 43 ਯੂਨਿਟ ਖੂਨਦਾਨ ਕੀਤਾ ਗਿਆ।
ਕੈਂਪ ਦਾ ਮੁੱਖ ਉਦੇਸ਼ ਥੈਲੇਸੀਮੀਆ ਪੀੜਤ ਬੱਚਿਆਂ ਸਮੇਤ ਹੋਰ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲੱਬਧਤਾ ਯਕੀਨੀ ਬਣਾਉਣਾ ਸੀ। ਕੈਂਪ ਦੌਰਾਨ ਸੇਵਾਦਾਰਾਂ ਨੇ ਪੂਰੀ ਸੇਵਾ ਭਾਵਨਾ ਨਾਲ ਖੂਨਦਾਨ ਕੀਤਾ। ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਖੂਨਦਾਨ ਅਜਿਹਾ ਮਹਾਨ ਕਾਰਜ ਹੈ, ਜਿਸ ਦਾ ਕੋਈ ਬਦਲ ਨਹੀਂ ਹੈ। ਕਿਸੇ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਖੂਨ ਮਿਲਣਾ ਉਸ ਲਈ ਨਵੀਂ ਜ਼ਿੰਦਗੀ ਦੀ ਉਮੀਦ ਬਣ ਸਕਦਾ ਹੈ।
ਖ਼ਾਸ ਕਰਕੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਨਿਯਮਤ ਤੌਰ ’ਤੇ ਖੂਨ ਦੀ ਲੋੜ ਪੈਂਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸੁਸਾਇਟੀ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਇਸ ਮੌਕੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਖੂਨਦਾਨ ਕੈਂਪ ਲਗਾਉਣ ਲਈ ਕਮੇਟੀ ਦੇ ਸੇਵਾਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਡਾਕਟਰਾਂ ਨੇ ਕਿਹਾ ਕਿ ਖੂਨ ਦੀ ਲੋੜ ਸਿਰਫ਼ ਪਹਿਲਾਂ ਤੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਕਈ ਵਾਰ ਐਮਰਜੈਂਸੀ ਹਾਲਾਤ ਵਿੱਚ ਵੀ ਪੈਦਾ ਹੋ ਜਾਂਦੀ ਹੈ। ਅਜਿਹੇ ਸਮੇਂ ਖੂਨਦਾਨੀਆਂ ਦਾ ਤੁਰੰਤ ਉਪਲੱਬਧ ਹੋਣਾ ਮਰੀਜ਼ਾਂ ਲਈ ਬੇਹੱਦ ਸਹਾਇਕ ਸਾਬਤ ਹੁੰਦਾ ਹੈ।
ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਸਿਵਲ ਹਸਪਤਾਲ ਨਾਲ ਲਗਾਤਾਰ ਤਾਲਮੇਲ ਰੱਖਦਿਆਂ ਖੂਨ ਦੀ ਲੋੜ ਸਮੇਂ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਮੌਜੂਦਾ ਸਾਲ ਦੌਰਾਨ ਸੇਵਾਦਾਰਾਂ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਗਾਇਆ ਗਿਆ ਇਹ ਲੱਗਭੱਗ ਤੀਜਾ ਖੂਨਦਾਨ ਕੈਂਪ ਹੈ। ਕਮੇਟੀ ਦੇ ਇਸ ਉਪਰਾਲੇ ਰਾਹੀਂ ਜਿੱਥੇ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਸਮਾਜ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ।
ਡਾਕਟਰ ਨੇ ਕੀਤੀ ਸੇਵਾਦਾਰਾਂ ਦੇ ਜਜ਼ਬੇ ਦੀ ਸ਼ਲਾਘਾ

ਸਿਵਲ ਹਸਪਤਾਲ ਦੇ ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਹਸਪਤਾਲ ’ਚ ਖੂਨ ਦੀ ਲੋੜ ਪੈਂਦੀ ਹੈ ਤੇ ਸੇਵਾਦਾਰਾਂ ਨੂੰ ਫੋਨ ਜਾਂ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਤੁਰੰਤ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੇਵਾਦਾਰ ਸਿਰਫ਼ ਖੂਨਦਾਨ ਕੈਂਪ ਲਗਾਉਣ ਤੱਕ ਹੀ ਸੀਮਤ ਨਹੀਂ ਹਨ।
ਸਗੋਂ ਐਮਰਜੈਂਸੀ ਸਮੇਂ ਵੀ ਖੂਨਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਾਲ ਦੌਰਾਨ ਸੇਵਾਦਾਰਾਂ ਵੱਲੋਂ ਸਿਵਲ ਹਸਪਤਾਲ ਵਿਖੇ ਲੱਗਭੱਗ ਤੀਜਾ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਇਨ੍ਹਾਂ ਸੇਵਾਦਾਰਾਂ ਦੇ ਸਹਿਯੋਗ ਲਈ ਧੰਨਵਾਦੀ ਹੈ। ਜਦੋਂ ਵੀ ਮਰੀਜ਼ਾਂ ਨੂੰ ਖੂਨ ਦੀ ਐਮਰਜੈਂਸੀ ਲੋੜ ਹੁੰਦੀ ਹੈ ਤਾਂ ਇਨ੍ਹਾਂ ਦਾ ਤੁਰੰਤ ਸਹਿਯੋਗ ਮਿਲਣਾ ਬਹੁਤ ਮਹੱਤਵਪੂਰਨ ਹੁੰਦਾ ਹੈ।
ਇਹ ਵੀ ਪੜ੍ਹੋ : Punjab Assembly Elections 2027: ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
Comments